
ਸੈਕਰਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਨਿਊਯਾਰਕ ਸਿਟੀ ਕੰਪਟਰੋਲਰ ਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਡੈਮੋਕਰੈਟਿਕ ਆਗੂ ਬਰਾਡ ਲੈਂਡਰ ਨੂੰ ਮੈਨਹਟਨ ਦੀ ਇਮੀਗ੍ਰੇਸ਼ਨ ਅਦਾਲਤ ਵਿੱਚ ਇੱਕ ਪਰਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਉਪਰੰਤ ਹਿਰਾਸਤ ਵਿੱਚ ਲੈ ਲੈਣ ਦੀ ਖ਼ਬਰ ਹੈ ਹਾਲਾਂਕਿ ਕੁਝ ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਲੈਂਡਰ ਜੋ ਅਗਲੇ ਹਫ਼ਤੇ ਮੇਅਰ ਦੇ ਅਹੁਦੇ ਲਈ ਹੋ ਰਹੀ ਪਾਰਟੀ ਦੀ ਮੁੱਢਲੀ ਚੋਣ ਲਈ ਉਮੀਦਵਾਰ ਹਨ, ਇਮੀਗ੍ਰੇਸ਼ਨ ਅਦਾਲਤ ਦੀਆਂ ਸਰਗਰਮੀਆਂ ੳੁੱਪਰ ਨਜ਼ਰ ਰਖ ਰਹੇ ਹਨ। ਉਹ ਪਰਵਾਸੀਆਂ ਦੇ ਹੱਕਾਂ ਲਈ ਲੜ ਰਹੇ ਹਨ। ਤਕਰੀਬਨ 4 ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਲੈਂਡਰ ਫ਼ੈਡਰਲ ਪਲਾਜ਼ਾ ਜਿਥੇ ਨਿਊਯਾਰਕ ਆਈ. ਸੀ. ਈ. ਦਾ ਫ਼ੀਲਡ ਦਫ਼ਤਰ ਹੈ, ਵਿੱਚੋਂ ਬਾਹਰ ਆਏ। ਇਸ
ਮੌਕੇ ਉਨ੍ਹਾਂ ਦੀ ਪਤਨੀ ਤੇ ਗਵਰਨਰ ਕੈਥੀ ਹੋਸ਼ਲ ਵੀ ਉਨ੍ਹਾਂ ਦੇ ਨਾਲ ਸੀ। ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮੇਰੇ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਜੇਕਰ ਉਹ ਮਾਮਲਾ ਦਰਜ ਕਰਨਗੇ ਤਾਂ ਮੈ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਾਂ, ਮੈਂ ਵਕੀਲ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਉਹ ਪਰਵਾਸੀਆਂ ਨੂੰ ਸੁਚੇਤ ਕਰਨਾ ਚਹੁੰਦੇ ਹਨ ਕਿ ਸੰਘੀ ਏਜੰਟ ਉਨ੍ਹਾਂ ਨੂੰ ਤਾਂ ਹੀ ਗ੍ਰਿਫ਼ਤਾਰ ਕਰ ਸਕਦੇ ਹਨ ਜੇਕਰ ਅਦਾਲਤ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਨਹੀਂ ਦਿੰਦੀ ਤੇ ਉਨ੍ਹਾਂ ਦਾ ਕੇਸ ਰੱਦ ਕਰ ਦਿੰਦੀ ਹੈ।