ਮੋਹਣ ਸ਼ਰਮਾ
ਬਿਨਾਂ ਸ਼ੱਕ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਹਰ ਹੀਲਾ ਵਰਤਦਾ ਹੈ। ਚੋਰੀਆਂ, ਠੱਗੀਆਂ, ਮਾਪਿਆਂ ਦੇ ਗਲ ਗੂਠਾ ਦੇ ਕੇ ਜਬਰੀ ਉਗਰਾਹੀ ਕਰਨਾ, ਪੈਸੇ ਨਾ ਮਿਲਣ ਕਾਰਨ ਮਾਂ-ਬਾਪ ਦਾ ਕਤਲ ਕਰ ਦੇਣ ਜਿਹੀਆਂ ਘਿਨਾਉਣੀਆਂ ਹਰਕਤਾਂ ਨੇ ਵੀ ਸਮਾਜ ਨੂੰ ਕਲੰਕਿਤ ਕੀਤਾ ਹੈ। ਇੱਕ ਪਾਸੇ ਸਰਕਾਰ ਵੱਲੋਂ 7-8 ਨਸ਼ਾ ਤਸਕਰ ਰੋਜ਼ ਫੜਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਨਸ਼ਿਆਂ ਕਾਰਨ ਸਿਵਿਆਂ ਦੀ ਅੱਗ ਲਗਾਤਾਰ ਵਧ ਰਹੀ ਹੈ। ਪੰਜਾਬ ਦੀ ਆਬਾਦੀ ਦੇਸ਼ ਦੀ ਕੁੱਲ ਆਬਾਦੀ ਦਾ 2.3% ਹੈ, ਪਰ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਿਪੋਰਟ ਅਨੁਸਾਰ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਦੇਸ਼ ਦੀਆਂ ਕੁੱਲ ਮੌਤਾਂ ਦਾ 21% ਇਕੱਲੇ ਪੰਜਾਬ ਵਿੱਚ ਹੀ ਹੈ। ਨਸ਼ਿਆਂ ਕਾਰਨ ਵਗਦੀ ਸੋਗੀ ਹਵਾ ਦੇ ਸੰਤਾਪ ਕਾਰਨ ਘਰਾਂ ਦੇ ਚੁੱਲ੍ਹੇ ਠੰਢੇ ਤੇ ਬਰਕਤ ਗੁੰਮ ਹੋ ਗਈ ਹੈ। ਪੰਜਾਬ ਦੇ ਇੱਕ ਪਿੰਡ ’ਚ ਬੜੀ ਸੋਗਮਈ ਆਵਾਜ਼ ਵਿੱਚ ਗੁਰਦੁਆਰਾ ਸਾਹਿਬ ਤੋਂ ਭਾਈ ਨੇ ਇਹ ਸੁਨੇਹਾ ਦਿੱਤਾ ਸੀ, ‘ਸਾਧ ਸੰਗਤ ਜੀ, ਮੈਂ ਆਲੇ-ਦੁਆਲੇ ਦੇ ਪਿੰਡ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਨਸ਼ੇ ਦੀ ਮਾਰ ’ਚ ਆ ਗਏ ਹਨ, ਜੋ ਕਈ ਕਸੂਤੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਗਏ ਹਨ। ਅਸੀਂ ਉਨ੍ਹਾਂ ਦੇ ਇਲਾਜ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਥੋਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਹਾਲੇ ਸਾਡੇ ਪਿੰਡ ਕੋਈ ਕੁੜੀ ਦਾ ਰਿਸ਼ਤਾ ਕਰਨ ਨਾ ਆਵੇ।’
ਇਸ ਤੋਂ ਵੀ ਵੱਡਾ ਅਤੇ ਮਾਰੂ ਦੁਖਾਂਤ ਉਦੋਂ ਸਾਹਮਣੇ ਆਇਆ ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖਡਾਲੂ ਦੇ ਰਹਿਣ ਵਾਲੇ ਪਤੀ-ਪਤਨੀ ਨੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਆਪਣਾ ਛੇ ਮਹੀਨਿਆਂ ਦਾ ਇਕਲੌਤਾ ਪੁੱਤਰ ਬੁਢਲਾਡਾ ਦੇ ਕਬਾੜੀਏ ਨੂੰ 1 ਲੱਖ 80 ਹਜ਼ਾਰ ਰੁਪਏ ’ਚ ਵੇਚ ਦਿੱਤਾ। ਇਸ ਤੋਂ ਵੱਡਾ ਮਾਰੂ ਦੁਖਾਂਤ ਕੀ ਹੋਵੇਗਾ ਕਿ ਆਪਣੇ ਜਿਗਰ ਦੇ ਟੁਕੜੇ ਨੂੰ ਬੇਗਾਨੇ ਹੱਥਾਂ ’ਚ ਸੌਂਪਣ ਲਈ ਮਾਂ ਭਾਈਵਾਲ ਬਣੀ। ਇੱਕ ਪਾਸੇ ਚਿੱਟਾ ਤੇ ਦੂਜੇ ਪਾਸੇ ਜਿਗਰ ਦਾ ਟੁਕੜਾ ਤੇ ਚਿੱਟਾ ਜਿਗਰ ਦੇ ਟੁਕੜੇ ’ਤੇ ਵੀ ਭਾਰੂ ਹੋ ਗਿਆ। ਪਤੀ-ਪਤਨੀ ਦੋਵੇਂ ਚਿੱਟੇ ਦੇ ਟੀਕੇ ਲਾਉਂਦੇ ਰਹੇ ਅਤੇ ਇੱਕ ਮਹੀਨਾ ਪੁਲਿਸ, ਰਿਸ਼ਤੇਦਾਰ ਤੇ ਸਮਾਜ ਅਵੇਸਲਾ ਰਿਹਾ। ਜਦੋਂ ਬੱਚਾ ਵੇਚਣ ਵਾਲੀ ਦੀ ਭੈਣ ਨੂੰ ਪਤਾ ਲੱਗਾ ਤੇ ਉਸ ਨੇ ਬੱਚਾ ਵਾਪਸ ਲੈਣ ਲਈ ਥਾਣੇ ਅਰਜ਼ੀ ਦਿੱਤੀ ਤਾਂ ਕਿਤੇ ਪੁਲਿਸ ਹਰਕਤ ਵਿੱਚ ਆਈ। ਪਤੀ-ਪਤਨੀ, ਬੱਚਾ ਖਰੀਦਣ ਵਾਲਾ ਕਬਾੜੀਆ ਤੇ ਉਸ ਦੀ ਪਤਨੀ ’ਤੇ ਮੁਕੱਦਮਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੱਚੇ ਨੂੰ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਰਾਹੀਂ ਅਨੰਤ ਆਸ਼ਰਮ ਨਥਾਣਾ ਵਿਖੇ ਸੰਭਾਲ ਲਈ ਸੌਂਪਿਆ ਗਿਆ ਹੈ। ਕਬਾੜੀਏ ਦੀ ਪਤਨੀ ਹਾਲੇ ਫਰਾਰ ਹੈ।
ਇੱਥੇ ਵਰਨਣਯੋਗ ਹੈ ਕਿ ਉਕਤ ਪਤੀ-ਪਤਨੀ ਜੋ ਇੰਸਟਾਗ੍ਰਾਮ ਜ਼ਰੀਏ ਸੰਪਰਕ ’ਚ ਆਏ, ਨੇ ਤਿੰਨ ਕੁ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਵਿਆਹ ਕਰਵਾਉਣ ਤੋਂ ਪਹਿਲਾਂ ਲੜਕੀ ਨੇ ਪਹਿਲਵਾਨੀ ਦੇ ਖੇਤਰ ’ਚ ਪੰਜਾਬ ਪੱਧਰ ਤੱਕ ਮੱਲਾਂ ਮਾਰੀਆਂ ਸਨ। ਇੰਸਟਾਗ੍ਰਾਮ ਦੀ ਝੂਠੀ ਚਮਕ-ਦਮਕ, ਮੁੰਡੇ ਦੀ ਫੋਕੀ ਟੌਹਰ, ਦਿਖਾਵਾ ਅਤੇ ਹਵਾਈ ਕਿਲ੍ਹਿਆਂ ਦੇ ਝੱਸ ਵਿੱਚ ਕੁੜੀ ਫਸ ਗਈ। ਵਿਆਹ ਤੋਂ ਛੇ ਮਹੀਨਿਆਂ ਬਾਅਦ ਉਸ ਨੂੰ ਲੜਕੇ ਦੇ ਨਸ਼ੇੜੀ ਹੋਣ ਦਾ ਪਤਾ ਲੱਗਾ। ਟੋਕਾ-ਟਾਕੀ ਤੋਂ ਬਚਣ ਲਈ ਉਸ ਨੇ ਇਸ ਲੜਕੀ ਨੂੰ ਵੀ ਚਿੱਟੇ ਦੀ ਲਤ ’ਤੇ ਲਾ ਦਿੱਤਾ। ਇੰਝ ਇਹ ਲੜਕੀ ਜੋ ਚੰਗੀ ਖਿਡਾਰਨ ਸੀ, ਅਰਸ਼ ਤੋਂ ਫਰਸ਼ ’ਤੇ ਆ ਗਈ। ਮੁੰਡਾ ਕੋਈ ਕੰਮ ਨਹੀਂ ਸੀ ਕਰਦਾ, ਮੋਟਰਸਾਈਕਲ, ਘਰ ਦਾ ਹੋਰ ਸਾਮਾਨ ਚਿੱਟੇ ਦੀ ਭੇਟ ਚੜ੍ਹ ਗਿਆ। ਜਦੋਂ ਹੋਰ ਕੁਝ ਨਾ ਬਚਿਆ ਤਾਂ ਇਕਲੌਤੇ ਪੁੱਤਰ ਦਾ ਹੀ ਸੌਦਾ ਕਰ ਲਿਆ। ਇੱਥੇ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਨਸ਼ੇੜੀ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਹਰ ਘਟੀਆ ਹਰਕਤ ਕਰ ਸਕਦਾ ਹੈ। ਅਜਿਹੇ ਵਰਤਾਰੇ ਤੋਂ ਨੌਜਵਾਨ ਲੜਕੀਆਂ ਨੂੰ ਇਹ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ ਕਿ ਜੀਵਨ ਸਾਥੀ ਇੰਸਟਾਗ੍ਰਾਮ, ਫੇਸਬੁੱਕ, ਟਿਕਟਾਕ, ਸਨੈਪਚੈਟ ਆਦਿ ਰਾਹੀਂ ਲੱਭਣ ਤੋਂ ਸੰਕੋਚ ਕਰਨ ਦੇ ਨਾਲ-ਨਾਲ ਮਾਪਿਆਂ ਦੀ ਸਹਿਮਤੀ ਅਤੇ ਹੋਣ ਵਾਲੇ ਜੀਵਨ ਸਾਥੀ ਬਾਰੇ ਚੰਗੀ ਤਰ੍ਹਾਂ ਛਾਣਬੀਣ ਕਰਨੀ ਵੀ ਜ਼ਰੂਰੀ ਬਣ ਜਾਂਦੀ ਹੈ। ਨਸ਼ਿਆਂ ਦੀ ਮਾਰੂ ਹਨੇਰੀ ’ਚ ਹੁਣ ਸਿਰਫ਼ ਜਨਮ ਕੁੰਡਲੀਆਂ ਨਹੀਂ, ਸਗੋਂ ਮੈਡੀਕਲ ਕੁੰਡਲੀਆਂ ਮਿਲਾਉਣ ਦੀ ਵੀ ਲੋੜ ਹੈ। ਇਸ ਤੋਂ ਵੱਖਰਾ ਕੇਸ ਪਟਿਆਲੇ ’ਚ ਸਾਹਮਣੇ ਆਇਆ ਹੈ। ਪਤੀ-ਪਤਨੀ ਦੋਵੇਂ ਹੀ ਚਿੱਟੇ ਦੀ ਲਪੇਟ ਵਿੱਚ ਆ ਗਏ। ਘਰ ਦਾ ਸਾਮਾਨ ਵੇਚਣ ਉਪਰੰਤ ਉਨ੍ਹਾਂ ਨੇ ਰਲ ਕੇ ਚੋਰੀ ਕਰਨ ਦਾ ਧੰਦਾ ਅਪਣਾ ਲਿਆ। ਇੱਕ ਵਾਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਜੇਲ੍ਹ ਕੱਟਣ ਉਪਰੰਤ ਜ਼ਮਾਨਤ ’ਤੇ ਬਾਹਰ ਆ ਗਏ। ਹੁਣ ਦੁਬਾਰਾ ਇਹ ਜੋੜਾ ਫਿਰ ਫੜਿਆ ਗਿਆ, ਜਿਨ੍ਹਾਂ ਤੋਂ ਚੋਰੀ ਦੇ ਕਈ ਸਕੂਟਰ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਇੰਝ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ-ਨਾਲ ਮਾਪਿਆਂ ਦੀ ਜ਼ਿੰਦਗੀ ਧੁਆਂਖਣ ਵਿੱਚ ਵੀ ਨਸ਼ੇੜੀ ਕੋਈ ਕਸਰ ਨਹੀਂ ਛੱਡਦੇ।
ਇੱਕ ਨਾਮਵਰ ਨਸ਼ਾ ਛੁੜਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਇੱਕ ਨਸ਼ੇੜੀ ਨੌਜਵਾਨ ਨੂੰ 10-15 ਪਰਿਵਾਰਕ ਮੈਂਬਰ ਇਲਾਜ ਲਈ ਲੈ ਕੇ ਆਏ। ਮਾਪਿਆਂ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਦੇ ਨਸ਼ਿਆਂ ਤੋਂ ਦੁਖੀ ਹੋ ਕੇ ਇਸ ਨੂੰ ਅੱਡ ਕਰ ਦਿੱਤਾ ਹੈ। ਪਹਿਲਾਂ ਦੁਕਾਨ ਕਰਦਿਆਂ ਚੰਗੀ ਕਮਾਈ ਕਰ ਲੈਂਦਾ ਸੀ, ਪਰ ਫਿਰ ਬੁਰੀ ਸੰਗਤ ਦੀ ਲਪੇਟ ’ਚ ਆ ਕੇ ਨਸ਼ੇ ਕਰਨ ਲੱਗ ਪਿਆ। ਅੱਜ ਸਵੇਰੇ ਇਸ ਨੇ ਨਸ਼ੇ ਲਈ ਆਪਣੀ ਪਤਨੀ ਤੋਂ ਪੈਸੇ ਮੰਗੇ। ਉਸ ਦੇ ਨਾਂਹ ਕਰਨ ’ਤੇ ਇਹ ਉਸ ਦੀ ਗੋਦੀ ਵਿੱਚ ਚੁੱਕਿਆ ਚਾਰ ਸਾਲ ਦਾ ਮੁੰਡਾ ਖੋਹ ਕੇ ਲੈ ਗਿਆ ਤੇ ਕਿਹਾ ਕਿ ਆਪਣਾ ਮੁੰਡਾ ਵੇਚ ਕੇ ਨਸ਼ਾ ਲਵਾਂਗਾ। ਸ਼ਹਿਰ ਵਿੱਚ ਜਿੱਥੇ-ਜਿੱਥੇ ਨਸ਼ਾ ਵਿਕਦਾ ਸੀ, ਅਸੀਂ ਉਨ੍ਹਾਂ ਕੋਲ ਗਏ, ਜਿਨ੍ਹਾਂ ਦੱਸਿਆ ਕਿ ਸਾਡੇ ਕੋਲ ਆਇਆ ਜ਼ਰੂਰ ਸੀ, ਚਿੱਟੇ ਲਈ ਆਪਣਾ ਪੁੱਤ ਗਹਿਣੇ ਰੱਖਣ ਦੀ ਗੱਲ ਕਰਦਾ ਸੀ ਪਰ ਅਸੀਂ ਨਹੀਂ ਮੰਨੇ। ਆਲੇ-ਦੁਆਲੇ ਦੇ ਪਿੰਡਾਂ ’ਚ ਲੱਭਣ ’ਤੇ ਉਹ ਪਿੰਡ ਦੀ ਇੱਕ ਗਲੀ ਵਿੱਚ ਮਿਲਿਆ। ਮੁੰਡਾ ਉਸ ਨੇ ਗੋਦੀ ਚੁੱਕਿਆ ਸੀ। ਕੇਸ ਦੀ ਗੰਭੀਰਤਾ ਨੂੰ ਵੇਖਦਿਆਂ ਨੌਜਵਾਨ ਨੂੰ ਤੁਰੰਤ ਦਾਖਲ ਕਰ ਲਿਆ ਗਿਆ। ਡੇਢ ਕੁ ਮਹੀਨੇ ਬਾਅਦ ਜਦੋਂ ਉਹ ਨਸ਼ੇ ਦੀ ਦਲਦਲ ’ਚੋਂ ਨਿਕਲਿਆਂ ਤਾਂ ਉਸ ਨੂੰ ਬੱਚਾ ਵੇਚਣ ਦੀ ਕੋਸ਼ਿਸ਼ ਸੰਬੰਧੀ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਨਸ਼ਾ ਛੱਡਣ ਨਾਲ ਮੈਨੂੰ ਨਵਾਂ ਜੀਵਨ ਮਿਲਿਆ ਹੈ, ਉਹ ਨਰਕ ਭਰੀ ਜ਼ਿੰਦਗੀ ਮੇਰੇ ਲਈ ਇੱਕ ਭਿਆਨਕ ਸੁਪਨਾ ਸੀ।
ਉਪਰੰਤ ਉਸ ਨੂੰ ਜਦੋਂ ਉਸ ਦੀ ਪਤਨੀ ਤੇ ਬੱਚੇ ਨਾਲ ਮਿਲਾਇਆ ਤਾਂ ਉਹ ਕਾਫ਼ੀ ਸਮਾਂ ਬੱਚੇ ਨੂੰ ਬੁੱਕਲ ਵਿੱਚ ਲੈ ਕੇ ਰੋਂਦਾ ਰਿਹਾ। ਪਤਨੀ ਦੇ ਪੈਰਾਂ ’ਚ ਡਿਗ ਕੇ ਉਸ ਤੋਂ ਮਾਫ਼ੀ ਮੰਗਦਿਆਂ ਕਹਿਣ ਲੱਗਾ ਕਿ ਭਵਿੱਖ ਵਿੱਚ ਤੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਆਪਣੇ ਨਿੱਜੀ ਅਨੁਭਵ ਅਤੇ ਤਜਰਬੇ ਦੇ ਆਧਾਰ ’ਤੇ ਲਿਖ ਰਿਹਾ ਹਾਂ ਕਿ ਨਸ਼ੇੜੀ ਨੂੰ ਤਸੀਹੇ, ਕੁੱਟਮਾਰ, ਫਿਟ ਲਾਹਨਤਾਂ ਮੁੱਖ ਧਾਰਾ ’ਚ ਲਿਆਉਣ ਵਿੱਚ ਸਹਾਈ ਨਹੀਂ ਹੋ ਸਕਦੀਆਂ, ਸਗੋਂ ਉਸ ਦੇ ਇਲਾਜ ਲਈ ਉਸ ਦੇ ਨਸ਼ੇ ’ਚ ਧਸਣ ਦੇ ਮੂਲ ਕਾਰਨਾਂ ਨੂੰ ਲੱਭ ਕੇ ਦਵਾਈ ਦੇ ਨਾਲ-ਨਾਲ ਉਸ ਦਾ ਸਹੀ ਮਾਰਗਦਰਸ਼ਨ ਹੋਣਾ ਬਹੁਤ ਜ਼ਰੂਰੀ ਹੈ। ਧਰਮ, ਸਾਹਿਤ ਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਨਸ਼ੇੜੀ ਨੂੰ ਮੁੱਖ ਧਾਰਾ ’ਚ ਲਿਆਂਦਾ ਜਾ ਸਕਦਾ ਹੈ। ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਸਮਾਜਸੇਵੀ ਸੰਸਥਾਵਾਂ, ਬੁੱਧੀਜੀਵੀ, ਅਧਿਆਪਕ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ, ਫਿਰ ਹੀ ਪੰਜਾਬ ’ਚ ਵਗਦੀ ਸੋਗੀ ਹਵਾ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
![]()
