ਡਾ. ਅੰਬੇਡਕਰ ਦੇ ਸਿਖ ਨਾ ਬਣਨ ਪਿਛੇ ਗਾਂਧੀ ਜ਼ਿੰਮੇਵਾਰ, ਸਿੱਖ ਲੀਡਰਸ਼ਿਪ ਨਹੀਂ

In ਖਾਸ ਰਿਪੋਰਟ
January 27, 2025
ਸ. ਆਤਮਾ ਸਿੰਘ ਸਾਬਕਾ ਮੰਤਰੀ ਪੰਜਾਬ ਜੋ ਅਕਾਲੀ ਦਲ ਦੇ ਟਕਸਾਲੀ ਲੀਡਰ ਰਹੇ ਹਨ, ਬਾਰੇ ਡਾ. ਹਰਵਿੰਦਰ ਸਿੰਘ ਖ਼ਾਲਸਾ ਦੀ ਲਿਖੀ ਕਿਤਾਬ 'ਅਨੋਖਾ ਅਕਾਲੀ ਯੋਧਾ ਸ. ਆਤਮਾ ਸਿੰਘ' ਸਾਡੇ ਸਾਹਮਣੇ ਆਈ ਹੈ। ਇਸ ਵਿਚ ਡਾ. ਬੀ.ਆਰ ਅੰਬੇਡਕਰ ਦੇ ਸਿੱਖ ਧਰਮ ਸੰਬੰਧੀ ਵਾਰਤਾਲਾਪ ਦਾ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ। ਇਹ ਲਿਖਿਆ ਗਿਆ ਹੈ ਕਿ ਖ਼ਾਲਸਾ ਕਾਲਜ ਮੁੰਬਈ ਡਾ. ਅੰਬੇਡਕਰ ਦੇ ਕਹਿਣ 'ਤੇ 1937 'ਚ ਬਣਾਇਆ ਗਿਆ ਸੀ। ਇਹ ਮਟੂੰਗਾ ਇਲਾਕੇ ਵਿਚ ਹੈ । ਸ. ਆਤਮਾ ਸਿੰਘ ਉਸ ਵੇਲੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਸਟਾਫ਼ ਵਿਚ ਲੱਗੇ ਹੋਏ ਸਨ ਅਤੇ ਸ. ਨਾਰਾਇਣ ਸਿੰਘ ਗੁਰਦੁਆਰੇ ਦੇ ਮੈਨੇਜਰ ਸਨ। ਡਾ. ਅੰਬੇਡਕਰ ਨੇ 1935 ਵਿਚ ਮਨ ਬਣਾ ਲਿਆ ਸੀ ਕਿ ਉਹ ਹਿੰਦੂ ਧਰਮ ਨੂੰ ਤਿਆਗ ਕੇ ਕਿਸੇ ਹੋਰ ਧਰਮ ਵਿਚ ਜਾਣਗੇ ਤਾਂ ਜੋ ਅੱਠ ਕਰੋੜ ਦਲਿਤ ਸਮਾਜ ਨੂੰ ਵੀ ਜਾਤੀ ਵਿਵਸਥਾ ਵਿਚੋਂ ਬਾਹਰ ਕੱਢ ਸਕਣ। ਇਸ ਵਿਚਾਰ ਅਧੀਨ ਉਨ੍ਹਾਂ ਨੇ ਸਾਰੇ ਧਰਮਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਸੀ। ਸਿੱਖ ਧਰਮ ਨਾਲ ਇਸ ਬਾਰੇ ਕਈ ਮੀਟਿੰਗਾਂ ਹੋਈਆਂ। ਜਨਵਰੀ 1936 ਵਿਚ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਇਕ ਵਫਦ ਸ. ਨਾਰਾਇਣ ਸਿੰਘ ਦੀ ਅਗਵਾਈ ਵਿਚ ਮੁੰਬਈ ਗਿਆ ਅਤੇ ਉਨ੍ਹਾਂ ਨੇ ਮੁਹਾਰ, ਮਾਂਗ, ਤੇ ਹੋਰ ਜਾਤੀਆਂ ਦੇ ਦਲਿਤਾਂ ਨਾਲ ਗੱਲਬਾਤ ਕੀਤੀ ਅਤੇ ਮਰਾਠੀ ਬੋਲੀ ਵਿਚ ਸਿੱਖ ਧਰਮ ਬਾਰੇ ਟਰੈਕਟ ਵੰਡੇ। ਪੂਨੇ ਵਿਚ 11 ਜਨਵਰੀ, 1936 ਨੂੰ ਹਰੀਜਨ ਸਮਾਜ ਦਾ ਇਕ ਵੱਡਾ ਇਕੱਠ ਹੋਇਆ ਅਤੇ ਉੱਥੇ ਗੁਰਦੁਆਰਾ ਕਮੇਟੀ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਸਾਰੇ ਲੋਕਾਂ ਨੇ ਪੰਗਤਾਂ ਵਿਚ ਬੈਠ ਕੇ ਲੰਗਰ ਛਕਿਆ। ਸਿੱਖ ਸੇਵਾਦਾਰ ਵਧੇਰੇ ਪਛੜੀਆਂ ਸ਼੍ਰੇਣੀਆਂ ਦੇ ਸਨ। ਇਸ ਦਾ ਬਹੁਤ ਵੱਡਾ ਪ੍ਰਭਾਵ ਪਿਆ। 13 ਅਪ੍ਰੈਲ 1936 ਨੂੰ ਸਰਬਹਿੰਦ ਸਿੱਖ ਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਅੰਮ੍ਰਿਤਸਰ ਵਿਚ ਵੀ ਬਹੁਤ ਵੱਡੀ ਕਾਨਫਰੰਸ ਕੀਤੀ ਗਈ ਸੀ। ਡਾ. ਅੰਬੇਡਕਰ ਇਸ ਵਿਚ ਸ਼ਾਮਿਲ ਹੋਏ ਸਨ। ਬਾਵਾ ਹਰਕ੍ਰਿਸ਼ਨ ਸਿੰਘ ਜੀ ਨੇ ਅੰਗਰੇਜ਼ੀ 'ਚ ਭਾਸ਼ਨ ਦਿੱਤਾ। ਡਾ. ਅੰਬੇਡਕਰ ਉਸ ਸਮੇਂ ਲਾਅ ਕਾਲਜ ਮੁੰਬਈ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਉਨ੍ਹਾਂ ਨੇ ਆਪਣਾ ਇਕ ਅਖ਼ਬਾਰ ਚਲਾਇਆ, ਜਿਸ ਲਈ ਛਾਪਾਖਾਨੇ ਦਾ ਪ੍ਰਬੰਧ ਸਿੱਖ ਮਿਸ਼ਨ ਵਲੋਂ ਕੀਤਾ ਗਿਆ ਸੀ। ਡਾ. ਅੰਬੇਡਕਰ ਨੇ ਆਪਣੇ ਕਈ ਸਹਿਯੋਗੀ ਅੰਮ੍ਰਿਤਸਰ ਭੇਜੇ ਅਤੇ ਉਨ੍ਹਾਂ 'ਤੇ ਰਹਿਤ ਮਰਿਯਾਦਾ ਦਾ ਬੜਾ ਪ੍ਰਭਾਵ ਪਿਆ। ਅੰਬੇਡਕਰ ਦੀ ਮੰਗ 'ਤੇ ਮੁੰਬਈ ਖ਼ਾਲਸਾ ਕਾਲਜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ, ਜਿਸ ਲਈ ਸਾਰਾ ਖਰਚਾ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਦੇ ਜ਼ਿੰਮੇ ਲੱਗਿਆ ਸੀ। ਹੈੱਡ ਮਾਸਟਰ ਕੇਹਰ ਸਿੰਘ ਨੂੰ ਇਸ ਕੰਮ ਲਈ ਇੰਚਾਰਜ ਬਣਾ ਕੇ ਮੁੰਬਈ ਭੇਜਿਆ ਗਿਆ ਸੀ। ਡਾ. ਅੰਬੇਡਕਰ ਨੇ ਮਟੂੰਗਾ ਵਿਚ ਥਾਂ ਲੱਭੀ, ਜਿੱਥੇ 2742 ਵਰਗ ਗਜ਼ ਦਾ ਪਲਾਟ ਸਾਡੇ ਛੇ ਰੁਪਏ ਪ੍ਰਤੀ ਗਜ਼ 'ਤੇ ਖਰੀਦ ਲਿਆ ਗਿਆ ਸੀ। ਇਸ ਵਿਚ ਸ. ਗੁਰਦਿੱਤ ਸਿੰਘ ਸੇਠੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮੁੰਬਈ ਨੇ ਵੀ ਮਦਦ ਕੀਤੀ ਸੀ। ਇਸ ਕਿਤਾਬ 'ਚ ਲਿਖਿਆ ਗਿਆ ਹੈ ਕਿ ਡਾ. ਅੰਬੇਡਕਰ ਨੇ ਵਿਦੇਸ਼ ਯਾਤਰਾ ਜਾਣ ਲਈ 5000 ਰੁਪਏ ਹੈੱਡ ਮਾਸਟਰ ਕੇਹਰ ਸਿੰਘ ਤੋਂ ਲਏ ਸਨ। ਕਾਲਜ ਦਾ ਨਕਸ਼ਾ ਵੀ ਡਾ. ਅੰਬੇਡਕਰ ਜਰਮਨੀ ਦੇ ਕਿਸੇ ਵਿੱਦਿਅਕ ਸੰਸਥਾ ਦੀ ਇਮਾਰਤ ਵਰਗਾ ਲੈ ਕੇ ਆਏ ਸਨ। ਡਾ. ਅੰਬੇਡਕਰ ਹਰ ਤੀਜੇ ਦਿਨ ਕਾਲਜ ਦਾ ਕੰਮ ਵੇਖਣ ਆਉਂਦੇ ਅਤੇ ਲੋੜੀਂਦੇ ਸੁਝਾਅ ਦਿੰਦੇ ਸਨ। ਉਨ੍ਹਾਂ ਦੀ ਇੱਛਾ ਅਨੁਸਾਰ ਹੀ ਲੈਬਾਰਟਰੀ ਫਰਨੀਚਰ ਲਾਇਬਰੇਰੀ ਆਦਿ ਖਰੀਦੇ ਗਏ। ਇਕ ਪ੍ਰਿਟਿੰਗ ਪ੍ਰੈੱਸ ਵੀ ਲਗਾਈ ਗਈ, ਜਿਸ ਵਿਚ ਅੰਬੇਡਕਰ ਦਾ ਅਖ਼ਬਾਰ 'ਜਨਤਾ' ਛਪਦਾ ਸੀ। 20 ਜੂਨ 1937 ਨੂੰ ਕਾਲਜ ਆਰੰਭ ਕਰ ਦਿੱਤਾ ਗਿਆ ਅਤੇ ਇਸ ਦੇ ਪਹਿਲੇ ਪ੍ਰਿੰਸੀਪਲ ਸ. ਕਸ਼ਮੀਰਾ ਸਿੰਘ ਲਗਾਏ ਗਏ ਸਨ। ਉਸ ਸਮੇਂ ਸਾਰੇ ਭਾਰਤ 'ਚ ਇਹ ਹਲਚਲ ਮਚ ਗਈ ਕਿ ਕਰੋੜਾਂ ਹਿੰਦੂ ਦਲਿਤ ਸਿੱਖ ਧਰਮ ਨੂੰ ਅਪਣਾ ਲੈਣਗੇ, ਜਿਸ ਨਾਲ ਹਿੰਦੂਆਂ ਦੀ ਆਬਾਦੀ 'ਤੇ ਵੱਡਾ ਅਸਰ ਪਵੇਗਾ। ਇਸ ਪ੍ਰੋਗਰਾਮ ਨੂੰ ਰੋਕਣ ਲਈ ਬੜੀਆਂ ਹਿੰਦੂ ਜਥੇਬੰਦੀਆਂ ਤੇ ਧਨਾਢ ਹਿੰਦੂ ਅੱਗੇ ਆਏ ਅਤੇ ਇਸ ਨੂੰ ਰੋਕਣ ਲਈ ਪੂਰੀ ਵਾਹ ਲਗਾ ਦਿੱਤੀ। ਮਹਾਤਮਾ ਗਾਂਧੀ ਦੇ ਪੂਰੀ ਵਾਹ ਲਗਾਉਣ 'ਤੇ ਦਲਿਤਾਂ 'ਚ ਦੋ ਧੜੇ ਬਣ ਗਏ ਅਤੇ ਇਕ ਵੱਖਰੀ ਹਰੀਜਨ ਸੰਸਥਾ ਬਣਾ ਦਿੱਤੀ ਗਈ ਸੀ, ਜੋ ਹਿੰਦੂ ਸਮਾਜ ਦੇ ਹੱਕ 'ਚ ਬਿਆਨ ਦੇਣ ਲੱਗ ਪਈ। ਉਸ ਸਮੇਂ ਸਿੱਖਾਂ ਦਾ ਇਕ ਵਫ਼ਦ ਜਿਸ ਵਿਚ ਬਾਵਾ ਹਰਕ੍ਰਿਸ਼ਨ ਸਿੰਘ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਮਾਸਟਰ ਸੁਜਾਨ ਸਿੱਘ ਸਰਹਾਲੀ, ਜਥੇਦਾਰ ਤੇਜਾ ਸਿੰਘ ਅਕਬਰਪੁਰੀ ਅਤੇ ਈਸ਼ਰ ਸਿੰਘ ਮਝੈਲ ਆਦਿ ਸ਼ਾਮਿਲ ਸਨ, 23 ਮਈ 1937 ਨੂੰ ਡਾ. ਅੰਬੇਡਕਰ ਨੂੰ ਮਿਲੇ। ਉਨ੍ਹਾਂ ਨੇ ਸਿੱਖ ਆਗੂਆਂ ਨੂੰ ਸਾਰੀ ਸਥਿਤੀ ਸਮਝਾਈ ਅਤੇ ਉਨ੍ਹਾਂ ਨੇ ਸਪੱਸ਼ਟ ਕਹਿ ਦਿੱਤਾ ਕਿ ਜੇਕਰ ਉਹ ਹੁਣ ਸਿੱਖ ਬਣ ਵੀ ਜਾਂਦੇ ਹਨ ਤਾਂ ਵੀ ਚੰਦ ਗਿਣਤੀ ਦੇ ਬੰਦਿਆਂ ਤੋਂ ਬਿਨਾਂ ਬਹੁਤੇ ਹਰੀਜਨ ਉਨ੍ਹਾਂ ਦੇ ਨਾਲ ਨਹੀਂ ਜਾਣਗੇ। ਸਿੱਖ ਵਫ਼ਦ ਨੇ ਇਹ ਸਾਰੀ ਗੱਲ ਸੁਣ ਕੇ ਡਾ. ਅੰਬੇਡਕਰ ਦੀ ਮਜਬੂਰੀ ਸਮਝ ਲਈ। ਇਹ ਫ਼ੈਸਲਾ ਲਿਆ ਕਿ ਖ਼ਾਲਸਾ ਕਾਲਜ ਚਲਦਾ ਰਹੇਗਾ ਅਤੇ ਇਸ ਵਿਚ ਕੋਈ ਵਿਘਨ ਨਹੀਂ ਪਵੇਗਾ। ਅੱਜ ਤੱਕ ਇਹ ਕਾਲਜ ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਸਾਰੀ ਮੁੰਬਈ 'ਚ ਇਹ ਖ਼ਬਰਾਂ ਛਪੀਆਂ ਕਿ ਕਿਵੇਂ ਕਾਲਜ ਕਮੇਟੀ ਨੇ ਸਸਤੇ ਰੇਟ 'ਤੇ ਐੱਮ.ਆਰ.ਆਈ. ਸੈਂਟਰ ਖੋਲ੍ਹਿਆ ਹੈ। ਇਸ ਕਿਤਾਬ ਦੇ ਛਪਣ 'ਤੇ ਸਿੱਖਾਂ 'ਵਿਚ ਜੋ ਸਿੱਖ ਦਲਿਤ ਮੇਲ-ਮਿਲਾਪ ਬਾਰੇ ਪਹਿਲਾਂ ਸ਼ੰਕੇ ਪਾਏ ਜਾ ਰਹੇ, ਉਹ ਦੂਰ ਹੋ ਗਏ ਹਨ। ਸਿੱਖ ਲੀਡਰਸ਼ਿਪ ਦਾ ਇਸ ਵਿਚ ਕੋਈ ਕਸੂਰ ਨਹੀਂ ਸੀ। ਡਾ. ਅੰਬੇਡਕਰ ਵਕਤੀ ਤੌਰ 'ਤੇ ਧਰਮ ਤਿਆਗਣ ਤੋਂ ਰੁਕ ਗਏ ਸਨ, ਪਰ ਅੰਤ ਵਿਚ ਉਨ੍ਹਾਂ ਨੇ ਨਾਗਪੁਰ ਸੰਮੇਲਨ 'ਚ ਲੱਖਾਂ ਸਾਥੀਆਂ ਸਮੇਤ ਬੁੱਧ ਧਰਮ 'ਚ ਪ੍ਰਵੇਸ਼ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਉਹ ਮਰਨ ਤੱਕ ਬੋਧੀ ਹੀ ਰਹੇ ਸਨ।

Loading