ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: 30 ਜਨਵਰੀ ਤੱਕ ਸਰਕਾਰ ਨੂੰ ਫ਼ੰਡ ਦੇਣ ਤੇ ਇਸ ਤੋਂ ਪਹਿਲਾਂ ਦਸੰਬਰ ਵਿੱਚ ਅਫ਼ੋਰਡੇਬਲ ਕੇਅਰ ਐਕਟ ਬਿੱਲ ਉੱਪਰ ਵੋਟਾਂ ਪਵਾਉਣ ਲਈ ਸਹਿਮਤੀ ਬਣਨ ਤੋਂ ਬਾਅਦ ਤਾਲਾਬੰਦੀ ਖਤਮ ਹੋਣ ਦੇ ਆਸਾਰ ਬਣ ਗਏ ਹਨ। ਇਹ ਪ੍ਰਗਟਾਵਾ ਮੁੱਦੇ ਨਾਲ ਜੁੜੇ ਇੱਕ ਪ੍ਰਮੁੱਖ ਸੁੂਤਰ ਨੇ ਕੀਤਾ ਹੈ। ਦੋ ਧਿਰੀਂ ਸਮਝੌਤੇ ਅਨੁਸਾਰ ਟਰੰਪ ਦੁਆਰਾ ਸੰਘੀ ਵਰਕਰਾਂ ਦੀ ਛਾਂਟੀ ਨੂੰ ਵਾਪਿਸ ਲਿਆ ਜਾਵੇਗਾ ਤੇ ਭਵਿੱਖ ਵਿੱਚ ਅਜਿਹੀ ਕਿਸੇ ਵੀ ਕਾਰਵਾਈ ਨੂੰ ਰੋਕਣ ਦਾ ਪੱਕਾ ਇੰਤਜ਼ਾਮ ਕੀਤਾ ਜਾਵੇਗਾ। ਵਿੱਤੀ ਸਾਲ 2026 ਲਈ ਖੁਰਾਕ ਸਹਾਇਤਾ ਨੂੰ ਯਕੀਨੀ ਬਣਾਇਆ ਜਾਵੇਗਾ। ਸਰਕਾਰ ਨਾਲ ਹੋਏ ਇਸ ਸਮਝੌਤੇ ਵਾਸਤੇ ਡੈਮੋਕਰੈਟਸ ਦੀ ਤਰਫ਼ੋਂ ਸੈਨੇਟਰ ਅੰਗੁਸ ਕਿੰਗ, ਜੀਨੇ ਸ਼ਾਹੀਨ ਤੇ ਮੈਗੀ ਹਸਨ ਨੇ ਗੱਲਬਾਤ ਵਿੱਚ ਹਿੱਸਾ ਲਿਆ। ਵਿਆਪਕ ਕਾਨੂੰਨ
ਤਹਿਤ 3 ਸਾਲ ਲਈ ਖਰਚਾ ਬਿੱਲ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਮਿਲਟਰੀ ਉਸਾਰੀ , ਫ਼ੌਜ ਦੇ ਮਾਮਲਿਆਂ ਅਤੇ ਖੇਤੀਬਾੜੀ ਵਿਭਾਗ ਲਈ ਫ਼ੰਡ ਮੁਹੱਈਆ ਕਰਵਾਇਆ ਜਾ ਸਕੇ। ਇਸ ਸਮਝੌਤੇ ਵਿੱਚ ਖਤਮ ਹੋ ਰਹੇ ਇਨਹਾਂਸਡ ਅਫ਼ੋਰਡੇਬਲ ਕੇਅਰ ਐਕਟ ਸਬਸਿਡੀਜ ਨੂੰ ਵਧਾਉਣ ਦਾ ਕੋਈ ਜ਼ਿਕਰ ਨਹੀਂ ਹੈ ਜੋ ਕਿ ਡੈਮੋਕਰੈਟਸ ਦੀ ਪ੍ਰਮੁੱਖ ਮੰਗ ਹੈ। ਇਸ ੳੁੱਪਰ ਬਾਅਦ ਵਿੱਚ ਸੈਨੇਟ ਵਿੱਚ
ਵੋਟਾਂ ਪਵਾਉਣ ਦੀ ਗਰੰਟੀ ਦਿੱਤੀ ਗਈ ਹੈ। ਸੂਤਰ ਨੇ ਕਿਹਾ ਹੈ ਕਿ ਤਾਲਾਬੰਦੀ ਖੋਲ੍ਹਣ ਤੋਂ ਪਹਿਲਾਂ ਅਜੇ ਕੁਝ ਅਹਿਮ ਮੁੱਦੇ ਰਹਿੰਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ ਪਰੰਤੂ ਤਾਲਾਬੰਦੀ ਸੰਕਟ ਹੋਰ ਡੂੰਘਾ ਨਾ ਹੋਵੇ ਇਸ ਵਾਸਤੇ ਦੋਵੇਂ ਧਿਰਾਂ ਸਹਿਮਤ ਹੋਈਆਂ ਹਨ, ਪਰੰਤੂ ਤਾਲਾਬੰਦੀ ਖਤਮ ਹੋਣ ਲਈ ਅਜੇ ਕੁਝ ਦਿਨ ਹੋਰ ਲੱਗ ਸਕਦੇ ਹਨ।
![]()
