ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਨਤਮਸਤਕ

In ਮੁੱਖ ਖ਼ਬਰਾਂ
April 14, 2025
ਤਲਵੰਡੀ ਸਾਬੋ/ ਏ.ਟੀ.ਨਿਊਜ਼ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਮੇਲੇ ਮੌਕੇ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਤਖ਼ਤ ਸਾਹਿਬ ਸਣੇ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਮੇਲੇ ਦੇ ਤੀਜੇ ਦਿਨ ਸਵੇਰੇ ਤਖ਼ਤ ਦਮਦਮਾ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਵਿੱਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਤਖ਼ਤ ਸਾਹਿਬ ਵਿਖੇ ਪਾਠ ਦੇ ਭੋਗ ਉਪਰੰਤ ਤਖ਼ਤ ਦਮਦਮਾ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸੰਗਤ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਤੇ ਸਿੱਖ ਧਰਮ ਵਿੱਚ ਵਿਸਾਖੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਿੰਘ ਸਾਹਿਬ ਨੇ ਸੰਗਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਸੰਦੇਸ਼ ਵੀ ਦਿੱਤਾ। ਇਸ ਤੋਂ ਇਲਾਵਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਮੁੱਖ ਛਾਉਣੀ ਬੁੱਢਾ ਦਲ (ਨਿਹੰਗ ਸਿੰਘਾਂ), ਗੁਰਦੁਆਰਾ ਬੁੰਗਾ ਨਾਨਕਸਰ ਆਦਿ ਧਾਰਮਿਕ ਅਸਥਾਨਾਂ ’ਤੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਧਾਰਮਿਕ ਅਸਥਾਨਾਂ ਵਿੱਚ ਸਿੱਖ ਵਿਦਵਾਨਾਂ ਨੇ ਕਥਾ, ਕੀਰਤਨ ਤੇ ਗੁਰਬਾਣੀ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗਤਕੇ ਦੇ ਮੁਕਾਬਲੇ ਕਰਵਾਏ ਗਏ ਤੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਸ਼ਰਧਾਵਾਨਾਂ ਵੱਲੋਂ ਸੰਗਤਾਂ ਲਈ ਲੰਗਰ ਤੇ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਗਿਆ।

Loading