ਡੱਲੇਵਾਲ ਨੇ ਸਭ ਤੋਂ ਵੱਡਾ ਅਤੇ ਇਤਿਹਾਸਕ ਸੱਤਿਆਗ੍ਰਹਿ ਕੀਤਾ :ਅਭਿਮਨਿਊ ਕੋਹਾੜ

In ਪੰਜਾਬ
January 22, 2025
ਖਨੌਰੀ/ਏ.ਟੀ.ਨਿਊਜ਼: ਖਨੌਰੀ ਬਾਰਡਰ ਤੋਂ ਹਰਿਆਣੇ ਦੇ ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕ ਅਕਸਰ ਕਹਿੰਦੇ ਸਨ ਕਿ ਸਰਕਾਰ ਕਿਸੇ ਦੀ ਨਹੀਂ ਸੁਣਦੀ,ਪਰ ਡੱਲੇਵਾਲ ਜੀ ਨੇ ਸਭ ਤੋਂ ਲੰਬਾ ਅਤੇ ਇਤਿਹਾਸਕ ਸੱਤਿਆਗ੍ਰਹਿ ਕਰ ਕੇ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੋਰਚਿਆਂ ਦੇ ਆਗੂਆਂ ਅਤੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰ ਕੇ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਲਈ ਸਾਨੂੰ ਜਿੱਤ ਤੱਕ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗਿਣਤੀ ’ਚ ਮੋਰਚਿਆਂ ’ਤੇ ਮੌਜੂਦ ਰਹਿਣਾ ਪਵੇਗਾ। ਇਸ ਲਈ, ਅਸੀਂ ਪੂਰੇ ਦੇਸ਼ ਦੇ ਕਿਸਾਨਾਂ, ਖਾਸ ਕਰ ਕੇ ਪੰਜਾਬ, ਹਰਿਆਣਾ ਦੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਸਮਾਂ ਦੋਵਾਂ ਮੋਰਚਿਆਂ ਦੁਆਰਾ ਐਲਾਨੇ ਗਏ ਆਉਣ ਵਾਲੇ ਪ੍ਰੋਗਰਾਮਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਲਾਗੂ ਕਰਨ ਦਾ ਹੈ। ਇਹ ਸਮਾਂ ਮੋਰਚਿਆਂ ਨੂੰ ਹੋਰ ਵੀ ਮਜ਼ਬੂਤ ਰੱਖਣ ਦਾ ਹੈ ਤਾਂ ਕਿ ਅਸੀਂ ਇੱਕ ਪੜਾਅ ਤਾਂ ਪਾਰ ਕਰ ਲਿਆ ਹੈ ਅਤੇ ਹੋਰ ਵੀ ਪੜਾਅ ਪਾਰ ਕਰਨੇ ਬਾਕੀ ਹਨ। ਕੋਹਾੜ ਨੇ ਕਿਹਾ ਕਿ ਮੋਰਚੇ ਨੂੰ ਜਿੱਤ ਵੱਲ ਲੈ ਜਾ ਸਕੀਏ, ਇਸ ਲਈ ਮਹਾਰਾਸ਼ਟਰ ਦੇ ਜਿਲ੍ਹੇ ਅੰਦਰ ਇੱਕ ਦਿਨ ਲਈ ਭੁੱਖ ਹੜਤਾਲ ਕੀਤੀ ਗਈ ਅਤੇ ਭੁੱਖ ਹੜਤਾਲ ਤੋਂ ਬਾਅਦ, ਜ਼ਿਲ੍ਹਾ ਅਧਿਕਾਰੀ ਰਾਹੀਂ ਕੇਂਦਰ ਸਰਕਾਰ ਨੂੰ ਐਮਐਸਪੀ ਗਰੰਟੀ ਐਕਟ ਦੇ ਹੱਕ ’ਚ ਆਪਣਾ ਮੰਗ ਪੱਤਰ ਵੀ ਭੇਜਿਆ ਹੈ। ਇਸ ਅੰਦੋਲਨ ਦੀਆਂ ਜੋ 13 ਮੰਗਾਂ ਹਨ ਉਹੀ ਭੇਜੀਆਂ ਗਈਆਂ ਹਨ।

Loading