ਤਨਖ਼ਾਹ ਦੀ: ਧਾਰਮਿਕ  ਮਰਿਯਾਦਾ  ਬਨਾਮ ਪੰਥਕ ਸ਼ਕਤੀ

In ਮੁੱਖ ਲੇਖ
April 10, 2025
ਡਾਕਟਰ ਪਰਮਵੀਰ ਸਿੰਘ: ਸਿੱਖ ਧਰਮ 'ਵਿਚ 'ਤਨਖ਼ਾਹ' ਸ਼ਬਦ ਧਾਰਮਿਕ ਮਰਯਾਦਾ ਨੂੰ ਸਥਾਪਤ ਕਰਨ ਲਈ ਵਰਤਿਆ ਜਾਂਦਾ ਹੈ। ਜਦੋਂ ਕੋਈ ਸਿੱਖ ਇਸ ਮਰਯਾਦਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਹ ਕੀਤੀ ਗਈ ਉਲੰਘਣਾ ਦਾ ਪਸਚਾਤਾਪ ਕਰੇ ਤੇ ਪੰਥ 'ਚ ਸ਼ਾਮਿਲ ਹੋ ਕੇ ਆਪਣੇ ਦੈਵੀ ਤੇ ਦੁਨਿਆਵੀ ਜੀਵਨ ਦਾ ਕਾਰ-ਵਿਹਾਰ ਗੁਰਮਤਿ ਮਰਯਾਦਾ ਅਨੁਸਾਰ ਨਿਰੰਤਰ ਜਾਰੀ ਰੱਖੇ। ਆਮ ਤੌਰ 'ਤੇ 'ਤਨਖਾਹ' ਸ਼ਬਦ ਮਿਹਤਨਕਸ਼ ਲੋਕਾਂ ਦੀ ਮਿਹਨਤ ਦੇ ਇਵਜ਼ਾਨੇ ਵਜੋਂ ਪ੍ਰਾਪਤ ਹੋਣ ਵਾਲੀ ਮਾਇਆ ਦੇ ਰੂਪ 'ਚ ਦੇਖਿਆ ਤੇ ਵਰਤਿਆ ਜਾਂਦਾ ਹੈ ਤਾਂ ਕਿ ਉਹ ਆਪਣੀਆਂ ਤੇ ਪਰਿਵਾਰਕ ਲੋੜਾਂ ਦੀ ਪੂਰਤੀ ਕਰ ਸਕਣ। ਫ਼ਾਰਸੀ ਭਾਸ਼ਾ ਵਿਚੋਂ ਆਇਆ ਇਹ ਸ਼ਬਦ ਜ਼ਮੀਨ ਦੇਣ ਦੇ ਇਵਜ਼ਾਨੇ ਵਜੋਂ ਲਈ ਜਾਣ ਵਾਲੀ ਸਾਲਾਨਾ ਜਾਂ ਛਿਮਾਹੀ ਰਕਮ, ਵੇਤਨ, ਤਲਬ ਆਦਿ ਦੇ ਰੂਪ 'ਚ ਦੇਖਿਆ ਜਾਂਦਾ ਹੈ। ਮੌਜੂਦਾ ਸਮੇ ਵਿਚ ਇਹ ਕਰਮਚਾਰੀਆਂ ਨੂੰ ਮਿਲਣ ਵਾਲੀ ਹਫ਼ਤਾਵਾਰ ਜਾਂ ਮਹੀਨਾਵਾਰ ਤਨਖਾਹ ਲਈ ਰੂੜ੍ਹ ਹੋ ਗਿਆ ਹੈ। ਸਿੱਖ ਧਰਮ ਵਿਚ ਇਸ ਸ਼ਬਦ ਨੂੰ ਵਿਸ਼ੇਸ਼ ਰੂਪ ਵਿਚ ਧਰਮ-ਦੰਡ ਵਜੋਂ ਵਰਤਿਆ ਜਾਂਦਾ ਹੈ। ਜਿਹੜਾ ਸਿੱਖ ਰਹਿਤ ਦੀ ਉਲੰਘਣਾ ਕਰਦਾ ਹੈ, ਉਸ ਨੂੰ ਮਰਯਾਦਾ ਅਨੁਸਾਰ ਤਨਖ਼ਾਹ ਲਗਾਉਣ ਦਾ ਵਿਧਾਨ ਪ੍ਰਚੱਲਿਤ ਹੈ। ਸਿੱਖ ਰਹਿਤ ਮਰਯਾਦਾ ਸਿੱਖ ਦੇ ਜੀਵਨ, ਸਰੂਪ ਤੇ ਚਰਿੱਤਰ ਨੂੰ ਰੂਪਮਾਨ ਕਰਦੀ ਹੋਈ ਉਸ ਨੂੰ ਵਿਰਾਸਤ 'ਤੇ ਮਾਣ ਕਰਨ ਦੀ ਪ੍ਰੇਰਨਾ ਪ੍ਰਦਾਨ ਕਰਦੀ ਹੈ। ਇਹ ਸ਼ਖ਼ਸੀ ਤੇ ਪੰਥਕ ਜੀਵਨ 'ਚ ਸਮਤੋਲ ਤੇ ਇਕਸੁਰਤਾ ਪ੍ਰਦਾਨ ਕਰ ਕੇ ਦੁਨਿਆਵੀ ਕਾਰ-ਵਿਹਾਰ ਕਰਨ 'ਤੇ ਜ਼ੋਰ ਦਿੰਦੀ ਹੈ। ਗੁਰਮਤਿ ਰਹਿਤ ਮਰਯਾਦਾ 'ਤੇ ਟਿਕਿਆ ਹੋਇਆ ਸਿੱਖ ਦਾ ਜੀਵਨ ਸਰਬੱਤ ਦੇ ਭਲੇ ਨਾਲ ਜੁੜਿਆ ਹੁੰਦਾ ਹੈ, ਜਦਕਿ ਸਵਾਰਥ ਉਸ ਨੂੰ ਨਿੱਜ ਤੱਕ ਸੀਮਤ ਕਰ ਦਿੰਦਾ ਹੈ। ਨਿੱਜ ਨਾਲ ਜੁੜਿਆ ਹੋਇਆ ਮਨੁੱਖ ਨੀਰਸ, ਇਕੱਲਤਾ ਤੇ ਰੁੱਖੇਪਨ ਦਾ ਸ਼ਿਕਾਰ ਹੋ ਸਕਦਾ ਹੈ ਜਿਹੜਾ ਕਿ ਸਮਾਜ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਨ ਦਾ ਕਾਰਜ ਕਰਦਾ ਹੈ। ਸਿੱਖ ਨੂੰ ਅਜਿਹੀ ਸਥਿਤੀ 'ਚੋਂ ਬਾਹਰ ਕੱਢਣ ਲਈ ਗੁਰੂ ਸਾਹਿਬਾਨ ਨੇ ਇਕ ਮਾਰਗ ਪ੍ਰਦਾਨ ਕੀਤਾ ਹੈ ਕਿ ਉਹ ਧਾਰਮਿਕ ਸਜ਼ਾ ਪ੍ਰਵਾਨ ਕਰ ਕੇ ਪੰਥ 'ਚ ਦੁਬਾਰਾ ਸ਼ਾਮਿਲ ਹੋ ਸਕੇ ਤੇ ਉਸ ਦੇ ਜੀਵਨ 'ਚ ਹਮੇਸ਼ਾਂ ਖੇੜਾ ਤੇ ਅਨੰਦ ਬਣਿਆ ਰਹੇ। ਉਹ ਸਮਾਜ ਲਈ ਸਮੱਸਿਆਵਾਂ ਪੈਦਾ ਕਰਨ ਦੀ ਥਾਂ ਸਮਾਜ 'ਚੋਂ ਸਮੱਸਿਆਵਾਂ ਦੂਰ ਕਰਨ 'ਚ ਸਹਾਈ ਹੋਵੇ। ਸਿੱਖ ਰਹਿਤ ਮਰਯਾਦਾ ਦਾ ਜਿਹੜਾ ਰੂਪ ਮÏਜੂਦਾ ਸਮੇਂ 'ਚ ਦਿਖਾਈ ਦਿੰਦਾ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 'ਚ ਖ਼ਾਲਸਾ ਪੰਥ ਦੀ ਸਿਰਜਣਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਦੋਂ ਵਿਸਾਖੀ ਮÏਕੇ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਇਕ ਸੂਤਰ 'ਚ ਪਰੋ ਕੇ ਅਜਿਹੀ ਸ਼ਕਤੀ ਇਕੱਤਰ ਕਰ ਦਿੱਤੀ ਸੀ, ਜਿਹੜੀ ਕਿ ਭਾਈਚਾਰਕ ਸਾਂਝ ਪੈਦਾ ਕਰਨ ਦੇ ਨਾਲ-ਨਾਲ ਮਨੁੱਖੀ ਭਾਈਚਾਰੇ ਨੂੰ ਬਚਾਉਣ ਤੇ ਅੱਗੇ ਵਧਾਉਣ ਲਈ ਯਤਨਸ਼ੀਲ ਹੋ ਗਈ ਸੀ। ਕਵੀ ਸੈਨਾਪਤਿ ਖ਼ਾਲਸੇ ਦੇ ਗੁਣਾਂ ਤੇ ਜੀਵਨ ਉਦੇਸ਼ ਦਾ ਵਰਨਣ ਕਰਦੇ ਹੋਏ ਦੱਸਦਾ ਹੈ – ਬਿਬੇਕੰ ਬਿਚਾਰ, ਤਨਖਾਹ ਦਾਰ, ਬਸੁਧਾ ਸੁਧਾਰ, ਕਰਿ ਜਗਤ ਸਾਰ। ਇਸ ਦਾ ਭਾਵ ਹੈ ਕਿ ਖ਼ਾਲਸੇ ਨੇ ਦੀਰਘ ਵਿਚਾਰ ਕਰਕੇ ਦੋਖੀਆਂ ਦੀ ਸੁਧਾਈ ਕਰਨੀ ਹੈ, ਜਗਤ ਦਾ ਸੁਧਾਰ ਕਰਨਾ ਹੈ ਤੇ ਮਨੁੱਖਤਾ ਦਾ ਭਲਾ ਕਰਨਾ ਹੈ। ਇੱਥੇ ਸੁਧਾਈ ਨੂੰ ਭਲਾਈ ਦੇ ਉਦੇਸ਼ ਦੀ ਪੂਰਤੀ ਕਰਨ ਲਈ ਵਰਤਣ ਦੀ ਪ੍ਰੇਰਨਾ ਹੈ ਜਿਸ ਦਾ ਪੱਧਰ ਮਸਲੇ ਦੀ ਦੀਰਘ ਵਿਚਾਰ ਉਪਰੰਤ ਹੀ ਤੈਅ ਕੀਤਾ ਜਾ ਸਕਦਾ ਹੈ। ਜਥੇਬੰਦਕ ਢਾਂਚੇ ਨੂੰ ਇਕਜੁੱਟ ਰੱਖਣ ਲਈ ਤਨਖ਼ਾਹ ਨੂੰ ਇਕ ਕਾਰਗਾਰ ਸਾਧਨ ਦੇ ਰੂਪ 'ਚ ਦੇਖਿਆ ਗਿਆ ਹੈ। ਇਸੇ ਤਰ੍ਹਾਂ ਗੁਰੂ ਜੀ ਦੇ ਇਕ ਦਰਬਾਰੀ ਕਵੀ ਭਾਈ ਨੰਦ ਲਾਲ ਨੇ ਤਨਖ਼ਾਹਨਾਮਾ ਸਿਰਲੇਖ ਅਧੀਨ ਰਚਨਾ ਕਰ ਕੇ ਇਸ ਦਾ ਵਿਸ਼ੇਸ਼ ਵਰਨਣ ਕੀਤਾ ਹੈ। ਇਸ ਰਚਨਾ ਤੋਂ ਪਤਾ ਲੱਗਦਾ ਹੈ ਕਿ ਛੋਟੀਆਂ ਜਾਂ ਅਣਜਾਣੇ 'ਚ ਹੋਈਆਂ ਗਲਤੀਆਂ ਲਈ ਤਾੜਨਾ ਕੀਤੀ ਜਾਂਦੀ ਰਹੀ ਹੈ ਅਤੇ ਗੁਰਮਤਿ ਸਿਧਾਂਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਨਖ਼ਾਹੀਆ ਕਿਹਾ ਜਾਂਦਾ ਹੈ। ਇਹ ਸ਼ਬਦ ਪੰਥ 'ਚ ਸਦਾਚਾਰਕ ਨਿਘਾਰ ਆਉਣ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ। ਅਜਿਹੇ ਢੰਗ-ਤਰੀਕੇ ਨਾਲ ਹੀ ਸਿੱਖਾਂ ਦੇ ਮਨ 'ਚ ਧਾਰਮਿਕ ਭਾਵਨਾ ਪੈਦਾ ਕਰ ਕੇ ਉਨ੍ਹਾਂ ਨੂੰ ਇਕੱਠੇ ਰੱਖਿਆ ਜਾ ਸਕਦਾ ਸੀ। ਗੁਰੂ ਤੋਂ ਇਲਾਵਾ ਬਾਕੀ ਸਮੂਹ ਮਨੁੱਖਾਂ ਨੂੰ ਭੁੱਲਣਹਾਰ ਮੰਨਦੇ ਹੋਏ ਉਨ੍ਹਾਂ ਨੂੰ ਪੰਥ ਤੋਂ ਦੂਰ ਰੱਖਣ ਦੀ ਥਾਂ ਪੰਥ 'ਚ ਸ਼ਾਮਿਲ ਕਰ ਕੇ ਪੰਥਕ ਸ਼ਕਤੀ ਨੂੰ ਖ਼ੋਰਾ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਭੁੱਲ ਕਰਨ ਵਾਲੇ ਨੂੰ ਪੰਥ 'ਚ ਸ਼ਾਮਿਲ ਕਿਵੇਂ ਕਰਨਾ ਹੈ ਇਸ ਲਈ ਗੁਰੂ ਸਾਹਿਬਾਨ ਦੇ ਜੀਵਨ 'ਚੋਂ ਘਟਨਾਵਾਂ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਇਸ ਸੰਬੰਧੀ ਇਕ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚੋਂ ਅਕਸਰ ਦੱਸੀ ਜਾਂਦੀ ਹੈ ਕਿ ਦੱਖਣ ਵੱਲ ਜਾਂਦੇ ਹੋਏ ਉਨ੍ਹਾਂ ਨੇ ਰਾਜਸਥਾਨ 'ਚ ਪੈਂਦੇ ਨਰਾਇਣਾ ਨਗਰ ਵਿਖੇ ਉੱਥੋਂ ਦੇ ਇਕ ਸੰਤ ਦਾਦੂ ਦਯਾਲ ਦੀ ਕਬਰ 'ਤੇ ਤੀਰ ਨਾਲ ਨਮਸਕਾਰ ਕਰ ਦਿੱਤੀ ਸੀ। ਗੁਰੂ ਜੀ ਨਾਲ ਗਏ ਸਿੱਖਾਂ ਨੇ ਇਸ ਨੂੰ ਧਾਰਮਿਕ ਮਰਯਾਦਾ ਦੀ ਉਲੰਘਣਾ ਸਮਝਦੇ ਹੋਏ ਗੁਰੂ ਜੀ ਨੂੰ ਤਨਖ਼ਾਹ ਲਗਾਈ ਸੀ। ਇਸ ਘਟਨਾ ਨੂੰ ਗੁਰੂ ਜੀ ਦਾ ਇਕ ਅਜਿਹਾ ਕੌਤਕ ਮੰਨਿਆ ਜਾਂਦਾ ਹੈ ਜਿਸ 'ਚ ਧਰਮ ਪ੍ਰਤੀ ਦਿ੍ੜ੍ਹਤਾ ਤੇ ਗੁਰੂ ਸਾਹਿਬਾਨ ਦੇ ਸਿਧਾਂਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੰਥ 'ਚ ਵਾਪਸੀ ਦਾ ਰਾਹ ਦਿਖਾਇਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀ ਦੈਵੀ ਤੇ ਦੁਨਿਆਵੀ ਅਗਵਾਈ ਕਰਨ ਲਈ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੀ ਹੋਂਦ ਸਾਹਮਣੇ ਆਉਂਦੀ ਹੈ¢ ਸਿੱਖ ਨੇ ਅਧਿਆਤਮਿਕ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗ੍ਰਹਿਣ ਕਰਨੀ ਹੈ ਤੇ ਗੁਰਮਤਿ ਅਨੁਸਾਰ ਕਾਰ-ਵਿਹਾਰ ਕਰਦੇ ਸਮੇਂ ਜਿਹੜੀਆਂ ਔਕੜਾਂ ਦੁਨਿਆਵੀ ਜੀਵਨ 'ਚ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਸੰਬੰਧੀ ਵਿਚਾਰ ਤੇ ਫ਼ੈਸਲੇ ਗੁਰੂ ਪੰਥ ਵਲੋਂ ਕੀਤੇ ਜਾਂਦੇ ਹਨ। ਇਸ ਦਾ ਇਕ ਰੂਪ ਕਥਾਵਾਚਕਾਂ ਰਾਹੀਂ ਸਾਹਮਣੇ ਆਉਂਦਾ ਹੈ ਜਿਹੜੇ ਕਿ ਗੁਰਬਾਣੀ ਦੀ ਕਥਾ ਕਰਦੇ ਹੋਏ ਪੇਸ਼ ਆਈਆਂ ਔਕੜਾਂ ਬਾਰੇ ਸੰਗਤ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਰਹਿੰਦੇ ਹਨ।ਇਸ ਦਾ ਦੂਜਾ ਰੂਪ ਸਿੱਖ ਸਰੋਤਾਂ ਰਾਹੀਂ ਸਾਹਮਣੇ ਆਉਂਦਾ ਹੈ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੇ ਗੁਰਮਤਿ ਮਰਯਾਦਾ ਤੇ ਜੀਵਨ ਜਾਚ ਬਾਰੇ ਸੰਗਤ ਨੂੰ ਜਾਗਰੂਕ ਕਰਦੇ ਹਨ¢ ਇਸ ਦਾ ਤੀਜਾ ਰੂਪ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਰਾਹੀਂ ਸਾਹਮਣੇ ਆਉਂਦਾ ਹੈ, ਜਿਹੜੇ ਕਿ ਕਿਸੇ ਵਿਸ਼ੇਸ਼ ਮੌਕੇ ਸੰਗਤ ਦੇ ਨਾਂਅ ਸੰਦੇਸ਼ ਜਾਰੀ ਕਰਦੇ ਹੋਏ ਗੁਰਮਤਿ ਮਰਯਾਦਾ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਪੈਦਾ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਥ 'ਚ ਅਨੇਕਾਂ ਵਾਰ ਵਿਵਾਦ ਪੈਦਾ ਹੋਏ, ਪਰ ਅਖੀਰ ਗੁਰਮਤਿ ਭਾਵਨਾ ਹੀ ਸਭਨਾਂ ਨੂੰ ਇਕੱਤਰ ਕਰਨ ਵਾਲਾ ਸੂਤਰ ਸਾਬਤ ਹੋਈ ਹੈ¢ ਅੰਮਿ੍ਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਕੇਂਦਰੀ ਸਥਾਨ ਹਨ ਜਿਹੜੇ ਕਿ ਸਿੱਖਾਂ ਦੀ ਸਮੇਂ-ਸਮੇਂ 'ਤੇ ਖਿੰਡ ਜਾਣ ਵਾਲੀ ਸ਼ਕਤੀ ਨੂੰ ਇਕੱਤਰ ਕਰਨ ਦਾ ਮਹੱਤਵਪੂਰਨ ਸਰੋਤ ਰਹੇ ਹਨ¢ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਕੇਂਦਰ ਹਨ, ਜਿੱਥੇ ਹੋਣ ਵਾਲੇ ਸਰਬੱਤ ਖ਼ਾਲਸਾ ਸਮਾਗਮਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਤੇ ਸਵੈਮਾਣ ਭਰਪੂਰ ਜੀਵਨ ਜਾਚ ਪ੍ਰਦਾਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਠਾਰ੍ਹਵੀਂ ਸਦੀ ਵਿਚ ਸਿੱਖ ਸੰਘਰਸ਼ ਕਰਦੇ ਰਹੇ ਤੇ ਉਨ੍ਹਾਂ 'ਚੋਂ ਬਹੁਤੇ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦੀ ਪਾਹੁਲ ਧਾਰਨ ਕੀਤੀ ਸੀ¢ ਇਸ ਲਈ ਧਾਰਮਿਕ ਮਰਯਾਦਾ ਦੀ ਉਲੰਘਣਾ ਵਾਲੇ ਵਿਸ਼ੇ ਇਸ ਦੌਰ 'ਚ ਬਹੁਤੇ ਦਿਖਾਈ ਨਹੀਂ ਦਿੰਦੇ। ਅਠਾਰ੍ਹਵੀਂ ਸਦੀ ਦੇ ਅਖੀਰ 'ਚ ਸਿੱਖ ਰਾਜ-ਭਾਗ ਦੀ ਸਥਾਪਤੀ ਵੱਲ ਕੇਂਦਿ੍ਤ ਸਨ ਤੇ 19ਵੀਂ ਸਦੀ 'ਚ ਜਦੋਂ ਸਥਾਪਤੀ ਦਾ ਹਿੱਸਾ ਬਣੇ ਤਾਂ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਸ਼ੁਰੂ ਕੀਤੇ ਗਏ। ਇਸ ਦਾ ਇਕ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਰਾਜ ਵਿਚ ਜੀਵਨ ਜਾਚ ਦੇ ਵਿਭਿੰਨ ਵਿਸ਼ਿਆਂ ਸੰਬੰਧੀ ਵਿਸ਼ਲੇਸ਼ਣ ਦੀ ਗਤੀ ਤੇਜ਼ ਹੋ ਗਈ ਸੀ ਤੇ ਸਿੱਖ ਵੀ ਉਸੇ ਪ੍ਰਭਾਵ ਅਧੀਨ ਆਪਣੇ ਜੀਵਨ 'ਚ ਧਾਰਨ ਕੀਤੇ ਜਾਣ ਵਾਲੇ ਧਰਮ ਦੇ ਵਿਭਿੰਨ ਪਹਿਲੂਆਂ ਸੰਬੰਧੀ ਪ੍ਰਸ਼ਨ ਕਰਨ ਲੱਗੇ ਸਨ। ਸੂਝਵਾਨ ਸਿੱਖ ਉਨ੍ਹਾਂ ਦਾ ਜਵਾਬ ਦੇਣ ਲੱਗੇ ਸਨ ਤੇ ਪਿ੍ੰਟ ਮੀਡੀਆ ਦੇ ਸਾਹਮਣੇ ਆਉਣ ਨਾਲ ਇਹ ਗਤੀ ਹੋਰ ਵਧੇਰੇ ਤੇਜ਼ ਹੋ ਗਈ ਸੀ। ਭਾਵੇਂ ਕਿ ਧਰਮ ਸੰਬੰਧੀ ਪ੍ਰਸ਼ਨਾਂ ਨੇ ਚਿਰਾਂ ਤੋਂ ਸਥਾਪਤ ਰੂੜ੍ਹੀਵਾਦੀ ਭਾਵਨਾਵਾਂ ਨੂੰ ਸੱਟ ਮਾਰੀ, ਪਰ ਫਿਰ ਵੀ ਸਾਹਮਣੇ ਆਉਣ ਵਾਲੇ ਪ੍ਰਸ਼ਨਾਂ ਨੇ ਗੁਰਮਤਿ ਨੂੰ ਨਿਖਾਰ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। 1895 'ਚ ਖ਼ਾਲਸਾ ਅਖ਼ਬਾਰ ਰਾਹੀਂ ਤਨਖ਼ਾਹ ਲਗਾਉਣ ਸੰਬੰਧੀ ਇਕ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਤਨਖ਼ਾਹੀਏ ਸਿੰਘ ਨੂੰ ਕੋਈ ਖ਼ਾਸ ਦਿਨ ਨੂੰ ਜੋੜ ਮੇਲ ਕਰ ਕੇ ਬਖ਼ਸ਼ਣਯੋਗ ਹੈ ਤੇ ਕਿਸੇ ਗੁਰਦੁਆਰੇ 'ਚ ਬਖ਼ਸ਼ਣਾ ਚਾਹੀਦਾ ਹੈ । ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਗਿਆ ਕਿ ਖ਼ਾਸ ਦਿਨ ਦੀ ਕੋਈ ਜ਼ਰੂਰਤ ਨਹੀਂ ਹੈ, ਜਦ ਚਾਹੇ ਤਦ ਬਖਸ਼ਿਆ ਜਾ ਸਕਦਾ ਹੈ ਅਤੇ ਜੇ ਕੋਈ ਗੁਰਦੁਆਰਾ ਨੇੜੇ ਹੋਵੇ ਤਾਂ ਬਹੁਤ ਵਧੀਆ ਹੈ, ਨਹੀਂ ਤਾਂ ਜਿੱਥੇ ਪੰਜ ਸਿੰਘ ਰਹਿਤ ਬਿਬੇਕ ਵਾਲੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਵੀ ਬਖਸ਼ਿਆ ਜਾ ਸਕਦਾ ਹੈ । ਵੀਹਵੀਂ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਉਪਰੰਤ ਸਿੱਖਾਂ 'ਚ ਧਾਰਮਿਕ ਮਰਯਾਦਾ ਸੰਬੰਧੀ ਇਕਸੁਰਤਾ ਤੇ ਇਕਸਾਰਤਾ ਲਿਆਉਣ ਲਈ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ ਗਈ, ਜਿਸ 'ਚ ਮਰਯਾਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਨਖ਼ਾਹ ਲਗਾਉਣ ਸੰਬੰਧੀ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਗਿਆ ਕਿ ਧਾਰਮਿਕ ਮਰਯਾਦਾ ਦੀ ਉਲੰਘਣਾ ਕਰਨ ਵਾਲਾ ਗੁਰ-ਸੰਗਤ ਪਾਸ ਹਾਜ਼ਰ ਹੋ ਕੇ ਆਪਣੀ ਭੁੱਲ ਮੰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਚੁਣੇ ਪੰਜ ਪਿਆਰੇ ਪੇਸ਼ ਹੋਏ ਸੱਜਣ ਨੂੰ ਤਨਖ਼ਾਹ ਤਜਵੀਜ਼ ਕਰ ਦੇਣ। ਤਨਖ਼ਾਹ ਲਵਾਉਣ ਤੇ ਬਖ਼ਸ਼ਣ ਵਾਲਿਆਂ ਨੂੰ ਅੜੀ ਨਹੀਂ ਕਰਨੀ ਚਾਹੀਦੀ |। ਤਨਖਾਹ ਲਗਾਉਣ ਦਾ ਜਿਹੜਾ ਵਿਧੀ-ਵਿਧਾਨ ਸਿੱਖ ਮਰਯਾਦਾ 'ਚ ਸਾਹਮਣੇ ਆਉਂਦਾ ਹੈ, ਉਸ ਨੇ ਸਿੱਖਾਂ ਨੂੰ ਇਕ-ਸ਼ਕਤੀ 'ਚ ਪਰੋਣ ਦਾ ਕਾਰਜ ਕੀਤਾ ਹੈ।ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਕਰਤਾਰ ਸਿੰਘ ਬੇਦੀ ਨਨਕਾਣਾ ਸਾਹਿਬ ਸਾਕੇ ਦੇ ਦੋਸ਼ੀ ਮੰਨੇ ਗਏ, ਜਿਸ 'ਚ 150 ਤੋਂ ਵਧੇਰੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਜਿਉਂਦੇ ਸਾੜ ਦਿੱਤਾ ਗਿਆ ਸੀ, ਉਸ ਨੇ ਆਪਣੀ ਭੁੱਲ ਮੰਨੀ ਤੇ ਤਨਖ਼ਾਹ ਲਵਾ ਕੇ ਪੰਥ 'ਚ ਸ਼ਾਮਿਲ ਹੋਏ ਅਤੇ ਫਿਰ 20 ਸਾਲ ਤੋਂ ਵਧੇਰੇ ਸਮਾਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਜਥੇਦਾਰ ਰਹੇ¢ ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ ਆਦਿ ਅਨੇਕਾਂ ਅਕਾਲੀ ਤੇ ਗੈਰ-ਅਕਾਲੀ ਆਗੂ ਤਨਖ਼ਾਹ ਲਵਾ ਕੇ ਪੰਥ 'ਚ ਦੁਬਾਰਾ ਸ਼ਾਮਿਲ ਹੋਏ ਤੇ ਸਤਿਕਾਰ ਦਾ ਪਾਤਰ ਬਣੇ। ਮੌਜੂਦਾ ਸਮੇਂ 'ਚ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ ਕਿ ਅਕਾਲੀ ਸਰਕਾਰ ਸਮੇਂ ਵਜ਼ਾਰਤ 'ਚ ਰਹੇ ਸਮੂਹ ਅਕਾਲੀ ਆਗੂਆਂ ਨੇ ਸਮੂਹਿਕ ਤਨਖ਼ਾਹ ਲਵਾ ਕੇ ਪੰਥ 'ਚ ਵਾਪਸੀ ਕੀਤੀ ਹੈ। ਸਿੱਖ ਧਰਮ 'ਚ ਤਨਖ਼ਾਹ ਲਗਾ ਕੇ ਪੰਥ 'ਚ ਸ਼ਾਮਿਲ ਕਰਨ ਦਾ ਇਹ ਇਕ ਅਜਿਹਾ ਵਿਧੀ-ਵਿਧਾਨ ਸਿਰਜਿਆ ਗਿਆ, ਜਿਹੜਾ ਕਿ ਮਰਯਾਦਾ ਦੀ ਉਲੰਘਣਾ ਕਰਨ ਵਾਲੇ ਸਿੱਖ ਨੂੰ ਪੰਥ ਨਾਲ ਦੁਬਾਰਾ ਜੋੜਨ ਦਾ ਕਾਰਜ ਕਰਦਾ ਹੈ। ਪੰਥ 'ਚ ਦੁਬਾਰਾ ਸ਼ਾਮਿਲ ਹੋਏ ਸਿੱਖ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਆਸ਼ੇ ਅਨੁਸਾਰ ਪੰਥਕ ਸ਼ਕਤੀ ਨੂੰ ਇਕੱਤਰ ਤੇ ਮਜ਼ਬੂਤ ਕਰਨ ਦਾ ਕਾਰਜ ਕਰਨ ਲਈ ਵਚਨਬੱਧ ਹੋਵੇਗਾ ।

Loading