ਮੌਜੂਦਾ ਯੁੱਗ ਨੂੰ ਤਕਨੀਕੀ ਯੁੱਗ ਕਿਹਾ ਜਾਂਦਾ ਹੈ। ਅਜਿਹਾ ਦੌਰ ਜਿਸ ਵਿੱਚ ਗਿਆਨ ਪ੍ਰਾਪਤੀ ਦੇ ਅਣਗਿਣਤ ਸਾਧਨ ਹਨ ਪਰ ਫਿਰ ਵੀ ਸਿੱਖਿਆ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਘਟਦੀ ਜਾ ਰਹੀ ਹੈ। ਪੁਰਾਣੇ ਸਮੇਂ ’ਚ ਸਿੱਖਿਆ ਇੱਕ ਉੱਚ ਆਦਰਸ਼ ਸੀ, ਅਧਿਆਪਕ ਨੂੰ ਵੀ ਪਰਮਾਤਮਾ ਦਾ ਰੂਪ ਸਮਝਿਆ ਜਾਂਦਾ ਸੀ ਤੇ ਵਿਦਿਆਰਥੀ ਉਸ ਦੀ ਹਰ ਗੱਲ ਨੂੰ ਆਦਰ ਨਾਲ ਸੁਣਦਾ ਤੇ ਮੰਨਦਾ ਸੀ। ਅੱਜ ਦਾ ਦੌਰ ਏਨਾ ਬਦਲ ਗਿਆ ਹੈ ਕਿ ਅਧਿਆਪਕ ਨੂੰ ਕੁਝ ਵੀ ਕਹਿਣ ਦੀ ਆਜ਼ਾਦੀ ਨਹੀਂ ਹੈ। ਵਿਦਿਆਰਥੀਆਂ ’ਚ ਨਾ ਕੋਈ ਡਰ ਹੈ ਅਤੇ ਨਾ ਹੀ ਸਮਝਣ ਦੀ ਕੋਈ ਇੱਛਾ। ਇਹ ਬਦਲਾਅ ਸਿਰਫ਼ ਵਿਦਿਆਰਥੀਆਂ ਦੀ ਸੋਚ ਦਾ ਮਾਮਲਾ ਨਹੀਂ ਸਗੋਂ ਸਮਾਜਿਕ ਤੇ ਤਕਨੀਕੀ ਤਬਦੀਲੀਆਂ ਦਾ ਨਤੀਜਾ ਹੈ। ਪੁਰਾਣੇ ਸਮੇਂ ’ਚ ਮਾਤਾ-ਪਿਤਾ, ਸਮਾਜ ਅਤੇ ਅਧਿਆਪਕ ਤਿੰਨੋਂ ਮਿਲ ਕੇ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਦੇ ਸੀ। ਅੱਜ ਦੀ ਪੀੜ੍ਹੀ ਇਨ੍ਹਾਂ ਤਿੰਨਾਂ ਤੋਂ ਦੂਰ ਹੁੰਦੀ ਜਾ ਰਹੀ ਹੈ।
ਪੁਰਾਣੇ ਸਮੇਂ ’ਚ ਵਿਦਿਆਰਥੀ ਅਧਿਆਪਕ ਨੂੰ ਗੁਰੂ ਮੰਨਦਾ ਸੀ। ਗੁਰੂ-ਸ਼ਿਸ਼ ਦਾ ਰਿਸ਼ਤਾ ਸਿਰਫ਼ ਕਿਤਾਬੀ ਗਿਆਨ ਤਕ ਸੀਮਤ ਨਹੀਂ ਸੀ ਸਗੋਂ ਜੀਵਨ ਨੂੰ ਸਹੀ ਰਸਤੇ ’ਤੇ ਲਿਜਾਣ ਵਾਲਾ ਰੂਹਾਨੀ ਨਾਤਾ ਸੀ। ਵਿਦਿਆਰਥੀ ਵੱਲੋਂ ਅਧਿਆਪਕ ਦੀ ਕਹੀ ਹਰ ਗੱਲ ਨੂੰ ਪਰਮ ਸੱਚ ਮੰਨਿਆ ਜਾਂਦਾ ਸੀ। ਉਨ੍ਹਾਂ ਵਿਚ ਸਿੱਖਣ ਦੀ ਭੁੱਖ ਜ਼ਿਆਦਾ ਸੀ। ਖੇਡ ਤੇ ਮਨੋਰੰਜਨ ਵੀ ਸੀ ਪਰ ਹੱਦ ਵਿਚ। ਮਾਤਾ-ਪਿਤਾ ਅਤੇ ਅਧਿਆਪਕ ਦੀ ਇੱਜ਼ਤ ਸੰਸਕਾਰਾਂ ਦੀ ਨੀਂਹ ਹੁੰਦੀ ਸੀ। ਬੇਸ਼ੱਕ ਸਾਧਨ ਘੱਟ ਸਨ ਪਰ ਸਿੱਖਣ ਦੀ ਲਗਨ ਜ਼ਿਆਦਾ ਸੀ। ਸਕੂਲਾਂ ’ਚ ਸਹੂਲਤਾਂ ਘੱਟ ਸਨ ਪਰ ਗਿਆਨ ਦਾ ਪੱਧਰ ਉੱਚਾ ਸੀ।
ਅੱਜ ਦੇ ਵਿਦਿਆਰਥੀ ਤਕਨਾਲੋਜੀ ਦੀਆਂ ਬੇੜੀਆਂ ’ਚ ਜਕੜੇ ਗਏ ਹਨ। ਸਾਰਿਆਂ ਕੋਲ ਮੋਬਾਈਲ, ਇੰਟਰਨੈੱਟ, ਸਮਾਰਟ ਕਲਾਸਰੂਮ ਤੇ ਬੇਹੱਦ ਸਹੂਲਤਾਂ ਹਨ। ਫਿਰ ਵੀ ਉਨ੍ਹਾਂ ਦੀ ਸਿੱਖਿਆ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ। ਅੱਜ ਦੇ ਵਿਦਿਆਰਥੀ ’ਚ ਜੋ ਕਮੀਆਂ ਦੇਖਣ ਨੂੰ ਮਿਲਦੀਆਂ ਹਨ, ਉਸ ਵਿਚ ਅਨੁਸ਼ਾਸਨ ਦੀ ਕਮੀ, ਅਧਿਆਪਕ ਦੀ ਇੱਜ਼ਤ ਨਾ ਕਰਨਾ, ਪੜ੍ਹਾਈ ਪ੍ਰਤੀ ਬੇਰੁਖ਼ੀ, ਮੋਬਾਈਲ ਤੇ ਸੋਸ਼ਲ ਮੀਡੀਆ ਦੀ ਲਤ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣਾ ਮੁੱਖ ਤੌਰ ’ਤੇ ਸ਼ਾਮਿਲ ਹਨ।
ਵਿਦਿਆਰਥੀਆਂ ’ਚ ਅਧਿਆਪਕ ਨੂੰ ਡਰਾਉਣ ਜਾਂ ਮਨਮਰਜ਼ੀ ਕਰਨ ਦੀ ਸੋਚ ਤੇਜ਼ੀ ਨਾਲ ਪੈਦਾ ਹੋ ਰਹੀ ਹੈ। ਕਈ ਵਾਰ ਤਾੜਨਾ ਕਰਨ ’ਤੇ ਵੀ ਉਸ ਨੂੰ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਦਾ ਕਾਰਨ ਮਾਤਾ-ਪਿਤਾ ਦੇ ਰਵੱਈਏ ਵਿਚ ਆਇਆ ਬਦਲਾਅ ਹੈ। ਉਹ ਆਪਣੇ ਬੱਚਿਆਂ ਦੀ ਹਰ ਗਲਤੀ ਨੂੰ ਜਾਇਜ਼ ਠਹਿਰਾਉਂਦੇ ਹਨ ਤੇ ਅਧਿਆਪਕ ਵਿਰੁੱਧ ਤੁਰੰਤ ਖੜ੍ਹੇ ਹੋ ਜਾਂਦੇ ਹਨ। ਅਣਜਾਣੇ ’ਚ ਮਾਤਾ-ਪਿਤਾ ਬੱਚੇ ਨੂੰ ਪਿਆਰ ਦੀ ਆੜ ’ਚ ਅਨੁਸ਼ਾਸਨ ਤੋਂ ਦੂਰ ਕਰ ਰਹੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਬੱਚਿਆਂ ਨੂੰ ਨਾ ਮਾਤਾ-ਪਿਤਾ ਦਾ ਡਰ ਰਿਹਾ ਹੈ ਤੇ ਨਾ ਅਧਿਆਪਕ ਦੀ ਇੱਜ਼ਤ।
ਕੁਝ ਸਮੇਂ ਪਿੱਛੇ ਝਾਤ ਮਾਰੀਏ ਤਾਂ ਪੁਰਾਣੀ ਪੀੜ੍ਹੀ ਬੱਚਿਆਂ ਨੂੰ ਅਨੁਸ਼ਾਸਨ ਤੇ ਨੈਤਿਕਤਾ ਸਿਖਾਉਂਦੀ ਸੀ ਅਤੇ ਅਧਿਆਪਕਾਂ ਨਾਲ ਸਹਿਯੋਗੀ ਰਵੱਈਆ ਰੱਖਦੀ ਸੀ। ਇਸ ਤੋਂ ਉਲਟ ਅੱਜ ਵਿਦਿਆਰਥੀ ਅੰਕਾਂ ਦੀ ਦੌੜ ਦਾ ਸ਼ਿਕਾਰ ਬਣ ਗਿਆ ਹੈ, ਗਿਆਨ ਦਾ ਨਹੀਂ। ਸਕੂਲ, ਕੋਚਿੰਗ, ਹੋਮਵਰਕ, ਟੈਸਟ ਆਦਿ ਨੇ ਵਿਦਿਆਰਥੀਆਂ ਦੀ ਮਨਸਿਕਤਾ ’ਤੇ ਬੋਝ ਪਾ ਦਿੱਤਾ ਹੈ। ਜਿੱਥੇ ਪੜ੍ਹਾਈ ਇਕ ਖ਼ੁਸ਼ੀ ਹੋਣੀ ਬਣਨੀ ਚਾਹੀਦੀ ਸੀ, ਉਥੇ ਤਣਾਅ ਦਾ ਕਾਰਨ ਬਣ ਗਈ ਹੈ। ਜਿੱਥੇ ਤਕਨਾਲੋਜੀ ਨੇ ਸਹਾਇਕ ਵਜੋਂ ਕੰਮ ਕਰਨਾ ਸੀ, ਉੱਥੇ ਇਹ ਸਮੂਹ ਸਿੱਖਿਆ ਪ੍ਰਣਾਲੀ ’ਤੇ ਕਬਜ਼ਾ ਕਰਦੀ ਜਾ ਰਹੀ ਹੈ। ਖੇਡ ਮੈਦਾਨ ਖ਼ਾਲੀ ਹੋ ਰਹੇ ਹਨ, ਜਦੋਂਕਿ ਮੋਬਾਈਲ ਗੇਮਾਂ ਨੌਜਵਾਨਾਂ ਦੀ ਜ਼ਿੰਦਗੀ ਦਾ ਕੇਂਦਰ ਬਣ ਗਈਆਂ ਹਨ। ਇਸ ਨਾਲ ਮਨੁੱਖੀ ਮੁੱਲਾਂ ਤੇ ਸੰਜੀਦਗੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।
ਅਜੋਕੇ ਸਮੇਂ ਦੇ ਵਿਦਿਆਰਥੀ ਤਰੱਕੀ ਦੇ ਬੇਹੱਦ ਮੌਕੇ ਰੱਖਦੇ ਹਨ ਪਰ ਜ਼ਿੰਮੇਵਾਰੀ, ਸੰਸਕਾਰ ਤੇ ਅਨੁਸ਼ਾਸਨ ਦੀ ਘਾਟ ਕਾਰਨ ਉਹ ਆਪਣਾ ਸੋਹਣਾ ਭਵਿੱਖ ਖੋਹ ਸਕਦੇ ਹਨ। ਪੁਰਾਣੇ ਸਮੇਂ ਦੇ ਮੁੱਲਾਂ ਤੇ ਅੱਜ ਦੀ ਤਕਨੀਕ ਨੂੰ ਜੇ ਸੰਤੁਲਿਤ ਕਰ ਦਿੱਤਾ ਜਾਵੇ, ਤਾਂ ਵਿਦਿਆਰਥੀ ਖੁਸ਼ਹਾਲ ਭਵਿੱਖ ਦੀਆਂ ਨਵੀਂਆਂ ਮਿਸਾਲਾਂ ਕਾਇਮ ਕਰ ਸਕਦੇ ਹਨ। ਅਧਿਆਪਕ, ਮਾਤਾ-ਪਿਤਾ ਤੇ ਸਮਾਜ ਜੇ ਤਿੰਨੋਂ ਫਿਰ ਇਕੱਠੇ ਹੋ ਕੇ ਵਿਦਿਆਰਥੀ ਦੇ ਜੀਵਨ ਵਿੱਚ ਸੰਸਕਾਰ, ਅਨੁਸ਼ਾਸਨ, ਆਦਰ ਤੇ ਰੁਚੀ ਪੈਦਾ ਕਰਨ, ਤਾਂ ਬਦਲਦਾ ਸਮਾਂ ਇੱਕ ਵਾਰ ਫਿਰ ਵਿਦਿਆਰਥੀ ਦੇ ਆਤਮਿਕ ਤੇ ਬੌਧਿਕ ਕਲਿਆਣ ਦਾ ਕਾਰਨ ਬਣ ਸਕਦਾ ਹੈ।
ਪਰਜਿੰਦਰ ਕੌਰ
![]()
