ਟੈਕਸਾਸ ਵਿੱਚ ਫ਼ਿਰ ਆਇਆ ਹੜ੍ਹ, ਬਚਾਅ ਕਾਰਜ ਜੰਗੀ ਪੱਧਰ ’ਤੇ

In ਅਮਰੀਕਾ
July 16, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੁਝ ਦਿਨ ਪਹਿਲਾਂ ਕੇਂਦਰੀ ਟੈਕਸਾਸ ਵਿੱਚ ਆਏ ਭਿਆਨਕ ਹੜ੍ਹ ਦੀ ਯਾਦ ਅਜੇ ਤਾਜ਼ਾ ਹੀ ਹੈ ਕਿ ਹੋਈ ਭਾਰੀ ਬਾਰਿਸ਼ ਕਾਰਨ ਉਥੇ ਫ਼ਿਰ ਹੜ੍ਹ ਆ ਗਿਆ ਹੈ। ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਕਿਹਾ ਹੈ ਕਿ ਸੈਨ ਸਾਬਾ, ਲੈਮਪਾਸਸ ਤੇ ਸ਼ਲੀਚੇਰ ਕਾਊਂਟੀਆਂ ਵਿੱਚ ਬਚਾਅ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਭੇਜਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਐਕਸ ੳੁੱਪਰ ਪਾਈ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਹੈ ਕਿ ਸਾਰੀਆਂ ਪ੍ਰਭਾਵਿਤ ਕਾਊਂਟੀਆਂ ਵਿੱਚ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਜਦ ਕਿ ਕੈਰਵਿਲੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ੳੁੱਪਰ ਨਜ਼ਰ ਰੱਖੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਦੇ ਵਧ ਸਮੇਂ ਤੋਂ ਪਹਿਲਾਂ ਕੇਂਦਰੀ ਟੈਕਸਾਸ ਵਿੱਚ ਆਏ ਹੜ੍ਹ ਵਿੱਚ 120 ਤੋਂ ਵਧ ਮੌਤਾਂ ਹੋਈਆਂ ਸਨ ਤੇ ਗਰਮ ਰੁੱਤ ਦਾ ਲੱਗਾ ਛੋਟੀਆਂ ਬੱਚੀਆਂ ਦਾ ਕੈਂਪ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। 30 ਤੋਂ ਵਧ ਬੱਚੀਆਂ ਮਾਰੀਆਂ ਗਈਆਂ ਸਨ ਜਦ ਕਿ ਅਜੇ ਕੁਝ ਲਾਪਤਾ ਹਨ ਜਿਨ੍ਹਾਂ ਦੇ ਬਚੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸੇ ਦੌਰਾਨ ਕੌਮੀ ਮੌਸਮ ਸੇਵਾ ਨੇ ਭਾਰੀ ਬਾਰਿਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ 2 ਤੋਂ 4 ਇੰਚ ਤੱਕ ਬਾਰਿਸ਼ ਹੋ ਸਕਦੀ ਹੈ ਜਦ ਕਿ ਕੁਝ ਚੋਣਵੇਂ ਖੇਤਰਾਂ ਵਿੱਚ 9 ਤੋਂ 12 ਇੰਚ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਅਚਾਨਕ ਹੜ੍ਹ ਆ ਜਾਣ ਦਾ ਖਤਰਾ ਹੈ।

Loading