
ਪ੍ਰਿੰਸੀਪਲ ਸਰਵਣ ਸਿੰਘ
ਜਰਮਨੀ ਦੀ ਜੰਮਪਲ ਸਟੈਫ਼ੀ ਗ੍ਰਾਫ਼ ਟੈਨਿਸ ਦੀ ਮਲਿਕਾ ਮੰਨੀ ਜਾਂਦੀ ਰਹੀ ਹੈ। ਟੈਨਿਸ ਦੇ ਅੰਬਰ ਵਿੱਚ ਉਹਦਾ ਨਾਂ ਧਰੂ ਤਾਰੇ ਵਾਂਗ ਲਿਸ਼ਕਦਾ ਰਹੇਗਾ। ਉਸ ਨੇ ਟੈਨਿਸ ਦੇ ਸਾਰੇ ਗਰੈਂਡ ਸਲਾਮ ਟੂਰਨਾਮੈਂਟ ਜਿੱਤੇ ਤੇ ਦੋ ਉਲੰਪਿਕ ਖੇਡਾਂ ’ਚੋਂ ਸੋਨੇ, ਚਾਂਦੀ ਤੇ ਕਾਂਸੀ ਦੇ ਤਿੰਨ ਮੈਡਲ ਹਾਸਲ ਕੀਤੇ। ਉਸ ਦੀ ਇਨਾਮੀ ਰਾਸ਼ੀ 2 ਕਰੋੜ ਡਾਲਰਾਂ ਤੋਂ ਟੱਪ ਗਈ ਸੀ ਅਤੇ ਮਾਨ ਸਨਮਾਨਾਂ ਦਾ ਕੋਈ ਅੰਤ ਨਹੀਂ ਰਿਹਾ। ਉਸ ਨੂੰ ਗੁੜਤੀ ਹੀ ਟੈਨਿਸ ਦੀ ਮਿਲੀ ਸੀ। ਉਸ ਦਾ ਪਿਤਾ ਪੀਟਰ ਗ੍ਰਾਫ਼ ਖ਼ੁਦ ਟੈਨਿਸ ਦਾ ਤਕੜਾ ਖਿਡਾਰੀ ਸੀ ਤੇ ਉਹੀ ਆਪਣੀ ਧੀ ਦਾ ਪਹਿਲਾ ਕੋਚ ਬਣਿਆ।
ਸਟੈਫ਼ੀ ਨੇ ਤਿੰਨ ਸਾਲ ਦੀ ਉਮਰੇ ਰੈਕੇਟ ਫ਼ੜਨਾ ਸਿੱਖ ਲਿਆ ਸੀ ਤੇ ਚੌਥੇ ਸਾਲ ਟੈਨਿਸ ਖੇਡਣ ਲੱਗ ਪਈ ਸੀ। ਫ਼ਿਰ ਉਸ ਨੇ ਏਨੀ ਮਿਹਨਤ ਕੀਤੀ, ਐਨਾ ਮੁੜਕਾ ਵਹਾਇਆ, ਏਨਾ ਸਿਦਕ ਤੇ ਸਿਰੜ ਪਾਲਿਆ ਕਿ 13 ਸਾਲ ਦੀ ਅੱਲ੍ਹੜ ਉਮਰ ਤੋਂ ਹੀ ਟੈਨਿਸ ਦੇ ਟੂਰਨਾਮੈਂਟ ਜਿੱਤਦੀ ਵੀਹਵੀਂ ਸਦੀ ਦੀ ਸਭ ਤੋਂ ਤਕੜੀ ਟੈਨਿਸ ਖਿਡਾਰਨ ਐਲਾਨੀ ਗਈ। ਉਸ ਨੂੰ ਵਿਸ਼ਵ ਪੱਧਰ ਦਾ ਹਰ ਮਾਨ ਸਨਮਾਨ ਮਿਲਿਆ। ਉਸ ਦਾ ਖੇਡ ਕਰੀਅਰ ਨਵੇਂ ਖਿਡਾਰੀਆਂ ਲਈ ਰਾਹ ਦਸੇਰਾ ਤੇ ਖੇਡਾਂ ਦੀ ਦੁਨੀਆ ਲਈ ਚਾਨਣ ਮੁਨਾਰਾ ਹੈ।
ਖੇਡ ਪ੍ਰਤਿਭਾ ਨਾਲ ਰੱਬ ਨੇ ਉਸ ਨੂੰ ਰੰਗ ਰੂਪ ਵੀ ਰੱਜ ਕੇ ਦਿੱਤਾ। ਉਸ ਦਾ ਕੱਦ 5 ਫ਼ੁੱਟ 9 ਇੰਚ ਹੈ। ਨੱਕ ਤਿੱਖਾ, ਧੌਣ ਲੰਮੀ, ਅੱਖਾਂ ਬਿੱਲੀਆਂ, ਵਾਲ ਭੂਰੇ ਤੇ ਜੁੱਸਾ ਸਡੌਲ ਹੈ। ਸਰਗਰਮ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਉਹ ਆਪਣੀ ਮਾਂ, ਭਰਾ, ਪਤੀ, ਪੁੱਤਰ ਤੇ ਧੀ ਨਾਲ ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿੱਚ ਪੂਰੇ ਪਰਿਵਾਰ ਨਾਲ ਸੁਖੀ ਵਸਦੀ ਹੈ। ਉਸ ਦਾ ਪਤੀ ਆਂਦਰੇ ਅਗਾਸੀ ਵੀ ਟੈਨਿਸ ਦਾ ਸਟਾਰ ਖਿਡਾਰੀ ਰਿਹਾ ਹੈ।
ਸਟੈਫ਼ੀ ਦਾ ਪੂਰਾ ਨਾਂ ਸਟੈਫ਼ਾਨੀ ਮਾਰੀਆ ਗ੍ਰਾਫ਼ ਹੈ। ਉਸ ਦਾ ਜਨਮ 14 ਜੂਨ 1969 ਨੂੰ ਪੱਛਮੀ ਜਰਮਨੀ ਦੇ ਸ਼ਹਿਰ ਮਨਹਾਈਮ ਨੇੜੇ ਬਰੂਹਲ ਵਿੱਚ ਟੈਨਿਸ ਖਿਡਾਰੀ ਪੀਟਰ ਗ੍ਰਾਫ਼ ਦੇ ਘਰ ਹੋਇਆ ਸੀ। ਉਹਦਾ ਪਿਤਾ ਖ਼ੁਦ ਖਿਡਾਰੀ ਰਿਹਾ ਸੀ ਤੇ ਫ਼ਿਰ ਸਟੈਫ਼ੀ ਦੇ ਚੰਗੇ ਭਾਗਾਂ ਨੂੰ ਟੈਨਿਸ ਦਾ ਕੋਚ ਬਣ ਗਿਆ ਸੀ। ਉਸ ਨੇ ਆਪਣੀ ਧੀ ਨੂੰ ਟੈਨਿਸ ਦੀ ਖਿਡਾਰਨ ਬਣਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਸਟੈਫ਼ੀ ਨੂੰ ਗੇਂਦ ਤੇ ਛੋਟਾ ਰੈਕੇਟ ਪਹਿਲੇ ਖਿਡਾਉਣੇ ਦੇ ਰੂਪ ਵਿੱਚ ਮਿਲੇ ਸਨ।
ਸਟੈਫ਼ੀ ਸਿਰਫ਼ ਚਾਰ ਸਾਲ ਦੀ ਹੋਈ ਸੀ ਕਿ ਪਿਤਾ ਨਾਲ ਟੈਨਿਸ ਖੇਡਣ ਲੱਗ ਪਈ ਸੀ। 13 ਸਾਲ ਦੀ ਹੋਈ ਤਾਂ ਪੇਸ਼ੇਵਰ ਖਿਡਾਰਨ ਵਜੋਂ ਟੈਨਿਸ ਦੇ ਟੂਰਨਾਮੈਂਟਾਂ ਵਿੱਚ ਭਾਗ ਲੈਣ ਲੱਗ ਪਈ। ਉਸ ਨੇ ਪਹਿਲਾ ਪੇਸ਼ੇਵਰਾਨਾ ਮੈਚ 1982 ਵਿੱਚ ਖੇਡਿਆ। ਉਦੋਂ ਤੋਂ ਉਹਦੀਆਂ ਜਿੱਤਾਂ ਦਾ ਐਸਾ ਦੌਰ ਸ਼ੁਰੂ ਹੋਇਆ ਕਿ ਉਹ 1987 ਵਿੱਚ ਫ਼ਰੈਂਚ ਓਪਨ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਗਈ। ਉਸੇ ਸਾਲ ਉਹ ਵਿਸ਼ਵ ਦੀ ਸਰਬੋਤਮ ਟੈਨਿਸ ਖਿਡਾਰਨ ਐਲਾਨੀ ਗਈ। ਫ਼ਿਰ ਤਾਂ ਐਸੀ ਚੱਲ ਸੋ ਚੱਲ ਹੋਈ ਕਿ ਆਏ ਦਿਨ ਉਸ ਨੂੰ ਜਿੱਤਾਂ ’ਤੇ ਜਿੱਤਾਂ ਨਸੀਬ ਹੋਣ ਲੱਗੀਆਂ। ਉਹ ਵਿਸ਼ਵ ਦੀ ਟੈਨਿਸ ਮਲਿਕਾ ਕਹੀ ਜਾਣ ਲੱਗੀ। ਜਿੱਧਰ ਵੀ ਜਾਂਦੀ ਹੱਥੀਂ ਛਾਵਾਂ ਹੁੰਦੀਆਂ। ਫ਼ਰੈਂਚ ਓਪਨ ਦਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਪਿੱਛੋਂ ਉਹ ਵਿਸ਼ਵ ਦੀ ਨੰਬਰ 1 ਖਿਡਾਰਨ ਬਣਨ ਦਾ ਖ਼ਿਤਾਬ ਵੀ ਹਾਸਲ ਕਰ ਗਈ।
1988 ਵਿੱਚ ਸਟੈਫ਼ੀ ਗ੍ਰਾਫ਼ ਨੇ ਉਹ ਮਾਅਰਕਾ ਮਾਰਿਆ ਜੋ ਉਸ ਤੋਂ ਪਹਿਲਾਂ ਕਿਸੇ ਤੋਂ ਨਹੀਂ ਸੀ ਵੱਜਾ। ਉਸ ਨੂੰ ਕਹਿੰਦੇ ਹਨ: ਕੈਲੰਡਰ ਗ੍ਰੈਂਡ ਸਲੈਮ। ਉਸ ਵਿੱਚ ਵਿਸ਼ਵ ਭਰ ਦੇ ਵੱਡੇ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ, ਫ਼੍ਰੈਂਚ ਓਪਨ, ਵਿੰਬਲਡਨ ਤੇ ਯੂ ਐੱਸ ਓਪਨ ਆਦਿ, ਉਹ ਸਾਰੇ ਗਰੈਂਡ ਸਲੈਮ ਉਸ ਨੇ ਜਿੱਤੇ। ਨਾਲ ਲੋਹੜਾ ਇਹ ਮਾਰਿਆ ਕਿ 1988 ਦੀਆਂ ਉਲੰਪਿਕ ਖੇਡਾਂ ’ਚੋਂ ਇੱਕ ਗੋਲਡ ਤੇ ਇੱਕ ਕਾਂਸੀ ਦਾ ਮੈਡਲ ਵੀ ਜਿੱਤੇ। ਇਹ ਇੱਕ ਸਾਧਾਰਨ ਪਰਿਵਾਰ ਵਿੱਚ ਜੰਮੀ ਪਲੀ ਲੜਕੀ ਦੀ ਪ੍ਰਾਪਤੀ ਸੀ ਨਾ ਕਿ ਸੋਨੇ ਦੇ ਚਮਚੇ ਨਾਲ ਗੁੜਤੀ ਲੈ ਕੇ ਜੰਮੀ ਕਿਸੇ ਅਮੀਰਜ਼ਾਦੀ ਦੀ। ਆਲੇ ਭੋਲੇ ਬਚਪਨ ਤੋਂ ਲੈ ਕੇ ਉਸ ਨੇ ਟੈਨਿਸ ਦੀ ਲੰਮੀ, ਥਕਾਉਣ ਵਾਲੀ ਪਰ ਉਤਸ਼ਾਹ ਭਰੀ ਜੰਗ ਲੜੀ ਸੀ। ਉਹ ਘਰੋਂ ਸਿੱਧੀ ਹਵਾਈ ਅੱਡਿਆਂ ’ਤੇ ਜਾਂਦੀ, ਜਹਾਜ਼ਾਂ ’ਤੇ ਚੜ੍ਹਦੀ ਉਤਰਦੀ, ਸਿੱਧੀ ਟੈਨਿਸ ਦੇ ਮੈਦਾਨਾਂ ’ਚ ਪਹੁੰਚਦੀ ਤੇ ਪ੍ਰੈਕਟਿਸ ਕਰ ਕੇ ਜਾਂ ਟੂਰਨਾਮੈਂਟ ਖੇਡ ਕੇ ਸਿੱਧੀ ਘਰ ਮੁੜਦੀ। ਉਸ ਕੋਲ ਕੋਈ ਵਕਤ ਨਹੀਂ ਜੋ ਫ਼ਜ਼ੂਲ ਗੱਲਾਂ ’ਚ ਗੁਆਇਆ ਜਾਵੇ।
13 ਸਾਲ ਦੀ ਅੱਲ੍ਹੜ ਉਮਰ ’ਚ ਉਸ ਨੇ ਪਹਿਲਾ ਪੇਸ਼ੇਵਰ ਮੈਚ ਖੇਡਿਆ, 18 ਸਾਲ ਦੀ ਉਮਰੇ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ, ਉਸੇ ਸਾਲ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਐਲਾਨੀ ਗਈ, 19ਵੇਂ ਸਾਲ ਦੀ ਉਮਰੇ ਮਹਾਨ ਪ੍ਰਾਪਤੀ ਕੈਲੰਡਰ ਸਲੈਮ ਜਿੱਤਣ ਦੀ ਹੋਈ ਜਿਸ ਨੂੰ ‘ਗੋਲਡਨ ਸਲੈਮ’ ਵੀ ਕਿਹਾ ਜਾਂਦਾ ਹੈ। ਸਿਓਲ ਦੀਆਂ ਉਲੰਪਿਕ ਖੇਡਾਂ ’ਚ ਸਿੰਗਲਜ਼ ਦਾ ਗੋਲਡ ਤੇ ਡਬਲਜ਼ ਦਾ ਕਾਂਸੀ ਦਾ ਮੈਡਲ ਜਿੱਤ ਕੇ ਉਸ ਨੇ ਪੱਛਮੀ ਜਰਮਨੀ ਦਾ ਮਾਣ ਵਧਾਇਆ। ਫ਼ਿਰ ਬਰਲਿਨ ਦੀ ਦੀਵਾਰ ਢਾਹ ਕੇ ਈਸਟ ਜਰਮਨੀ ਤੇ ਵੈਸਟ ਜਰਮਨੀ ਇਕੱਠੇ ਹੋਏ ਤਾਂ 1992 ਵਿੱਚ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ’ਚੋਂ ਸਟੈਫ਼ੀ ਗ੍ਰਾਫ਼ ਨੇ ਇੱਕ ਸਿਲਵਰ ਮੈਡਲ ਜਰਮਨੀ ਦੇ ਨਾਂ ’ਤੇ ਵੀ ਜਿੱਤਿਆ। ਜਰਮਨੀ ਦੀ ਸਿਟੀਜ਼ਨ ਤਾਂ ਉਹ ਜਮਾਂਦਰੂ ਸੀ। ਸਰਗਰਮ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਅਮਰੀਕਾ ਵਿੱਚ ਵਸੇਬੇ ਕਾਰਨ ਉਹ ਅਮਰੀਕਾ ਦੀ ਵੀ ਸਿਟੀਜ਼ਨ ਹੈ।