ਡੱਲੇਵਾਲ ਨੂੰ ਮਨਾਉਣ ਪੁੱਜੇ ਡੀਜੀਪੀ ਤੇ ਕੇਂਦਰੀ ਅਧਿਕਾਰੀ

In ਮੁੱਖ ਖ਼ਬਰਾਂ
December 16, 2024
ਪਟਿਆਲਾ/ਪਾਤੜਾਂ, 16 ਦਸੰਬਰ: ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਲਈ ਕੇਂਦਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਪਟਿਆਲਾ ਵਿਚਲੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਪਹੁੰਚ ਕੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਮਰਨ ਵਰਤ ਤੋੜਨ ਦੀ ਅਪੀਲ ਕੀਤੀ। ਇਸ ਦੌਰਾਨ ਡੀਜੀਪੀ ਨੇ ਕਿਹਾ ਕਿ ਇਸ ਅੰਦੋਲਨ ਦੀਆਂ ਮੰਗਾਂ ਨੂੰ ਜਾਇਜ਼ ਮੰਨਦੀ ਹੋਈ ਪੰਜਾਬ ਸਰਕਾਰ ਇਨ੍ਹਾਂ ਦੀ ਪੂਰਤੀ ਲਈ ਵੀ ਯਤਨਸ਼ੀਲ ਹੈ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਸੁਨੇਹਾ ਭੇਜਿਆ ਹੈ ਕਿ ਇਸ ਅੰਦੋਲਨ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਡੱਲੇਵਾਲ ਵਰਗੇ ਜੁਝਾਰੂ, ਸੁਲਝੇ ਤੇ ਸੰਜੀਦਾ ਕਿਸਾਨ ਆਗੂ ਦੀ ਅਗਵਾਈ ਦੀ ਲੋੜ ਹੈ। ਪੰਜਾਬ ਸਰਕਾਰ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਦੇਖ ਸਕਦੀ ਤੇ ਪੁਲੀਸ ਵੀ ਉਨ੍ਹਾਂ ਨਾਲ ਜਬਰੀ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਬੇਨਤੀ ਕਬੂਲਦਿਆਂ ਉਨ੍ਹਾਂ ਨੂੰ ਖੁਦ ਹੀ ਮਰਨ ਵਰਤ ਤਿਆਗ ਦੇਣਾ ਚਾਹੀਦਾ ਹੈ। ਪਟਿਆਲਾ ਦੇ ਡੀਆਈਜੀ ਮਨਦੀਪ ਸਿੱਧੂ, ਐੱਸਐੱਸਪੀ ਡਾ. ਨਾਨਕ ਸਿੰਘ, ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਚਰਨਜੀਤ ਸਿੰਘ ਮਾਂਗਟ ਅਤੇ ਡੀਸੀ ਡਾ. ਪ੍ਰੀਤੀ ਯਾਦਵ ਵੀ ਉਨ੍ਹਾਂ ਦੇ ਨਾਲ ਸਨ। ਡੀਜੀਪੀ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ, ਇਸੇ ਕਰਕੇ ਉਹ ਅਤੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਮਿਸ਼ਰਾ ਉਚੇਚੇ ਤੌਰ ’ਤੇ ਆਏ ਹਨ। ਡੀਜੀਪੀ ਨੇ ਇਸ ਮੌਕੇ ਡੱਲੇਵਾਲ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਕਾਕਾ ਸਿੰਘ ਕੋਟੜਾ ਅਤੇ ਅਭਿਮੰਨਿਯੂ ਕੋਹਾੜ ਸਮੇਤ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਇਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਇੱਕ ਹੋਟਲ ’ਚ ਕੁਝ ਪ੍ਰਮੁੱਖ ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕੀਤੀ।

Loading