109 views 0 secs 0 comments

ਤਿਰੂਪਤੀ ਦੇ ਲੱਡੂ ਪ੍ਰਸਾਦ ਦੀ ਪਵਿੱਤਰਤਾ ਬਹਾਲ ਕੀਤੀ ਗਈ: ਟੀਟੀਡੀ

In ਭਾਰਤ
September 21, 2024
ਤਿਰੂਪਤੀ, 21 ਸਤੰਬਰ: ਤਿਰੂਪਤੀ ਦੇ ਪ੍ਰਸਿੱਧ ਲੱਡੂ ਪ੍ਰਸਾਦ ਵਿੱਚ ਘਿਓ ਦੀ ਗੁਣਵੱਤਾ ਨੂੰ ਲੈ ਕੇ ਸ਼ਰਧਾਲੂਆਂ ਦੀਆਂ ਚਿੰਤਾਵਾਂ ਵਿਚਕਾਰ ਤਿਰੂਮਾਲਾ ਤਿਰੂਪਤੀ ਦੇਵਸਥਾਨ (ਟੀਟੀਡੀ) ਨੇ ਕਿਹਾ ਕਿ ਇਸ ਪਵਿੱਤਰ ਪ੍ਰਸਾਦ ਦੀ ਸੁੱਚਤਾ ਬਹਾਲ ਕੀਤੀ ਗਈ ਹੈ। ਤਿਰੂਮਾਲਾ ਪਹਾੜੀ ’ਤੇ ਸਥਿੱਤ ਸ੍ਰੀ ਵੇਂਕੇਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧ ਕਰਨ ਵਾਲੇ ਟੀਟੀਡੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸ੍ਰੀਵਾਰੀ ਲੱਡੂ ਦੀ ਪਵਿੱਤਰਤਾ ਬੇਦਾਗ ਹੈ, ਟੀਟੀਡੀ ਸਭ ਭਗਤਾਂ ਦੀ ਸੰਤੁਸ਼ਟੀ ਲਈ ਲੱਡੂ ਪ੍ਰਸਾਦ ਦੀ ਪਵਿੱਤਰਤਾ ਬਣਾਏ ਰੱਖਣ ਲਈ ਵਚਨਬੱਧ ਹੈ। ਦੇਸ਼ ਦੇ ਸਭ ਤੋਂ ਅਮੀਰ ਮੰਦਰ ਦਾ ਸੰਚਾਲਨ ਕਰਨ ਵਾਲੇ ਬੋਰਡ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਸੀ ਕਿ ਗੁਣਵੱਤਾ ਦੀ ਜਾਂਚ ਲਈ ਭੇਜੇ ਗਏ ਨਮੂਨਿਆਂ ਵਿਚ ਘਟੀਆ ਘਿਓ ਅਤੇ ਚਰਬੀ ਦੀ ਮਿਲਾਵਟ ਬਾਰੇ ਪਤਾ ਲੱਗਿਆ ਹੈ। ਇਸ ਤੋਂ ਦੋ ਦਿਨ ਪਹਿਲਾਂ ਲੱਡੂ ਵਿਚ ਚਰਬੀ ਦੀ ਮਿਲਾਵਟ ਦਾ ਦਾਅਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕੀਤਾ ਸੀ। ਇਸ ਮੁੱਦੇ ’ਤੇ ਪਿਛਲੀ ਵਾਈਐਸਆਰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਨੇ ਇਸ ਨੂੰ “ਭਟਕਾਉਣ ਦੀ ਰਾਜਨੀਤੀ” ਅਤੇ “ਮਨਘੜਤ ਕਹਾਣੀ” ਕਿਹਾ ਸੀ। ਉਧਰ ਕੇਂਦਰ ਨੇ ਇਸ ਮਾਮਲੇ ਨੂੰ ਲੈ ਕੇ ਆਂਧਰਾ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਯੋਗ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਟੀਟੀਡੀ ਦੇ ਕਾਰਜਕਾਰੀ ਅਧਿਕਾਰੀ ਜੇ ਸ਼ਿਆਮਲਾ ਰਾਓ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਜਾਂਚ ਦੇ ਨਮੂਨਿਆ ਵਿਚ ਪਸ਼ੂਆਂ ਦੀ ਚਰਬੀ ਪਾਈ ਗਈ ਹੈ ਅਤੇ ਬੋਰਡ ਇਸ ਮਿਲਾਵਟੀ ਘਿਓ ਦੀ ਵਰਤੋ ਕਰਨ ਵਾਲੇ ਠੇਕੇਦਾਰ ਨੂੰ ਬਲੈਕਲਿਸਟ ਕਰਨ ਲਈ ਕਾਰਵਾਈ ਕਰ ਰਿਹਾ ਹੈ।

Loading