ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੇਰ ਕਾਊਂਟੀ, ਟੈਕਸਾਸ ਵਿੱਚ ਆਏ ਹੜ੍ਹ ਵਿੱਚ ਲਾਪਤਾ ਵਿਅਕਤੀਆਂ ਦੀ ਗਿਣਤੀ 97 ਤੋਂ ਘਟ ਕੇ 3 ਰਹਿ ਗਈ ਹੈ। ਕੇਰਵਿਲੇ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਾਨਕ ਤੇ ਰਾਜ ਦੀਆਂ ਏਜੰਸੀਆਂ ਵੱਲੋਂ ਲਾਪਤਾ ਵਿਅਕਤੀਆਂ ਦਾ ਪਤਾ ਲਾਉਣ ਲਈ ਕੀਤੇ ਗਏ ਯਤਨਾਂ ਸਦਕਾ ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਜੋ ਸ਼ੁਰੂ ਵਿੱਚ ਲਾਪਤਾ ਸਨ, ਉਹ ਠੀਕ ਠਾਕ ਹਨ ਇਸ ਲਈ ਉਨ੍ਹਾਂ ਨੂੰ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ। ਭਾਰੀ ਬਾਰਿਸ਼ ਕਾਰਨ 4 ਜੁਲਾਈ ਨੂੰ ਆਏ ਅਚਾਨਕ ਹੜ੍ਹ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 135 ਤੱਕ ਪੁੱਜ ਗਈ ਹੈ। ਹੜ੍ਹ ਕਾਰਨ ਕੇਂਦਰੀ ਟੈਕਸਾਸ ਵਿੱਚ ਗੁਆਡਾਲੂਪ ਦਰਿਆ ਦੇ ਨਾਲ ਰਹਿੰਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਥੇ ਛੋਟੀਆਂ ਬੱਚੀਆਂ ਦਾ ਲੱਗਾ ਗਰਮ ਰੁੱਤ ਦਾ ਕੈਂਪ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਤੇ 30 ਤੋਂ ਵੱਧ ਬੱਚੀਆਂ ਮਾਰੀਆਂ ਗਈਆਂ ਸਨ। ਕੇਰਵਿਲੇ ਪੁਲਿਸ ਵਿਭਾਗ ਦੇ ਸੂਚਨਾ ਅਫ਼ਸਰ ਜੋਨਾਥਨ ਲੈਂਬ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਲਾਪਤਾ ਵਿਅਕਤੀਆਂ ਦੇ ਨਵੇਂ ਅੰਕੜੇ ਤੋਂ ਕੁਝ ਰਾਹਤ ਮਿਲੀ ਹੈ।