ਡੇਅਟਨ ( ਅਮਰੀਕਾ ) ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ

In ਅਮਰੀਕਾ
September 30, 2025

ਡੇਅਟਨ/ਏ.ਟੀ.ਨਿਊਜ਼ : ਗੁਰਦੁਆਰਾ ਸਿੱਖ ਸੁਸਾਇਟੀ ਆਫ ਡੇਅਟਨ ਦੇ ਗੁਰੂ ਘਰ ਵਿਖੇ ਬੀਤੇ ਦਿਨ ਨੌਜੁਆਨ ਸਭਾ ਵੱਲੋਂ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਪਹਿਲਾਂ ਬੱਚਿਆਂ ਵੱਲੋਂ ਤੇ ਫਿਰ ਗੁਰੂ ਘਰ ਦੇ ਜਥੇ ਭਾਈ ਪ੍ਰੇਮ ਸਿੰਘ ਤੇ ਭਾਈ ਹੇਮ ਸਿੰਘ ਦੇ ਜਥੇ ਨੇ ਗੁਰਬਾਨੀ ਦਾ ਮਨੋਹਰ ਕੀਰਤਨ ਕੀਤਾ।
ਇਸ ਉਪਰੰਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਸਾਲ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਪੰਜਾਬੀ ਭਾਸ਼ਾ ਦਿਵਸ ਦੇ ਤੌਰ ’ਤੇ ਸੰਸਾਰ ਵਿੱਚ ਮਨਾਇਆ ਗਿਆ ਕਿਉਂਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਭ ਤੋਂ ਪੁਰਾਣੀ ਹੈ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਅਮਰੀਕਾ ਵਿੱਚ ਰਹਿੰਦੇ ਹੋਏ ਸਾਨੂੰ ਆਪਣੇ ਬੱਚਿਆਂ ਨੂੰ ਗੁਰਮੁੱਖੀ ਜਰੂਰ ਪੜਾਉਣੀ ਚਾਹੀਦੀ ਹੈ। ਅੰਗਰੇਜ਼ੀ ਤਾਂ ਇਸ ਦੇਸ਼ ਦੀ ਭਾਸ਼ਾ ਹੈ, ਉਹ ਤਾਂ ਬੱਚਿਆਂ ਨੇ ਸਿੱਖ ਲੈਣੀ ਹੈ, ਪਰ ਪੰਜਾਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਸਾਡੇ ਬੱਚੇ ਤਾਂ ਹੀ ਸਮਝਣਗੇ ਜੇ ਅਸੀਂ ਘਰ ਵਿੱਚ ਪੰਜਾਬੀ ਬੋਲੀਏ ਤੇ ਜਦ ਵੱਡੇ ਹੋਣ ਤਾਂ ਉਹਨਾਂ ਨੂੰ ਗੁਰਮੁੱਖੀ ਪੜ੍ਹਾਈਏ। ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਪੜ੍ਹਨ ਤੇ ਲਿਖਣ ਦੀਆਂ ਕਲਾਸਾਂ ਲਗਦੀਆਂ ਹਨ। ਉਹਨਾਂ ਵਿੱਚ ਬੱਚਿਆਂ ਨੂੰ ਭੇਜਿਆ ਕਰੋ। ਉਹਨਾਂ ਕਿਹਾ ਕਿ ਕੀਰਤਨ ਕਰਨਾ ਵੀ ਗੁਰੂ ਘਰ ਵਿੱਚ ਸਿਖਾਇਆ ਜਾਂਦਾ ਹੈ। ਉਸ ਵਿੱਚ ਵੀ ਬੱਚਿਆਂ ਨੂੰ ਹਿੱਸਾ ਲੈਣ ਲਈ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਛੁੱਟੀਆਂ ਵਿੱਚ ਸਿੱਖ ਕੈਂਪ ਲਗਦੇ ਹਨ, ਉਹਨਾਂ ਵਿਚ ਵੀ ਹਿੱਸਾ ਲੈਣ ਲਈ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ ਤਾਂ ਜੁ ਉਹ ਸਿੱਖ਼ ਧਰਮ ਬਾਰੇ ਤੇ ਸਿੱਖ਼ੀ ਰਹਿਣੀ ਬਾਰੇ ਜਾਚ ਸਮਝ ਸਕਣ।
ਸ. ਅਵਤਾਰ ਸਿੰਘ ਸਪਰਿੰਗਫ਼ੀਲਡ ਨੇ ਨੌਜੁਆਨ ਸਭਾ, ਸੰਗਤ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਤੇ ਬੱਚਿਆਂ ਵੱਲੋਂ ਅਖੰਡ ਪਾਠ ਵਿੱਚ ਯੋਗਦਾਨ ਪਾਉਣ, ਕੀਰਤਨ ਕਰਨ, ਲੰਗਰ ਆਦਿ ਦੀ ਸੇਵਾ ਲਈ ਧੰਨਵਾਦ ਕੀਤਾ।
ਕਮੇਟੀ ਮੈਂਬਰ ਕਰਤਾਰ ਸਿੰਘ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਪੀੜਤ ਲੋਕਾਂ ਲਈ ਵੱਧ ਤੋਂ ਵੱਧ ਮਾਇਆ ਭੇਟ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਦਾਨੀ ਸੱਜਣਾਂ ਦੇ ਨਾਂ ਵੀ ਦੱਸੇ ਤੇ ਅਗਲੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ।

Loading