ਤਾਨੀਆ ਨੇ ਸਾਈਪਨ ਇੰਟਰਨੈਸ਼ਨਲ ਖਿਤਾਬ ਜਿੱਤ ਕੇ ਮੀਲ ਪੱਥਰ ਸਥਾਪਤ ਕੀਤਾ

In ਖੇਡ ਖਿਡਾਰੀ
August 18, 2025

ਨਵੀਂ ਦਿੱਲੀ/ਏ.ਟੀ.ਨਿਊਜ਼:
ਭਾਰਤ ਦੀ ਬੈਡਮਿੰਟਨ ਖਿਡਾਰਨ ਤਾਨੀਆ ਹੇਮੰਤ ਨੇ ਪਿਛਲੇ ਦਿਨੀਂ ਮਹਿਲਾ ਸਿੰਗਲਜ਼ ਫਾਈਨਲ ਵਿੱਚ ਜਪਾਨ ਦੀ ਕਨਾਏ ਸਕਾਈ ਨੂੰ ਹਰਾ ਕੇ ਸਾਈਪਨ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤ ਲਿਆ ਹੈ। ਦੁਨੀਆ ਵਿੱਚ 86ਵੇਂ ਸਥਾਨ ’ਤੇ ਕਾਬਜ਼ 21 ਸਾਲਾ ਤਾਨੀਆ ਨੇ ਗੈਰ-ਦਰਜਾ ਪ੍ਰਾਪਤ ਸਕਾਈ ਨੂੰ 15-10, 15-8 ਨਾਲ ਹਰਾ ਕੇ ਆਪਣਾ ਚੌਥਾ ਕੌਮਾਂਤਰੀ ਸੀਰੀਜ਼ ਖਿਤਾਬ ਜਿੱਤਿਆ। ਸਾਈਪਨ ਇੰਟਰਨੈਸ਼ਨਲ 15 ਅੰਕਾਂ ਦੇ ਤਿੰਨ ਗੇਮ ਸਕੋਰਿੰਗ ਪ੍ਰਣਾਲੀ ਲਈ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਦੇ ਟਰਾਇਲ ਦਾ ਹਿੱਸਾ ਹੈ, ਜਿਸ ਵਿੱਚ ਹਰ ਗੇਮ ਰਵਾਇਤੀ 21 ਅੰਕਾਂ ਦੀ ਬਜਾਏ 15 ਅੰਕਾਂ ਤੱਕ ਖੇਡੀ ਜਾਂਦੀ ਹੈ। ਤਾਨੀਆ ਨੇ ਇਸ ਤੋਂ ਪਹਿਲਾਂ ਇੰਡੀਆ ਇੰਟਰਨੈਸ਼ਨਲ (2022), ਇਰਾਨ ਫਜਰ ਇੰਟਰਨੈਸ਼ਨਲ (2023) ਅਤੇ ਬੇਂਡੀਗੋ ਇੰਟਰਨੈਸ਼ਨਲ (2024) ਜਿੱਤੇ ਸਨ। ਉਸ ਨੇ ਇਸ ਜਿੱਤ ਨਾਲ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ। ਪਿਛਲੇ ਸਾਲ ਉਹ ਅਜ਼ਰਬਾਇਜਾਨ ਇੰਟਰਨੈਸ਼ਨਲ ਵਿੱਚ ਉਪ ਜੇਤੂ ਰਹੀ ਸੀ। ਫਾਈਨਲ ਵਿੱਚ ਉਸ ਨੂੰ ਹਮਵਤਨ ਮਾਲਵਿਕਾ ਬੰਸੋਦ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਈਪਾਨ ਵਿੱਚ ਖਿਤਾਬ ਤੱਕ ਪਹੁੰਚਦਿਆਂ ਤਾਨੀਆ ਨੇ ਸੈਮੀਫਾਈਨਲ ਵਿੱਚ ਜਪਾਨ ਦੀ ਰਿਰੀਨਾ ਹੀਰਾਮੋਟੋ ਨੂੰ, ਕੁਆਰਟਰਫਾਈਨਲ ਵਿੱਚ ਸਿੰਗਾਪੁਰ ਦੀ ਲੀ ਸ਼ਿਨ ਯੀ ਮੇਗਨ ਨੂੰ ਅਤੇ ਰਾਊਂਡ ਆਫ਼ 16 ਵਿੱਚ ਜਪਾਨੀ ਖਿਡਾਰਨ ਨੋਡੋਕਾ ਸੁਨਾਕਾਵਾ ਨੂੰ ਹਰਾਇਆ।

Loading