
ਨਿਊਯਾਰਕ/ਏ.ਟੀ.ਨਿਊਜ਼:
ਜਵਾਬੀ ਟੈਰਿਫ਼ ਨਾਲ ਅਮਰੀਕੀ ਅਰਥਚਾਰੇ ਨੂੰ ਜੋ ਖਤਰੇ ਹੋ ਸਕਦੇ ਹਨ, ਉਨ੍ਹਾਂ ’ਚੋਂ ਕੋਈ ਵੀ ਡਾਲਰ ਦੀ ਗਿਰਾਵਟ ਤੋਂ ਵੱਧ ਅਜੀਬ ਨਹੀਂ ਹੋ ਸਕਦਾ। ਮਹਿੰਗਾਈ ਦਾ ਖਦਸ਼ਾ, ਕੇਂਦਰੀ ਬੈਂਕ ਦੇ ਕਦਮ ਅਤੇ ਹੋਰ ਕਾਰਨਾਂ ਕਰਕੇ ਮੁਦਰਾਵਾਂ ਹਰ ਸਮੇਂ ਚੜ੍ਹਦੀਆਂ ਤੇ ਡਿੱਗਦੀਆਂ ਰਹਿੰਦੀਆਂ ਪਰ ਅਰਥਸ਼ਾਸਤੀਆਂ ਨੂੰ ਚਿੰਤਾ ਹੈ ਕਿ ਡਾਲਰ ’ਚ ਹਾਲ ਹੀ ਵਿੱਚ ਆਈ ਗਿਰਾਵਟ ਇੰਨੀ ਨਾਟਕੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਲਮੀ ਵਪਾਰ ਨੂੰ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਕਾਰਨ ਅਮਰੀਕਾ ’ਚ ਭਰੋਸਾ ਘਟਿਆ ਹੈ।
ਬਰਕਲੇ ਸਥਿਤ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਦੇ ਅਰਥਸ਼ਾਸਤਰੀ ਬੈਰੀ ਆਈਸ਼ਨਗਰੀਨ ਨੇ ਕਿਹਾ, ‘ਦੁਨੀਆਂ ਦਾ ਭਰੋਸਾ ਤੇ ਡਾਲਰ ’ਤੇ ਨਿਰਭਰਤਾ ਬਣਨ ਵਿੱਚ ਅੱਧੀ ਸਦੀ ਜਾਂ ਇਸ ਤੋਂ ਵੱਧ ਦਾ ਸਮਾਂ ਲੱਗਿਆ ਹੈ ਪਰ ਇਹ ਪਲਕ ਝਪਕਦਿਆਂ ਖਤਮ ਹੋ ਸਕਦਾ ਹੈ।’ ਜਨਵਰੀ ਦੇ ਮੱਧ ਤੋਂ ਹੋਰ ਕਰੰਸੀਆਂ ਮੁਕਾਬਲੇ ਡਾਲਰ 9 ਫ਼ੀਸਦੀ ਹੇਠਾਂ ਜਾ ਚੁੱਕਾ ਹੈ ਜੋ ਵੱਡੀ ਗਿਰਾਵਟ ਹੈ ਅਤੇ ਇਹ ਤਿੰਨ ਸਾਲਾਂ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਕਈ ਨਿਵੇਸ਼ਕਾਂ ਨੂੰ ਨਹੀਂ ਲਗਦਾ ਕਿ ਡਾਲਰ ਨੂੰ ਦੁਨੀਆਂ ਦੀ ਸਭ ਤੋਂ ਮਜ਼ਬੂਤ ਕਰੰਸੀ ਵਾਲੀ ਥਾਂ ਤੋਂ ਜਲਦੀ ਹੀ ਹਟਾਇਆ ਜਾ ਸਕਦਾ ਹੈ।ਡੌਇਸ਼ ਬੈਂਕ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੇ ਗਾਹਕਾਂ ਨੂੰ ਲਿਖੇ ਇੱਕ ਨੋਟ ’ਚ ‘ਯਕੀਨੀ ਸੰਕਟ’ ਦੀ ਚਿਤਾਵਨੀ ਦਿੰਦਿਆਂ ਕਿਹਾ, ‘ਡਾਲਰ ਦੀ ਸੁਰੱਖਿਅਤ ਪਨਾਹਗਾਹ ਦੀਆਂ ਵਿਸ਼ੇਸ਼ਤਾਵਾਂ ਖਤਮ ਹੋ ਰਹੀਆਂ ਹਨ।’