ਡਿਜੀਟਲ ਠੱਗੀ ਨੂੰ ਰੋਕਣ ਲਈ ਸਰਕਾਰ ਨੇ 1,500 ਸਕਾਈਪ ਆਈ. ਡੀਜ਼ ਨੂੰ ਕੀਤਾ ਬਲਾਕ

In ਖਾਸ ਰਿਪੋਰਟ
December 16, 2024
ਹਾਲ ਹੀ ਵਿਚ ਭਾਰਤ ਸਰਕਾਰ ਨੇ ਸਾਈਬਰ ਠੱਗੀ ਨੂੰ ਰੋਕਣ ਲਈ 1,500 ਸਕਾਈਪ ਆਈ. ਡੀਜ਼ ਨੂੰ ਬਲਾਕ ਕੀਤਾ ਹੈ।ਗ੍ਰਹਿ ਵਿਭਾਗ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਜਿਹੜਾ 14 ਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਸਾਰੇ ਸੂਬਿਆਂ ਨੂੰ ਇਨ੍ਹਾਂ ਵਧ ਰਹੇ ਅਪਰਾਧਾਂ ਬਾਰੇ ਚੇਤੰਨ ਰਹਿਣ ਲਈ ਕਿਹਾ ਹੈ। ਸੈਂਟਰ ਨੇ ਕੋਈ 6 ਲੱਖ ਮੋਬਾਈਲ ਫੋਨ ਨੰਬਰ ਅਤੇ 3.25 ਲੱਖ ਜਾਅਲੀ ਖਾਤੇ ਜ਼ਬਤ ਕੀਤੇ ਜਾ ਚੁਕੇ ਹਨ। ਮੋਬਾਈਲ ਲਈ 709 ਨਵੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਕੇਂਦਰੀ ਸਰਕਾਰ ਦੀ ਇੱਕ ਹੋਰ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਵੀ ਇੱਕ ਦਰਜਨ ਤੋਂ ਵੱਧ ਕਿਸਮ ਦੀਆਂ ਔਨਲਾਈਨ ਠੱਗੀਆਂ ਦੀ ਸੂਚੀ ਜਾਰੀ ਕੀਤੀ ਹੈ। ਨੈਸ਼ਨਲ ਕ੍ਰਾਈਮ ਰਿਪੋਰਟਿੰਗ ਪੋਰਟਲ ਅਨੁਸਾਰ 2021 ਵਿੱਚ 4.5 ਲੱਖ ਠੱਗੀਆਂ ਦੇ ਕੇਸ ਹੋਏ ਸਨ ਜਿਹੜੇ 2022 ਵਿੱਚ ਵਧ ਕੇ 9.6 ਲੱਖ ਹੋ ਗਏ। 2023 ਵਿੱਚ ਇਨ੍ਹਾਂ ਦੀ ਗਿਣਤੀ 15 ਲੱਖ ਹੋ ਗਈ ਸੀ ਅਤੇ 2024 ਦੇ ਸਿਰਫ਼ ਪਹਿਲੇ 4 ਮਹੀਨਿਆਂ ਵਿੱਚ 7.4 ਲੱਖ ਘਟਨਾਵਾਂ ਵਾਪਰ ਚੁੱਕੀਆਂ ਹਨ। 14 ਸੀ ਸੈਂਟਰ ਅਨੁਸਾਰ ਲੋਕਾਂ ਤੋਂ ਡਿਜੀਟਲ ਅਰੈਸਟ ਰਾਹੀਂ 120.3 ਕਰੋੜ, ਟਰੇਡਿੰਗ ਸਕੈਮ ਵਿੱਚ 1420.48 ਕਰੋੜ, ਇਨਵੈਸਟਮੈਂਟ ਸਕੈਮ ਵਿੱਚ 225.58 ਕਰੋੜ ਅਤੇ ਰੋਮਾਂਸ ਸਕੈਮ ਰਾਹੀਂ 13.23 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ। ਇਸ ਵਰ੍ਹੇ ਵਿੱਚ ਹੁਣ ਤੱਕ ਡਿਜੀਟਲ ਗ੍ਰਿਫ਼ਤਾਰੀ ਦੀਆਂ ਕੋਈ 6000 ਸ਼ਿਕਾਇਤਾਂ ਆ ਚੁੱਕੀਆਂ ਹਨ। ਡਿਜੀਟਲ ਗ੍ਰਿਫ਼ਤਾਰੀ ਫਰਾਡ ਵਿੱਚ ਇਸ ਵਰ੍ਹੇ ਦੇ ਸਿਰਫ਼ ਪਹਿਲੇ ਤਿੰਨ ਮਹੀਨਿਆਂ ਵਿੱਚੋਂ ਲੋਕਾਂ ਦੇ 120.3 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ। ਡਿਜੀਟਲ ਗ੍ਰਿਫ਼ਤਾਰੀ ਨਾਂ ਦੀ ਕਾਨੂੰਨ ਵਿੱਚ ਕਿਸੇ ਵੀ ਭਾਂਤ ਦੀ ਵਿਵਸਥਾ ਨਹੀਂ ਹੈ।ਡਿਜੀਟਲ ਠੱਗੀ ਦਾ ਮੱਕੜਜਾਲ ਜ਼ਿਆਦਾਤਰ ਮਿਆਂਮਾਰ, ਲਾਓਸ ਅਤੇ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਹੈ ਭਾਵੇਂ ਬਹੁਤ ਸਾਰੇ ਡਿਜੀਟਲ ਠੱਗ ਸਥਾਨਕ ਪੱਧਰ ’ਤੇ ਵੀ ਇਸ ਅਪਰਾਧ ਨਾਲ ਜੁੜੇ ਹੋਏ ਹਨ। ਇਹ ਲੋਕ ਵੀਡੀਓ ਕਾਲ ਦੇ ਹਿਸਾਬ ਨਾਲ ਸੈੱਟਅਪ ਬਣਾਉਂਦੇ ਹਨ। ਪਲੋਸਣਾ, ਡਰਾਉਣਾ, ਧਮਕਾਉਣਾ, ਸਬਜ਼ਬਾਗ਼ ਦਿਖਾਉਣਾ, ਲਗਾਤਾਰ ਦਬਾਅ ਬਣਾਉਣਾ ਆਦਿ ਤਫ਼ਤੀਸ਼ ਦੀਆਂ ਤਕਨੀਕਾਂ ਹਨ। ਇਹ ਠੱਗ ਆਪਣੇ ਸ਼ਿਕਾਰ ’ਤੇ ਇਹ ਸਾਰੇ ਫਾਰਮੂਲੇ ਅਜ਼ਮਾਉਂਦੇ ਹਨ। ਇਹ ਡਿਜੀਟਲ ਠੱਗ ਐੱਸ.ਐਮ.ਐੱਸ., ਵਟਸਐਪ, ਈ-ਮੇਲ ਰਾਹੀਂ ਤੁਹਾਨੂੰ ਸੀ.ਬੀ.ਆਈ, ਆਈ.ਬੀ., ਈ.ਡੀ., ਕਸਟਮਜ਼, ਨਾਰਕੋਟਿਕਸ ਬਿਊਰੋ, ਟੀ.ਆਰ.ਏ.ਆਈ., ਆਰ.ਬੀ.ਆਈ.ਦੇ ਅਫਸਰ ਬਣਕੇ ਸੰਪਰਕ ਕਰਦੇ ਹਨ ਕਿ ਤੁਹਾਡਾ ਕਿਸੇ ਫਰਾਡ ਵਿੱਚ ਜ਼ਿਕਰ ਆ ਰਿਹਾ ਹੈ। ਸੁਨੇਹੇ ’ਤੇ ਸਰਕਾਰੀ ਨਾਂ, ਮੋਹਰ, ਦਸਤਖ਼ਤ ਆਦਿ ਸਭ ਇੰਝ ਦੇ ਹਨ ਕਿ ਤੁਹਾਨੂੰ ਉਸ ਦੇ ਗ਼ਲਤ ਹੋਣ ਬਾਰੇ ਕੋਈ ਸ਼ੱਕ ਨਹੀਂ ਹੁੰਦਾ। ਵੀਡੀਓ ਕਾਲ ਦੌਰਾਨ ਧੋਖੇਬਾਜ਼ ਆਪਣੇ ਬੈਕਗਰਾਊਂਡ ਨੂੰ ਥਾਣੇ ਵਾਂਗ ਬਣਾ ਲੈਂਦੇ ਹਨ, ਜਿਸ ਨੂੰ ਦੇਖ ਕੇ ਪੀੜਤ ਡਰ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦਾ ਹੈ ਤੇ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ।

Loading