ਸੈਕਰਾਮੈਂਟੋ, ਕੈਲੀਫ਼ੋਰਨੀਆ /ਹੁਸਨ ਲੜੋਆ ਬੰਗਾ: ਰਿਪਬਲੀਕਨ ਤੇ ਡੈਮੋਕਰੈਟਸ ਦੇ ਇੱਕ ਸਾਂਝੇ ਗਰੁੱਪ ਨੇ ਡਾਕਟਰਾਂ ਤੇ ਸਿਹਤ ਸੰਭਾਲ ਵਰਕਰਾਂ ਨੂੰ ਐਚ-1 ਬੀ ਵੀਜ਼ਾ ਲਈ ਪ੍ਰਸਤਾਵਿਤ 1 ਲੱਖ ਡਾਲਰ ਦੀ ਫ਼ੀਸ ਤੋਂ ਛੋਟ ਦੇਣ ਲਈ ਇੱਕ ਬਿੱਲ ਪੇਸ਼ ਕੀਤਾ ਹੈ। ਗਰੁੱਪ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਫ਼ੀਸ ਕਾਰਨ ਸਿਹਤ ਕਾਮਿਆਂ ਦੀ ਘਾਟ ਪੈਦਾ ਹੋ ਸਕਦੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਉਪਰ ਮਾੜਾ ਅਸਰ ਪੈ ਸਕਦਾ ਹੈ। ਪੇਸ਼ ਐਚ-1 ਬੀ ਐਸ ਫ਼ਾਰ ਫ਼ਿਜ਼ੀਸ਼ੀਅਨ ਐਂਡ ਹੈਲਥਕੇਅਰ ਵਰਕਫ਼ੋਰਸ ਐਕਟ ਦਾ ਮੰਤਵ ਹਸਪਤਾਲਾਂ ਤੇ ਸਿਹਤ ਵਿਵਸਥਾ ਉੱਪਰ ਵਿੱਤੀ ਬੋਝ ਨੂੰ ਖਤਮ ਕਰਨਾ ਹੈ ਜੋ ਵਿਵਸਥਾ ਵਿਦੇਸ਼ੀ ਕੁਸ਼ਲ ਮੈਡੀਕਲ ਪੇਸ਼ਾਵਰਾਂ ੳੁੱਪਰ ਨਿਰਭਰ ਹੈ, ਵਿਸ਼ੇਸ਼ ਕਰਕੇ ਪੱਛੜੇ ਤੇ ਦਿਹਾਤੀ ਖੇਤਰ ਇਨ੍ਹਾਂ ਵਿਦੇਸ਼ੀ ਸਿਹਤ ਵਰਕਰਾਂ ਉੱਪਰ ਨਿਰਭਰ ਹਨ। ਕਾਂਗਰਸ ਮੈਂਬਰ ਮਾਰੀਆ ਈਲਵਿਰਾ ਸਾਲਾਜ਼ਰ ਨੇ ਕਿਹਾ ਕਿ ਦੇਸ਼ ਵਿੱਚ ਡਾਕਟਰਾਂ ਦੀ ਘਾਟ ਹੈ ਤੇ ਸਾਨੂੰ ਇਹ ਗੱਲ ਯਕੀਨੀ ਬਣਾਉਣ ਦੀ ਲੋੜ ਹੈ ਕਿ ਉੱਚ ਫ਼ੀਸ ਹਸਪਤਾਲਾਂ ਦੇ ਰਾਹ ਵਿੱਚ ਅੜਿੱਕਾ ਨਾ ਬਣੇ। ਕਾਨੂੰਨ ਘਾੜਿਆਂ ਅਨੁਸਾਰ ਰਾਸ਼ਟਰਪਤੀ ਦੇ ਆਦੇਸ਼ ਤਹਿਤ ਐਲਾਨੀ ਪ੍ਰਸਤਾਵਿਤ 1 ਲੱਖ ਡਾਲਰ ਫ਼ੀਸ ਕਾਰਨ ਸਿਹਤ ਖੇਤਰ ਦੇ ਰੁਜ਼ਗਾਰ ਦਾਤਾ ਐਚ-1 ਬੀ ਪ੍ਰੋਗਰਾਮ ਤੋਂ ਬਾਹਰ ਹੋ ਜਾਣਗੇ। ਕਾਂਗਰਸ ਮੈਂਬਰ ਮਾਈਕ ਲਾਅਲਰ ਨੇ ਕਿਹਾ ਹੈ ਕਿ ਸਿਹਤ ਵਰਕਰਾਂ ਨੂੰ ਫ਼ੀਸ ਤੋਂ ਛੋਟ ਦੇਣੀ ਯਕੀਨਨ ਰਾਸ਼ਟਰੀ ਹਿੱਤਾਂ ਵਿੱਚ ਹੈ। ਕਾਂਗਰਸ ਮੈਂਬਰ ਵਾਈਟ ਕਲਾਰਕ, ਸੈਨਫ਼ੋਰਡ ਬਿਸ਼ਪ ਤੇ ਹੋਰਨਾਂ ਨੇ ਅਮਰੀਕੀ ਲੋਕਾਂ ਦੀ ਭਲਾਈ ਲਈ ਐਚ-1 ਬੀ ਵੀਜ਼ਾ ਫ਼ੀਸ ਖਤਮ ਕਰਨ ਉੱਪਰ ਜੋਰ ਦਿੱਤਾ ਹੈ। ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੌਬੀ ਮੁਕਾਮਾਲਾ ਅਨੁਸਾਰ ਮਰੀਜ਼ ਡਾਕਟਰਾਂ ਦੀ ਘਾਟ ਨੂੰ ਮਹਿਸੂਸ ਕਰਨ ਲੱਗ ਪਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
![]()
