ਤਲਵੰਡੀ ਸਾਬੋ/ਏ.ਟੀ.ਨਿਊਜ਼:
ਇੰਗਲੈਂਡ (ਯੂਨਾਈਟਿਡ ਕਿੰਗਡਮ) ਦੀ ਪੁਲਿਸ ਦੇ ਪਹਿਲੇ ਅੰਮ੍ਰਿਤਧਾਰੀ ਚੀਫ਼ ਇੰਸਪੈਕਟਰ ਅਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਮਨਦੀਪ ਸਿੰਘ ਨੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਸਮੇਤ ਕੀਰਤਨ ਸਰਵਣ ਕੀਤਾ। ਉਨ੍ਹਾਂ ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਅਤੇ ਸ਼ਹੀਦ ਬਾਬਾ ਦੀਪ ਸਿੰਘ ਦੇ ਭੋਰਾ ਸਾਹਿਬ ਦੇ ਦਰਸ਼ਨ ਵੀ ਕੀਤੇ। ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਨ੍ਹਾਂ ਜਿੱਥੇ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਦੇਖੀ, ਉੱਥੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਪੈਂਤੀ ਲਿਖੀ।
ਇਸ ਮੌਕੇ ਚੀਫ਼ ਇੰਸਪੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਉਨ੍ਹਾਂ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਧਾਰੀ ਪੁਲਿਸ ਅਧਿਕਾਰੀ ਵਜੋਂ ਡਿਊਟੀ ਨਿਭਾਉਣ ਸਮੇਂ ਉਨ੍ਹਾਂ ਨੂੰ ਯੂ.ਕੇ. ਵਿੱਚ ਕਦੇ ਕੋਈ ਦਿੱਕਤ ਮਹਿਸੂਸ ਨਹੀਂ ਹੋਈ ਅਤੇ ਸਮੁੱਚੀ ਪੁਲਿਸ ਫ਼ੋਰਸ ਦੇ ਸਾਥੀਆਂ ਦਾ ਵਧੀਆ ਸਹਿਯੋਗ ਮਿਲਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁੱਜੇ ਯੂ.ਕੇ. ਦੇ ਸਿੱਖ ਪ੍ਰਚਾਰਕ ਭਾਈ ਅਮਰਦੀਪ ਸਿੰਘ ਅੰਬਾ ਨੇ ਕਿਹਾ ਕਿ ਉਸ ਪਾਵਨ ਅਸਥਾਨ ਦੇ ਦਰਸ਼ਨ ਕਰ ਕੇ ਮਨ ਪ੍ਰਸੰਨ ਹੋ ਗਿਆ ਜਿਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਨੇ ਸ਼ਹੀਦ ਭਾਈ ਮਨੀ ਸਿੰਘ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਨੂੰ ਸਹਿ ਲਿਖਾਰੀ ਥਾਪ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਈ। ਉਕਤ ਜਥੇ ਵਿੱਚ ਅੰਮ੍ਰਿਤਪਾਲ ਸਿੰਘ ਯੂ.ਕੇ. ਅਤੇ ਮਲਜੀਤ ਸਿੰਘ ਯੂ.ਕੇ. ਵੀ ਸ਼ਾਮਲ ਸਨ। ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਚੀਫ਼ ਇੰਸਪੈਕਟਰ ਅਮਨਦੀਪ ਸਿੰਘ ਅਤੇ ਉਨ੍ਹਾਂ ਨਾਲ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
![]()
