
ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਅੰਦਰ ਇੱਕ ਨਵਾਂ ਬਾਲਰੂਮ ਬਣਾਉਣ ਬਾਰੇ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਉਹ ਬਾਲਰੂਮ ਬਣਾਉਣ ਲਈ ਫੰਡ ਵੀ ਦੇਣਗੇ। ਟਰੰਪ ਨੇ ਟਰੂਥ ਸੋਸ਼ਲ ਰਾਹੀਂ ਲਿਖਿਆ ਕਿ ਇਸ ਤਰ੍ਹਾਂ ਦੇ ਨਿਰਮਾਣ ਦੀ ‘150 ਸਾਲਾਂ ਤੋਂ’ ਲੋੜ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਰਾਸ਼ਟਰਪਤੀਆਂ ਕੋਲ ਅਜਿਹੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਢੁਕਵੇਂ ਤਜਰਬੇ ਦੀ ਘਾਟ ਸੀ।
ਟਰੰਪ ਨੇ ਬਾਲਰੂਮ ਬਾਰੇ ਕਿਹਾ,‘ਪਰ ਮੈਂ ਅਜਿਹਾ ਕਰਨ ਜਾ ਰਿਹਾ ਹਾਂ, ਸ਼ਾਇਦ ਕਿਸੇ ਹੋਰ ਵਾਂਗ ਨਹੀਂ ਅਤੇ ਇਹ ਤੇਜ਼ੀ ਨਾਲ ਬਣੇਗਾ ਅਤੇ ਸ਼ਾਨਦਾਰ ਨਿਰਮਾਣ ਹੋਵੇਗਾ ਜੋ ਕਿ ਵ੍ਹਾਈਟ ਹਾਊਸ ਦੇ ਅੰਦਰ ਇੱਕ ਸ਼ਾਨਦਾਰ ਮਾਹੌਲ ਬਣਾਏਗਾ’। ਟਰੰਪ ਮੁਤਾਬਕ,‘ਇਹ ਉਹ ‘ਮਜ਼ੇਦਾਰ’ ਪ੍ਰੋਜੈਕਟ ਹਨ ਜੋ ਮੈਂ ਵਿਸ਼ਵ ਅਰਥਵਿਵਸਥਾ ਸੰਯੁਕਤ ਰਾਜ, ਚੀਨ, ਰੂਸ ਅਤੇ ਹੋਰ ਬਹੁਤ ਸਾਰੇ ਦੇਸ਼ਾਂ, ਥਾਵਾਂ ਅਤੇ ਸਮਾਗਮਾਂ ਬਾਰੇ ਸੋਚਦੇ ਹੋਏ ਕਰਦਾ ਹਾਂ।’
ਟਰੰਪ ਨੇ ਮਈ ਵਿੱਚ ਐਨ.ਬੀ.ਸੀ ਨਿਊਜ਼ ਨੂੰ ਦੱਸਿਆ ਸੀ ਕਿ ਉਸਨੇ ਆਪਣੀ ਮਾਰ-ਏ-ਲਾਗੋ ਅਸਟੇਟ ਦੇ ਸਮਾਨ ਇੱਕ ਬਾਲਰੂਮ ਬਣਾਉਣ ਦੀ ਯੋਜਨਾ ਬਣਾਈ ਹੈ। ਟਰੰਪ ਨੇ ਕਿਹਾ,‘ਅਸੀਂ ਇੱਕ ਬਾਲਰੂਮ ਬਣਾਉਣ ਜਾ ਰਹੇ ਹਾਂ ਜੋ ਉਹ ਵ੍ਹਾਈਟ ਹਾਊਸ ਵਿੱਚ ਸ਼ਾਇਦ ਸੌ ਸਾਲਾਂ ਤੋਂ ਚਾਹੁੰਦੇ ਸਨ।’ ਉਨ੍ਹਾਂ ਕਿਹਾ, ‘ਇਹ ਇੱਕ ਵਿਸ਼ਵ ਪੱਧਰੀ ਸੁੰਦਰ ਬਾਲਰੂਮ ਹੋਵੇਗਾ।’ ਵ੍ਹਾਈਟ ਹਾਊਸ ਆਮ ਤੌਰ ’ਤੇ ਆਪਣੇ ਈਸਟ ਰੂਮ ਨੂੰ ਡਾਂਸ, ਰਿਸੈਪਸ਼ਨ ਅਤੇ ਦਾਅਵਤ ਲਈ ਵਰਤਦਾ ਹੈ। ਟਰੰਪ ਨੇ ਮਾਰਚ ਵਿੱਚ ਈਸਟ ਰੂਮ ਵਿੱਚ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਦੌਰਾਨ ਟਿੱਪਣੀ ਕੀਤੀ ਸੀ ਕਿ ਕਮਰਾ ‘ਵਧੀਆ ਨਹੀਂ’ ਸੀ ਅਤੇ ‘ਅਸੀਂ ਇੱਕ ਵੱਡਾ ਕਮਰਾ ਵਰਤ ਸਕਦੇ ਹਾਂ।’ ਉਸਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਪ੍ਰੋਜੈਕਟ ਦੀ ਲਾਗਤ 100 ਮਿਲੀਅਨ ਡਾਲਰ ਤੱਕ ਹੋ ਸਕਦੀ ਹੈ। ਵ੍ਹਾਈਟ ਹਾਊਸ ਵਿੱਚ ਸਥਾਪਤ ਕਰਨ ਲਈ ਦੋ 100-ਫੁੱਟ ਫਲੈਗ ਪੋਲ ਖਰੀਦਣ ਦੇ ਫੈਸਲੇ ਤੋਂ ਬਾਅਦ ਇਹ ਟਰੰਪ ਦਾ ਦੂਜਾ ਜਨੂੰਨ ਪ੍ਰੋਜੈਕਟ ਹੈ।