ਹੁਣੇ ਜਿਹੇ ਭਾਰਤੀ ਰੁਪਇਆ ਅਮਰੀਕੀ ਡਾਲਰ ਅੱਗੇ 90.43 ਦੇ ਰਿਕਾਰਡ ਨੀਵੇਂ ’ਤੇ ਪਹੁੰਚ ਗਿਆ ਹੈ। ਇਹ ਨਾ ਸਿਰਫ਼ ਰੁਪਏ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ, ਸਗੋਂ ਭਾਰਤੀ ਅਰਥਵਿਵਸਥਾ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕਰਦਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਬਾਜ਼ਾਰ ਵਿੱਚ ਡਾਲਰ ਵੇਚ ਕੇ ਇਸ ਨੂੰ 90 ਤੋਂ ਉੱਪਰ ਜਾਣ ਤੋਂ ਰੋਕਿਆ ਹੈ, ਪਰ ਮਾਹਿਰਾਂ ਅਨੁਸਾਰ ਜੇਕਰ ਅਮਰੀਕਾ ਨਾਲ ਟਰੇਡ ਡੀਲ ਨਹੀਂ ਹੋਈ ਤਾਂ ਰੁਪਇਆ 100 ਦੇ ਹੱਦ ਤੱਕ ਵੀ ਡਿੱਗ ਸਕਦਾ ਹੈ। ਇਸ ਸਾਲ 2025 ਵਿੱਚ ਰੁਪਏ ਨੇ 4.5 ਫ਼ੀਸਦੀ ਡਿੱਗਣ ਤੋਂ ਬਾਅਦ ਏਸ਼ੀਆ ਦੀਆਂ ਮੁਦਰਾਵਾਂ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਝੱਲਿਆ ਹੈ। ਇਸ ਡਿੱਗਣ ਦੇ ਪਿੱਛੇ ਅਮਰੀਕੀ ਟੈਰਿਫ, ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤ ਵਿਚ ਪੂੰਜੀ ਲਗਾਉਣ ਤੋਂ ਨਾਂਹ ਅਤੇ ਟਰੇਡ ਘਾਟੇ ਵਰਗੇ ਕਾਰਨ ਹਨ, ਜੋ ਨਾ ਸਿਰਫ਼ ਰੁਪਏ ਨੂੰ ਡੁਬੋ ਰਹੇ ਹਨ, ਸਗੋਂ ਪੱਛਮੀ ਦੇਸ਼ਾਂ ਨੂੰ ਭਾਰਤ ਵਿੱਚ ਨਿਵੇਸ਼ ਤੋਂ ਵੀ ਰੋਕ ਰਹੇ ਹਨ।
ਭਾਰਤ ਦੀ ਅਰਥਵਿਵਸਥਾ ਵਿੱਚ ਇਹ ਸੰਕਟ ਇੰਨਾ ਡੂੰਘਾ ਹੈ ਕਿ ਵਿਸ਼ਵਵਿਆਪੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਭਾਰਤ ਦੀ ਵਟਾਂਦਰਾ ਵਿਵਸਥਾ ਨੂੰ ‘ਕਰਾਊਲ-ਲਾਈਕ’ (ਗੋਡੇ ਟੇਕਣ ਵਾਲੀ) ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਪਹਿਲਾਂ ਇਹ ‘ਫਲੋਟਿੰਗ’ (ਤੈਰਦੀ) ਸੀ, ਜਿੱਥੇ ਮੁਦਰਾ ਆਪਣੀ ਤਾਕਤ ਨਾਲ ਵਟਾਂਦਰਾ ਕਰਦੀ ਹੈ। ਹੁਣ ਆਰ.ਬੀ.ਆਈ. ਨੂੰ ਹਰ ਵੇਲੇ ਦਖਲਅੰਦਾਜ਼ੀ ਕਰਨੀ ਪੈ ਰਹੀ ਹੈ, ਪਰ ਰੁਪਏ ਦੀ ਡਿਗ ਰਹੀ ਕੀਮਤ ਕਾਰਨ ਨਾ ਸਿਰਫ਼ ਆਯਾਤ ਮਹਿੰਗਾ ਹੋ ਰਿਹਾ ਹੈ – ਜਿਵੇਂ ਪੈਟਰੋਲ, ਐਲੀਕਟ੍ਰਾਨਿਕਸ ਅਤੇ ਸੁਨਹਿਰੀ ਜੈਵੇਲਰੀ – ਸਗੋਂ ਆਮ ਲੋਕਾਂ ਦੀ ਜੀਵਨ ਸ਼ੈਲੀ ਵੀ ਪ੍ਰਭਾਵਿਤ ਹੋ ਰਹੀ ਹੈ। ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਫੀਸ ਵਿੱਚ 5-10 ਲੱਖ ਰੁਪਏ ਵਧ ਗਏ ਹਨ, ਅਤੇ ਵਿਦੇਸ਼ੀ ਯਾਤਰਾ ਕਰਨ ਵਾਲਿਆਂ ਲਈ ਖਰਚੇ ਵਧ ਰਹੇ ਹਨ।
ਰੁਪਏ ਦੀ ਡਿੱਗ ਦੇ ਮੁੱਖ ਕਾਰਨਾਂ ਵਿੱਚ ਅਮਰੀਕੀ ਟੈਰਿਫ ਸਭ ਤੋਂ ਵੱਡਾ ਕਾਰਣ ਹਨ। ਅਪ੍ਰੈਲ 2025 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ’ਤੇ 50 ਫ਼ੀਸਦੀ ਟੈਰਿਫ ਲਗਾਏ ਸਨ, ਜੋ ਰੂਸੀ ਤੇਲ ਖਰੀਦਣ ਨੂੰ ਲੈ ਕੇ ਸਜ਼ਾ ਵਜੋਂ ਵੇਖੇ ਜਾ ਰਹੇ ਹਨ। ਇਹ ਟੈਰਿਫ ਭਾਰਤ ਦੇ 48.2 ਬਿਲੀਅਨ ਡਾਲਰ ਦੇ ਨਿਰਯਾਤ ਨੂੰ ਖਤਰੇ ਵਿੱਚ ਪਾ ਰਹੇ ਹਨ, ਜੋ ਜੀਡੀਪੀ ਦਾ 2 ਫ਼ੀਸਦੀ ਹਿੱਸਾ ਹੈ। ਟੈਕਸਟਾਈਲ, ਗੈਮਜ਼ ਐਂਡ ਜੈਵੇਲਰੀ, ਲੈਦਰ ਗੁਡਜ਼ ਅਤੇ ਆਟੋਮੋਬਾਈਲ ਵਰਗੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ ਦੇ ਅਨੁਸਾਰ, ਅਮਰੀਕੀ ਆਰਡਰਾਂ ਵਿੱਚ 60 ਤੋਂ 90 ਫ਼ੀਸਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ 20 ਮਿਲੀਅਨ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ। ਸੂਰਤ ਵਰਗੇ ਹੀਰੇ ਪਾਲਿਸ਼ਿੰਗ ਹੱਬਾਂ ਵਿੱਚ ਹਜ਼ਾਰਾਂ ਮਜ਼ਦੂਰ ਆਪਣੀਆਂ ਨੌਕਰੀਆਂ ਗੁਆ ਰਹੇ ਹਨ, ਅਤੇ ਅੰਮ੍ਰਿਤਸਰ ਦੇ ਗਾਰਮੈਂਟ ਫੈਕਟਰੀਆਂ ਵਿੱਚ ਵਪਾਰ ਘਟ ਰਿਹਾ ਹੈ।
ਇਸ ਨਾਲ ਨਿਰਯਾਤ ਅਕਤੂਬਰ 2025 ਵਿੱਚ 41 ਬਿਲੀਅਨ ਡਾਲਰ ਘੱਟ ਹੋ ਗਿਆ ਸੀ, ਜਿਸ ਨਾਲ ਚਾਲੂ ਖਾਤੇ ਅਤੇ ਪੂੰਜੀ ਖਾਤੇ ਵਿੱਚ ਵਿਦੇਸ਼ੀ ਮੁਦਰਾ ਦੀ ਗਿਣਤੀ ਘਟ ਰਹੀ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫਪੀਆਈਜ਼) ਨੇ ਇਸ ਸਾਲ 17 ਬਿਲੀਅਨ ਡਾਲਰ ਤੋਂ ਵੱਧ ਕਢ ਲਏ ਹਨ, ਜੋ ਸ਼ੇਅਰ ਬਾਜ਼ਾਰ ਵਿੱਚ ਨਕਦੀ ਨੂੰ ਘਟਾ ਰਹੇ ਹਨ। ਇਹ ਡਾਲਰ ਦੀ ਮੰਗ ਵਧਾ ਰਹੇ ਹਨ ਅਤੇ ਇਸ ਨਾਲ ਰੁਪਏ ’ਤੇ ਦਬਾਅ ਵਧਿਆ ਹੈ। ਆਰ.ਬੀ.ਆਈ. ਨੇ 30 ਬਿਲੀਅਨ ਡਾਲਰ ਵੇਚੇ ਹਨ, ਪਰ ਫੋਰੈਕਸ ਰਿਜ਼ਰਵ 690 ਬਿਲੀਅਨ ਡਾਲਰ ’ਤੇ ਸਥਿਰ ਹਨ। ਆਈ.ਐੱਮ.ਐੱਫ. ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਟੈਰਿਫ ਜੀ.ਡੀ.ਪੀ. ਵਿੱਚ 0.3 ਤੋਂ 0.5 ਫ਼ੀਸਦੀ ਦੀ ਗਿਰਾਵਟ ਲਿਆਉਣਗੇ ਅਤੇ ਗੋਲਡਮੈਨ ਸੈਕਸ ਨੇ ਵਿਕਾਸ ਅਨੁਮਾਨ ਨੂੰ 6.1 ਫ਼ੀਸਦੀ ਤੱਕ ਘਟਾ ਦਿੱਤਾ ਹੈ।
![]()
