
ਬੈਂਕਾਕ/ਏ.ਟੀ.ਨਿਊਜ਼:
ਚੀਨ ਨੇ ਦੋਸ਼ ਲਾਇਆ ਕਿ ਅਮਰੀਕਾ ਟੈਕਸ ਲਗਾ ਕੇ ਮਨਮਾਨੀ ਕਰ ਰਿਹਾ ਹੈ ਜੋ ਆਰਥਿਕ ਧੱਕੇਸ਼ਾਹੀ ਹੈ। ਉਸ ਨੇ ਟੈਸਲਾ ਸਮੇਤ ਅਮਰੀਕੀ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਟੈਕਸ ਮਾਮਲੇ ਦੇ ਹੱਲ ਲਈ ਪੁਖ਼ਤਾ ਕਦਮ ਚੁੱਕਣ ਲਈ ਕਿਹਾ। ਵਿਦੇਸ਼ ਮਾਮਲਿਆਂ ਦੇ ਤਰਜਮਾਨ ਲਿਨ ਜਿਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਮਾਂਤਰੀ ਨੇਮਾਂ ਦੀ ਥਾਂ ’ਤੇ ਅਮਰੀਕਾ ਨੂੰ ਤਰਜੀਹ ਦੇਣ ਨਾਲ ਆਲਮੀ ਉਤਪਾਦਨ ਅਤੇ ਸਪਲਾਈ ਚੇਨ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦੁਨੀਆਂ ਦੀ ਆਰਥਿਕ ਸਿਹਤ ’ਤੇ ਗੰਭੀਰ ਅਸਰ ਪੈਂਦਾ ਹੈ। ਪਿਛਲੇ ਹਫ਼ਤੇ ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਵਾਧੂ ਟੈਕਸ ਦੇ ਜਵਾਬ ’ਚ ਅਮਰੀਕੀ ਵਸਤਾਂ ’ਤੇ ਜਵਾਬੀ 34 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਕਮਿਊਨਿਸਟ ਪਾਰਟੀ ਦੇ ਸਰਕਾਰੀ ਪਰਚੇ ‘ਪੀਪਲਜ਼ ਡੇਲੀ’ ਨੇ ਸਖ਼ਤ ਸ਼ਬਦਾਂ ’ਚ ਵਿਚਾਰ ਪ੍ਰਗਟਾਉਂਦਿਆਂ ਕਿਹਾ, ‘ਭਾਵੇਂ ਅਮਰੀਕੀ ਟੈਕਸਾਂ ਦਾ ਅਸਰ ਪੈਂਦਾ ਹੋਵੇ ਪਰ ਆਸਮਾਨ ਨਹੀਂ ਡਿੱਗੇਗਾ। ਅਮਰੀਕੀ ਟੈਕਸਾਂ ਦੇ ਅੰਨ੍ਹੇਵਾਹ ਹਮਲਿਆਂ ਦਾ ਸਾਹਮਣਾ ਕਰਦਿਆਂ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਸਾਡੇ ਕੋਲ ਸਾਧਨ ਹਨ।’’ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਚੀਨੀ ਆਗੂ ਸ਼ੀ ਜਿਨਪਿੰਗ ਟੈਕਸਾਂ ਦੇ ਮੁੱਦੇ ’ਤੇ ਗੱਲਬਾਤ ਲਈ ਟਰੰਪ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਲਿਨ ਨੇ ਸੰਭਾਵੀ ਮੁਲਾਕਾਤ ਸਬੰਧੀ ਪੁੱਛੇ ਗਏ ਸਵਾਲ ’ਤੇ ਕਿਹਾ ਕਿ ਇਸ ਦਾ ਜਵਾਬ ਹੋਰ ਵਿਭਾਗ ਨਾਲ ਮੀਟਿੰਗ ਕਰਕੇ ਦਿੱਤਾ ਜਾਵੇਗਾ। ਲਿਨ ਨੇ ਕਿਹਾ ਕਿ ਦਬਾਅ ਅਤੇ ਧਮਕੀਆਂ ਰਾਹੀਂ ਚੀਨ ਨਾਲ ਨਹੀਂ ਸਿੱਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੇ ਜਾਇਜ਼ ਹੱਕਾਂ ਅਤੇ ਹਿੱਤਾਂ ਦੀ ਡਟ ਕੇ ਪੈਰਵੀ ਕਰੇਗਾ। ਬੀਤੇ ਹਫ਼ਤੇ ਚੀਨੀ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਟੈਸਲਾ, ਜੀ.ਈ. ਹੈਲਥਕੇਅਰ ਅਤੇ ਹੋਰ ਕੰਪਨੀਆਂ ਦੇ ਅਮਰੀਕੀ ਕਾਰੋਬਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਵਣਜ ਮਾਮਲਿਆਂ ਬਾਰੇ ਉਪ ਮੰਤਰੀ ਲਿੰਗ ਜੀ ਨੇ 20 ਅਮਰੀਕੀ ਕੰਪਨੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਟੈਕਸ ਸਮੱਸਿਆ ਦੀ ਜੜ ਅਮਰੀਕਾ ’ਚ ਹੈ।