ਡੋਨਾਲਡ ਟਰੰਪ ’ਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ

In ਮੁੱਖ ਖ਼ਬਰਾਂ
June 25, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਮਹਾਦੋਸ਼ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਬੀਤੇ ਦਿਨੀਂ ਸੰਸਦੀ ਪ੍ਰਵਾਨਗੀ ਤੋਂ ਬਿਨਾਂ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਮਹਾਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਭਾਰੀ ਵੋਟਿੰਗ ਕੀਤੀ। ਇਸ ਸਬੰਧ ਵਿੱਚ ਪ੍ਰਸਤਾਵ ਦੇ ਵਿਰੁੱਧ 344 ਵੋਟਾਂ ਅਤੇ ਹੱਕ ਵਿੱਚ 79 ਵੋਟਾਂ ਪਈਆਂ। ਇਹ ਪ੍ਰਸਤਾਵ ਟੈਕਸਾਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਐਲ ਗ੍ਰੀਨ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਸ ’ਤੇ ਸੰਖੇਪ ਚਰਚਾ ਹੋਈ।
ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਪ੍ਰਸਤਾਵ ਵਿਰੁੱਧ ਵੋਟਿੰਗ ਕੀਤੀ। ਗ੍ਰੀਨ ਨੇ ਵੋਟਿੰਗ ਤੋਂ ਪਹਿਲਾਂ ਕਿਹਾ, ‘ਮੈਂ ਇਹ ਇਸ ਲਈ ਕਰ ਰਿਹਾ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਅਮਰੀਕੀ ਸੰਸਦ ਨਾਲ ਸਲਾਹ ਕੀਤੇ ਬਿਨਾਂ 30 ਕਰੋੜ ਲੋਕਾਂ ਨੂੰ ਯੁੱਧ ਵਿੱਚ ਸੁੱਟਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜਾਂ ਤਾਂ ਸੰਵਿਧਾਨ ਸਾਰਥਕ ਸਾਬਤ ਹੋਵੇਗਾ ਜਾਂ ਇਹ ਅਰਥਹੀਣ ਹੋ ਜਾਵੇਗਾ।’ ਟਰੰਪ ’ਤੇ ਮਹਾਦੋਸ਼ ਲਗਾਉਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ, ਪਰ ਇਹ ਦਰਸਾਉਂਦਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਸਾਰੇ ਮੈਂਬਰ ਉਨ੍ਹਾਂ ਦੇ ਪ੍ਰਸ਼ਾਸਨ ਤੋਂ ਅਸਹਿਜ ਹਨ, ਖਾਸ ਕਰਕੇ ਇਰਾਨ ਦੇ ਪਰਮਾਣੂ ਕੇਂਦਰਾਂ ’ਤੇ ਅਚਾਨਕ ਹਮਲੇ ਤੋਂ ਬਾਅਦ, ਜੋ ਕਿ ਪੱਛਮੀ ਏਸ਼ੀਆ ਦੇ ਮਾਮਲਿਆਂ ਵਿੱਚ ਇੱਕ ਜੋਖਮ ਭਰਿਆ ਦਖਲ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਗ੍ਰੀਨ ਦੀ ਸਿੱਧੇ ਤੌਰ ’ਤੇ ਆਲੋਚਨਾ ਨਹੀਂ ਕੀਤੀ, ਸਗੋਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਧਿਆਨ ਹੋਰ ਮੁੱਦਿਆਂ ’ਤੇ ਹੈ।
ਮਹਾਦੋਸ਼ ਦੇ ਮਾਮਲਿਆਂ ਵਿੱਚ ਆਮ ਤੌਰ ’ਤੇ ਪਾਰਟੀ ਲੀਡਰਸ਼ਿਪ ਵੱਲੋਂ ਕਿਸੇ ਖਾਸ ਤਰੀਕੇ ਨਾਲ ਵੋਟ ਪਾਉਣ ਦਾ ਕੋਈ ਦਬਾਅ ਨਹੀਂ ਹੁੰਦਾ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਤੀਨਿਧੀ ਸਭਾ ਵਿੱਚ ਡੈਮੋਕ੍ਰੇਟਿਕ ਕਾਕਸ ਦੇ ਚੇਅਰਮੈਨ ਪੀਟ ਐਗੁਇਲਰ ਨੇ ਆਉਣ ਵਾਲੇ ਦਿਨਾਂ ਵਿੱਚ ਸੰਸਦ ਵਿੱਚ ਪਾਸ ਹੋਣ ਵਾਲੇ ਟਰੰਪ ਦੇ ਵੱਡੇ ਟੈਕਸ ਛੋਟ ਪੈਕੇਜ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ’ਤੇ ਧਿਆਨ ਕੇਂਦਰਿਤ ਕਰਨਾ ਇੱਕ ਭਟਕਣਾ ਹੋਵੇਗੀ, ਕਿਉਂਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜਿਸ ’ਤੇ ਅਸੀਂ ਧਿਆਨ ਕੇਂਦਰਿਤ ਕਰ ਸਕਦੇ ਹਾਂ।’
ਡੈਮੋਕ੍ਰੇਟਿਕ ਪਾਰਟੀ ਨੇ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੋ ਵਾਰ ਮਹਾਦੋਸ਼ ਪ੍ਰਸਤਾਵ ਪੇਸ਼ ਕੀਤੇ ਹਨ। 2019 ਵਿੱਚ ਰੂਸੀ ਫ਼ੌਜੀ ਹਮਲੇ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਨੂੰ ਦਿੱਤੇ ਗਏ ਫੰਡਾਂ ਨੂੰ ਰੋਕਣ ਲਈ ਉਨ੍ਹਾਂ ਵਿਰੁੱਧ ਪਹਿਲਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਟਰੰਪ ਦੇ ਸਮਰਥਕਾਂ ਨੇ 2021 ਵਿੱਚ ਰਾਸ਼ਟਰਪਤੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਦੀ ਜਿੱਤ ਦੇ ਵਿਰੋਧ ਵਿੱਚ 6 ਜਨਵਰੀ ਨੂੰ ਕੈਪੀਟਲ ਹਿੱਲ ’ਤੇ ਹਮਲਾ ਕੀਤਾ ਸੀ, ਜਿਸ ਲਈ ਟਰੰਪ ਦੇ ਵਿਰੁੱਧ ਦੂਜਾ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਦੋਵਾਂ ਮਹਾਂਦੋਸ਼ ਮਾਮਲਿਆਂ ਵਿੱਚ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਟਰੰਪ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦਾ ਮੌਕਾ ਮਿਲਿਆ।

Loading