ਡੋਲੀ ਚੁੱਕ ਲਓ ਕਹਾਰੋ ਮੇਰੀ…….

ਪੁਰਾਤਨ ਸਮਿਆਂ ਵਿੱਚ ਰਾਜੇ ਰਜਵਾੜੇ ਨਵਾਬਾਂ ਦੀ ਸਵਾਰੀ ਆਮ ਤੌਰ ’ਤੇ ਹਾਥੀ ਘੋੜੇ ਬੱਗੀ ਤੇ ਰੱਥ ਹੁੰਦੇ ਸੀ। ਆਰਥਿਕ ਤੇ ਰਾਜਨੀਤਿਕ ਦਰਜੇ ਅਨੁਸਾਰ ਇਹ ਸਵਾਰੀ ਦੀ ਵਰਤੋਂ ਕਰਦੇ ਸੀ ਇਨ੍ਹਾਂ ਘਰਾਣਿਆਂ ਨਾਲ ਸਬੰਧਿਤ ਰੱਥਾਂ ਨੂੰ ਆਮ ਤੌਰ ’ਤੇ ਘੋੜੇ ਖਿੱਚਦੇ ਸਨ ਅਤੇ ਰਥਵਾਨ ਜਾਂ ਸਾਰਥੀ ਚਲਾਉਂਦੇ ਸਨ। ਰੱਥਾਂ ਅੱਗੇ ਦੋ ਘੋੜੇ ਤੇ ਕਈਆਂ ਅੱਗੇ ਦੋ ਤੋਂ ਵੱਧ ਘੋੜੇ ਵੀ ਜੁੜੇ ਜਾਂਦੇ ਸਨ ਪਰ ਵੱਧ ਘੋੜੇ ਸੰਭਾਲਣੇ ਤੇ ਚਲਾਉਣੇ ਹਰ ਇੱਕ ਸਾਰਥੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੀ। ਰਾਣੀਆਂ ਬੇਗਮਾਂ ਤੇ ਰਾਜਕੁਮਾਰੀਆਂ ਦੇ ਜਾਣ ਆਉਣ ਲਈ ਬੱਗੀ ਜਾਂ ਪਾਲਕੀ ਦੀ ਵਰਤੋਂ ਹੁੰਦੀ ਸੀ। ਪਾਲਕੀ ਨੂੰ ਆਮ ਤੌਰ ’ਤੇ ਸੇਵਕ ਹੀ ਚੁੱਕਦੇ ਸਨ। ਅਮੀਰ ਲੋਕਾਂ ਦੀ ਸਵਾਰੀ ਘੋੜੇ ਰੱਥ ਗੱਡੇ ਤੇ ਗਡਬੈਰ ਵਰਤੇ ਜਾਂਦੇ ਸਨ। ਇਨ੍ਹਾਂ ਅੱਗੇ ਆਮ ਤੌਰ ’ਤੇ ਸੀਲ ਤੇ ਸਡੋਲ ਬਲਦ ਜੋੜੇ ਜਾਂਦੇ ਸਨ ਕਈ ਵਾਰ ਜੇ ਰਾਸਤਾ ਰੇਤਲਾ ਜਾਂ ਚੀਕਣਾ ਹੁੰਦਾ ਤਾਂ ਰੱਥ ਜਾਂ ਗੱਡੇ ਅੱਗੇ ਚੌਕੜੇ ਚਾਰ ਬੈਲ ਜੋੜ ਦਿੰਦੇ ਸਨ ਤੇ ਕਿਸੇ ਸਿਆਣੇ ਗਾਡੀ ਨੂੰ ਰੱਥ ਜਾਂ ਗੱਡਾ ਹੱਕਣ ਲਾਉਂਦੇ ਸਨ। ਵਿਆਹ ਸ਼ਾਦੀਆਂ ਵਿੱਚ ਸਮਰੱਥਾ ਅਨੁਸਾਰ ਰੱਥ ਜਾਂ ਗੱਡ ਬੈਲ ਦੀ ਵਰਤੋਂ ਕੀਤੀ ਜਾਂਦੀ ਸੀ।
ਰੱਥ ਵਿੱਚ ਸਾਰਥੀ ਤੋਂ ਪਿੱਛੋਂ ਨੂੰ ਮੂੰਹ ਕਰ ਕੇ ਦੋ ਸੀਟਾਂ ਤੇ ਵਿਚਲੇ ਪਾਸੇ ਅੱਗੇ ਨੂੰ ਮੂੰਹ ਕਰ ਕੇ ਦੋ ਵਾਲੀ ਸੀਟ ਇਸ ਤਰ੍ਹਾਂ ਚਾਰ ਜਣੇ ਆਹਮੋ ਸਾਹਮਣੇ ਬੈਠ ਸਕਦੇ ਸੀ। ਇੱਕ ’ਤੇ ਲਾੜਾ, ਸਰਵਾਲਾ ਤੇ ਦੂਜੀ ’ਤੇ ਦੁਲਹਨ ਅਤੇ ਉਸ ਦੀ ਸੇਵਾਦਾਰ ਗੋਲ਼ੀ ਬੈਠਦੀਆਂ ਸਨ। ਕਿਸੇ ਵੀ ਦੁਲਹਨ ਨਾਲ ਪਹਿਲੀ ਵਾਰ ਨਗਰ ਦੀ ਸਤਿਕਾਰਯੋਗ ਨੈਨ ਮਾਈ ਸਹੁਰੇ ਜਾਂਦੀ ਸੀ, ਇਸ ਨਾਲ ਲੜਕੀ ਨੂੰ ਮਾਨਸਿਕ ਤੇ ਮਨੋਵਿਗਿਆਨਿਕ ਬਲ ਮਿਲਦਾ ਸੀ। ਸੰਗ ਜਾਂ ਝਿਜਕ ਦੀ ਕੋਈ ਗੱਲ ਜਾਂ ਜ਼ਰੂਰਤ ਉਸ ਨਾਲ ਸਾਂਝੀ ਕਰ ਸਕਦੀ ਸੀ। ਇੱਕ ਤਰ੍ਹਾਂ ਦੀ ਉਹ ਸਹੇਲੀ ਮਾਂ ਦਾ ਰੋਲ ਅਦਾ ਕਰਦੀ ਸੀ। ਕਈ ਵਾਰ ਜੇ ਰੱਥ ਜਾਂ ਗੱਡਾ ਨਾ ਹੋਵੇ ਤਾਂ ਸਫ਼ਰ ਨੇੜੇ ਹੁੰਦਾ ਤਾਂ ਡੋਲੀ ਵਿੱਚ ਵੀ ਦੁਲਹਨ ਦੇ ਨੈਨ ਮਾਈ ਜਾਂਦੀਆਂ ਤੇ ਦੁਲਾ ਅਤੇ ਬਰਾਤ ਸਭ ਹਾਲਤ ਵਿੱਚ ਆਪਣੇ ਸਾਧਨ ਤੇ ਡੋਲੀ ਦੇ ਨਾਲ-ਨਾਲ ਅੱਗੇ ਪਿੱਛੇ ਚੱਲਦੇ ਰਹਿੰਦੇ ਸੀ। ਗੱਡੀ ਜਾਂ ਬੱਗੀ ਦਾ ਛੱਤ ਵਾਲਾ ਭਾਗ ਗੁੰਬਦਨੁਮਾ ਹੋਣ ਕਰਕੇ ਬਾਰਿਸ਼ ਤੋਂ ਬਚਾ ਕਰਦਾ ਸੀ। ਉਸ ਸਮੇਂ ਭਾਵੇਂ ਰੱਥ ਹੋਵੇ ਤੇ ਭਾਵੇਂ ਗੱਡਾ ਜਾਂ ਬੈਲ ਗੱਡੀ, ਪਹੀਏ ਸਭਨਾਂ ਦੇ ਲੱਕੜੀ ਦੇ ਹੀ ਬਣੇ ਹੁੰਦੇ ਸਨ। ਗਰਮੀ ਨਾਲ ਜਾਂ ਸਫ਼ਰ ਵਿੱਚ ਚੱਲਣ ਨਾਲ ਗਰਮ ਹੋਈ ਖੁਸ਼ਕ ਲੱਕੜੀ ਤੇੜਾਂ ਪਾ ਕੇ ਪਾਟਦੀ ਸੀ। ਪਹੀਏ ਦਾ ਟੁੱਟਣ ਦਾ ਡਰ ਰਹਿੰਦਾ ਸੀ ਇਸ ਦੇ ਬਚਾਓ ਦੀ ਸੁੱਖਾਂ ਸੁੱਖਦੀ ਮਾਂ ਬੜੇ ਸ਼ਰਧਾ ਤੇ ਪਿਆਰ ਨਾਲ ਖੁੱਲ੍ਹਾ ਪਾਣੀ ਪਹੀਆਂ ’ਤੇ ਪਾਉਂਦੀ ਸੀ ਤਾਂ ਜੋ ਰਸਤੇ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਸ ਤਰ੍ਹਾਂ ਪਹੀਆਂ ਵਿਚਲੇ ਲੋਹੇ ਦੇ ਧੁਰੇ ਨੂੰ ਤੇਲ ਖ਼ਲ ਦਾ ਲੇਪ ਲਗਾ ਕੇ ਚੰਗੀ ਤਰ੍ਹਾਂ ਚੋਪੜਿਆ ਹੁੰਦਾ ਸੀ। ਪਹੀਏ ਦੀ ਨਾਭੀ ਵੀ ਚੰਗੀ ਤਰ੍ਹਾਂ ਅੰਦਰੋਂ ਚੋਪੜ ਦਿੰਦੇ ਸਨ। ਇਸ ਤਰ੍ਹਾਂ ਮਾਂ ਵੱਲੋਂ ਪਾਣੀ ਦੀ ਰਸਮ ਤੋਂ ਦੁਲਹਨ ਦੇ ਭਰਾ ਰੱਥ ਜਾਂ ਬੈਲ ਗੱਡੀ ਨੂੰ ਧੱਕਾ ਲਾਉਂਦੇ ਤਾਂ ਜੋ ਅੱਗੇ ਜੋੜੇ ਘੋੜਿਆਂ ਜਾਂ ਬਲਦਾਂ ਦਾ ਇਕਦਮ ਜ਼ੋਰ ਨਾ ਲੱਗੇ। ਵਾਹਨ ਨੂੰ ਝਟਕਾ ਨਾ ਵਜੇ। ਸਾਧਨਾ ਅਨੁਸਾਰ ਇਹ ਉਸ ਸਮੇਂ ਦੀਆਂ ਲੋੜਾਂ ਸੀ। ਇਸ ਤਰ੍ਹਾਂ ਇਨ੍ਹਾਂ ਦੀ ਪੂਰਤੀ ਲਈ ਉਸ ਸਮੇਂ ਦੀ ਵਿਗਿਆਨਿਕ ਵਿਧੀ ਨੂੰ ਸ਼ੁਭ ਸ਼ਗਨ ਅਤੇ ਧਾਰਮਿਕ ਭਾਵਨਾ ਦੀ ਸ਼ਰਧਾ ਨਾਲ ਰਸਮ ਵਾਂਗ ਨਿਭਾਉਣਾ ਇਹ ਬੜੀ ਸਮਝਦਾਰੀ ਨਾਲ ਲੱਭੇ ਹੱਲ ਸਨ।
ਸਮਾਂ, ਸਮਾਜ, ਵਿਗਿਆਨ ਅਤੇ ਵਿਕਾਸ ਆਪਣੀ ਗਤੀ ਨਾਲ ਚਲਦੇ ਰਹਿੰਦੇ ਹਨ। ਲੱਕੜ ਦੇ ਪਹੀਆਂ ਤੋਂ ਟਿਊਬਲੈਸ ਟਾਇਰ ਤੱਕ ਪਹੁੰਚ ਗਿਆ ਹੈ। ਕਾਰ ਹਵਾਈ ਜਹਾਜ਼, ਹੈਲੀਕਾਪਟਰ ਤੱਕ ਪਹੁੰਚ ਗਿਆ ਹੈ ਨਾਲੋਂ ਨਾਲ ਜਨਤਾ ਦੀ ਸਵਾਰੀ ਸਾਈਕਲ ਵੀ ਹਵਾ ਭਰ ਕੇ ਟਿਊਬ ਟਾਇਰ ਵਾਲੇ ਪਹੀਏ ਬਣ ਗਏ ਹਨ, ਇਹ ਸਭੇ ਲੱਕੜ ਦੇ ਪਹੀਏ ਦਾ ਵਿਕਾਸ ਹੀ ਹੈ। ਵਿਆਹ ਸ਼ਾਦੀਆਂ ਨੇ ਵੀ ਸਮੇਂ ਦੇ ਨਾਲ ਆਪਣੇ ਢੰਗ ਤਰੀਕੇ ਅਤੇ ਸਰੂਪ ਬਦਲ ਲਏ। ਗੀਤ ਗਿੱਧੇ ਭੰਗੜੇ ਤੇ ਸਿੱਠਣੀਆਂ ਤਾਂ ਉਹੀ ਹਨ ਫਿਰ ਵੀ ਇਨ੍ਹਾਂ ਵਿੱਚ ਆਰਕੈਸਟਰਾ ਵਗੈਰਾ ਦੇ ਵਾਧੇ ਵੀ ਹੋ ਗਏ ਹਨ। ਮਸ਼ੀਨਾਂ ਰਾਹੀਂ ਰਿਕਾਰਡ ਕੀਤੇ ਗੀਤ ਸੰਗੀਤ ਵੀ ਆਪਣਾ ਰੰਗ ਵਿਖਾ ਹੀ ਦਿੰਦੇ ਹਨ। ਡੋਲੀ ਦੀ ਵਿਦਾਈ ਕਈ ਵਾਰ ਪੈਲੇਸ ਤੋਂ ਅਤੇ ਕਦੇ ਕਦਾਈਂ ਘਰੋਂ ਕੀਤੀ ਜਾਂਦੀ ਹੈ। ਹੁਣ ਲੜਕੀ ਦੇ ਨਾਲ ਡੋਲੀ ਵਿੱਚ ਗੋਲੀ ਜਾਂ ਨੈਣ ਜਾਣ ਦਾ ਰਿਵਾਜ ਤਾਂ ਲਗਭਗ ਬੰਦ ਹੀ ਹੋ ਗਿਆ ਸਗੋਂ ਇਹ ਕੰਮ ਹੁਣ ਵਿਚੋਲਣ ਨਿਭਾ ਦਿੰਦੀ ਹੈ। ਬਾਕੀ ਰਸਮਾਂ ਤਾਂ ਪ੍ਰਚਲਿਤ ਹਨ।
ਵਿਦਾਈ ਤਾਂ ਉਸੇ ਤਰ੍ਹਾਂ ਹੁੰਦੀ ਹੈ ਪਰ ਰੱਥ ਜਾਂ ਬੈਲ ਗੱਡੀ ਦੀ ਥਾਂ ’ਤੇ ਕਾਰ ਆ ਗਈ ਹੈ। ਮਾਂ ਉਸੇ ਤਰ੍ਹਾਂ ਹੀ ਕਾਰ ਦੇ ਪਹੀਏ ’ਤੇ ਪਾਣੀ ਪਾਉਂਦੀ ਹੈ ਤੇ ਭਰਾ ਕਾਰ ਨੂੰ ਧੱਕਾ ਲਾਉਂਦੇ ਹਨ। ਕਾਰ ਵਿੱਚ ਦੁੱਲਾ ਦੁਲਹਨ ਤੇ ਕੋਈ ਹੋਰ ਸਵਾਰੀ ਤੇ ਕਈ ਵਾਰ ਵਿਚੋਲਣ ਹੁੰਦੇ ਹਨ। ਮੇਲਣਾ ਨਾਲ ਗੀਤ ਗਾਉਂਦੀਆਂ ਰਹਿੰਦੀਆਂ ਹਨ। ਮਾਂ ਤੇ ਬਾਪ ਧੀ ਤੋਰ ਕੇ ਉਦਾਸ ਜਿਹੇ ਅਗਲੇ ਦਿਨ ਦੁਲਹਨ ਦੀ ਵਾਪਸ ਲਈ ਭਰਾ ਤੇ ਹੋਰ ਕਿਸ ਕਿਸ ਨੇ ਜਾਣਾ ਹੈ, ਦੀ ਸਲਾਹ ਕਰਨ ਲੱਗਦੇ ਹਨ।

-ਜਸਵੀਰ ਸ਼ਰਮਾ ਦੱਦਾਹੂਰ

Loading