ਤੀਰ ਨਿਸ਼ਾਨੇ ’ਤੇ

In ਮੁੱਖ ਖ਼ਬਰਾਂ
December 02, 2025

ਰਜਿੰਦਰ ਸਿੰਘ ਪੁਰੇਵਾਲ

ਕੈਪਟਨ ਦੀ ਅਕਾਲੀ ਭਾਜਪਾ ਗਠਜੋੜ ਦੀ ਵਕਾਲਤ: ਸਿਆਸੀ ਹਕੀਕਤ ਜਾਂ ਪੰਥਕ ਏਕਤਾ ਤੇ ਮਸਲਿਆਂ ਦੀ ਅਣਦੇਖੀ?

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਤੋਂ ਭਾਜਪਾ-ਅਕਾਲੀ ਗਠਜੋੜ ਦੀ ਵਕਾਲਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਹੱਥ ਮਿਲਾਉਣਾ ਪਵੇਗਾ, ਕਿਉਂਕਿ ਭਾਜਪਾ ਨੂੰ ਪੰਜਾਬ ਦੀ ਧਰਤੀ ਦੀ ਸਮਝ ਨਹੀਂ ਅਤੇ ਆਪਣਾ ਕਾਡਰ ਖੜ੍ਹਾ ਕਰਨ ਵਿੱਚ ਦੋ-ਤਿੰਨ ਚੋਣਾਂ ਲੰਘ ਜਾਣਗੀਆਂ। ਇਹ ਬਿਆਨ ਸਤਹੀ ਤੌਰ ’ਤੇ ਸਿਆਸੀ ਹਕੀਕਤ ਵਾਲਾ ਲੱਗਦਾ ਹੈ, ਪਰ ਜੇ ਡੂੰਘਾਈ ਨਾਲ ਕੈਪਟਨ ਦਾ ਬਿਆਨ ਵੇਖੀਏ ਤਾਂ ਇਸ ਵਿੱਚ ਪੰਥਕ ਏਕਤਾ ਦੀ ਗੱਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਸਵਾਲ ਇਹ ਹੈ – ਕੀ ਸਿਰਫ਼ ਸੀਟਾਂ ਦੇ ਜੋੜ-ਤੋੜ ਨਾਲ ਪੰਜਾਬ ਦੀ ਸਿਆਸਤ ਦਾ ਭਵਿੱਖ ਤੈਅ ਹੋ ਸਕਦਾ ਹੈ? ਕੀ ਸਿੱਖ ਪੰਥ ਦੇ ਗੰਭੀਰ ਮਸਲੇ ਹੱਲ ਕੀਤੇ ਬਿਨਾਂ ਅਕਾਲੀ ਏਕਤਾ ਜਾਂ ਭਾਜਪਾ ਨਾਲ ਗਠਜੋੜ ਕੋਈ ਮਤਲਬ ਰੱਖਦਾ ਹੈ?
ਕੈਪਟਨ ਸਾਹਿਬ ਦਾ ਬਿਆਨ ਬੇਸ਼ੱਕ ਚੋਣ ਗਣਿਤ ਦੇ ਲਿਹਾਜ਼ ਨਾਲ ਸਹੀ ਲੱਗਦਾ ਹੈ। 2017 ਤੋਂ ਬਾਅਦ ਭਾਜਪਾ ਪੰਜਾਬ ਵਿੱਚ ਇਕੱਲੀ ਲੜ ਰਹੀ ਹੈ ਅਤੇ ਹਰ ਪਾਸੇ ਮੂੰਹ ਦੀ ਖਾ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 2 ਸੀਟਾਂ ਅਤੇ 6.5% ਵੋਟਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਿਰਫ਼ ਤਿੰਨ ਸੀਟਾਂ (ਉਹ ਵੀ ਗਠਜੋੜ ਵਿੱਚ) ਇਸ ਗੱਲ ਦਾ ਸਬੂਤ ਹਨ ਕਿ ਭਾਜਪਾ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੋਈ ਖਾਸ ਪਹੁੰਚ ਨਹੀਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ 2022 ਵਿੱਚ ਬੁਰੀ ਤਰ੍ਹਾਂ ਹਾਰਿਆ ਅਤੇ ਸਿਰਫ਼ 3 ਸੀਟਾਂ ਤੇ ਸਿਮਟ ਗਿਆ। ਦੋਵਾਂ ਪਾਰਟੀਆਂ ਦੇ ਵੋਟ ਮਿਲਾ ਕੇ ਵੀ 25-27% ਤੋਂ ਵੱਧ ਨਹੀਂ ਬਣਦੇ, ਪਰ ਗਠਜੋੜ ਵਿੱਚ ਵੋਟ ਟਰਾਂਸਫਰ ਦੀ ਸੰਭਾਵਨਾ ਅਤੇ ਲੋਕਾਂ ਦੇ ਇਕੱਠੇ ਹੋਣ ਨਾਲ ਸ਼ਹਿਰੀ ਹਿੰਦੂ ਤੇ ਦਿਹਾਤੀ ਵੋਟਰ ਦਾ ਧਰੁਵੀਕਰਨ ਜ਼ਰੂਰ ਹੋ ਸਕਦਾ ਹੈ। ਕੈਪਟਨ ਸਾਹਿਬ ਇਸੇ ਗਣਿਤ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਹੇ ਹਨ।
ਕੈਪਟਨ ਸਾਹਿਬ ਭਾਵੇਂ ਭਾਜਪਾ ਦੇ ਸੀਨੀਅਰ ਆਗੂ ਹਨ, ਪਰ ਉਹ ਇਹ ਭੁੱਲ ਗਏ ਜਾਂ ਜਾਣ-ਬੁੱਝ ਕੇ ਅਣਦੇਖਿਆ ਕਰ ਰਹੇ ਹਨ ਕਿ 2020 ਦੇ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੀ ਜਨਤਾ ਵਿੱਚ ਭਾਜਪਾ ਵਿਰੋਧੀ ਭਾਵਨਾ ਬਹੁਤ ਡੂੰਘੀ ਹੈ। ਬਰਗਾੜੀ ਬੇਅਦਬੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ, ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਦੀਆਂ ਕੋਸ਼ਿਸ਼ਾਂ, ਕੇਂਦਰ ਵੱਲੋਂ ਸਿੱਖ ਕੈਦੀਆਂ (ਬੰਦੀ ਸਿੰਘ) ਨੂੰ ਰਿਹਾਅ ਨਾ ਕਰਨਾ – ਇਹ ਸਾਰੇ ਮਸਲੇ ਅਜੇ ਵੀ ਜਿਉਂ ਦੇ ਤਿਉਂ ਹਨ। ਇਨ੍ਹਾਂ ਮਸਲਿਆਂ ਦਾ ਹੱਲ ਕੀਤੇ ਬਿਨਾਂ ਕੀ ਕੋਈ ਅਕਾਲੀ ਆਗੂ ਜਾਂ ਵਰਕਰ ਭਾਜਪਾ ਨਾਲ ਖੜ੍ਹਨ ਲਈ ਤਿਆਰ ਹੋਵੇਗਾ? ਸੁਖਬੀਰ ਸਿੰਘ ਬਾਦਲ ਨੇ ਬਾਰ-ਬਾਰ ਕਿਹਾ ਹੈ ਕਿ ਪੰਥਕ ਮਸਲੇ ਹੱਲ ਹੋਣ ਤੋਂ ਬਿਨਾਂ ਭਾਜਪਾ ਨਾਲ ਗਠਜੋੜ ਸੰਭਵ ਨਹੀਂ।
ਅਕਾਲੀ ਦਲ ਦੀ ਹਾਲਤ ਵੀ ਬਹੁਤ ਨਾਜ਼ੁਕ ਹੈ। 2022 ਦੀ ਹਾਰ ਤੋਂ ਬਾਅਦ ਪਾਰਟੀ ਅੰਦਰ ਬਗ਼ਾਵਤ ਖੁੱਲ੍ਹ ਕੇ ਸਾਹਮਣੇ ਆ ਗਈ। ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ, ਬਿਕਰਮ ਮਜੀਠੀਆ ਤੋਂ ਲੈ ਕੇ ਬਹੁਤ ਸਾਰੇ ਪੁਰਾਣੇ ਆਗੂ ਵੱਖ ਹੋ ਚੁੱਕੇ ਹਨ। ਸੁਖਬੀਰ ਬਾਦਲ ਦੀ ਅਗਵਾਈ ’ਤੇ ਵੀ ਸਵਾਲ ਉੱਠ ਰਹੇ ਹਨ। ਅਜਿਹੇ ਵਿੱਚ ਭਾਜਪਾ ਨਾਲ ਗਠਜੋੜ ਕਰਨ ਨਾਲ ਅਕਾਲੀ ਦਲ ਦੀ ਬਚੀ-ਖੁਚੀ ਪੰਥਕ ਵਿਰਾਸਤ ਤੇ ਭਰੋਸਾ ਵੀ ਖਤਮ ਹੋ ਜਾਵੇਗਾ। ਅਕਾਲੀ ਦਲ ਦਾ ਅਸਲੀ ਧੁਰਾ ਹਮੇਸ਼ਾ ਪੰਥਕ ਏਕਤਾ ਰਿਹਾ ਹੈ, ਸਿਰਫ਼ ਸੱਤਾ ਦੀ ਸਾਂਝ ਨਹੀਂ। ਜੇਕਰ ਪੰਥਕ ਮਸਲੇ ਹੱਲ ਨਹੀਂ ਹੁੰਦੇ ਤਾਂ ਗਠਜੋੜ ਸਿਰਫ਼ ਇੱਕ ਸੀਟਾਂ ਵੰਡ ਗਠਜੋੜ ਬਣ ਕੇ ਰਹਿ ਜਾਵੇਗਾ ਜਿਸ ਨੂੰ ਪੰਜਾਬ ਦੀ ਜਨਤਾ ਰੱਦ ਕਰ ਦੇਵੇਗੀ।
ਅਸਲ ਲੋੜ ਹੈ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਕ ਮੰਚ ’ਤੇ ਲਿਆਉਣ ਦੀ – ਭਾਵੇਂ ਉਹ ਸੁਖਬੀਰ ਬਾਦਲ ਹੋਣ, ਢੀਂਡਸਾ ਹੋਣ, ਸਿਮਰਨਜੀਤ ਮਾਨ ਹੋਣ ਜਾਂ ਅੰਮ੍ਰਿਤਪਾਲ ਸਿੰਘ ਵਰਗੇ ਨਵੇਂ ਚਿਹਰੇ। ਬਿਨਾਂ ਇਸ ਏਕਤਾ ਤੋਂ ਕੋਈ ਵੀ ਗਠਜੋੜ ਸਿਰਫ਼ ਸੱਤਾ ਦੀ ਭੁੱਖ ਦਾ ਪ੍ਰਤੀਕ ਬਣ ਕੇ ਰਹਿ ਜਾਵੇਗਾ।
ਕੈਪਟਨ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਉਹ “ਪੰਜਾਬ ਦੇ ਕਰਜ਼ਦਾਰ ਹਨ” ਅਤੇ 2027 ਵਿੱਚ ਚੋਣ ਲੜਨ ਲਈ ਤੰਦਰੁਸਤ ਹਨ। ਇਹ ਉਨ੍ਹਾਂ ਦਾ ਨਿੱਜੀ ਅਹਿਸਾਸ ਹੋ ਸਕਦਾ ਹੈ, ਪਰ ਪੰਜਾਬ ਦੀ ਜਨਤਾ ਦਾ ਭਰੋਸਾ ਜਿੱਤਣ ਲਈ ਸਿਰਫ਼ ਬਿਆਨ ਕਾਫ਼ੀ ਨਹੀਂ,ਉਹਨਾਂ ਨੂੰ ਪੰਥਕ ਏਕਤਾ ਲਈ ਸਰਗਰਮ ਹੋਣਾ ਪਵੇਗਾ। ਬੰਦੀ ਸਿਖਾਂ ਤੇ ਪੰਜਾਬ ਦੇ ਮਸਲੇ ਮੋਦੀ ਸਰਕਾਰ ਤੋਂ ਹਲ ਕਰਾਉਣੇ ਪੈਣਗੇ।
ਪੰਜਾਬ ਨੂੰ ਅੱਜ ਸਿਆਸੀ ਗਠਜੋੜਾਂ ਤੋਂ ਵੱਡੀ ਲੋੜ ਪੰਥਕ ਏਕਤਾ ਅਤੇ ਨਿਆਂ ਦੀ ਹੈ।


ਧਰਮ ਦੀ ਆੜ ਵਿੱਚ ਠੱਗੀ : ਪਤੰਜਲੀ ਘਿਓ ਕਾਂਡ ਅਤੇ ਬਾਬਾ ਰਾਮਦੇਵ ਦਾ ਅਸਲੀ ਚਿਹਰਾ
ਜਦੋਂ ਵੀ ਕੋਈ ਸਾਧ ਭਗਵਾਂ ਕੱਪੜੇ ਪਾਕੇ, ਸੰਸਕ੍ਰਿਤ ਦੇ ਸ਼ਬਦ ਉਛਾਲਦਾ ਹੋਇਆ ਆ ਕੇ ਆਖੇ “ਭਾਰਤ ਮਾਤਾ ਕੀ ਜੈ! ਸਵਦੇਸ਼ੀ ਅਪਣਾਓ! ਆਯੁਰਵੇਦ ਅਪਣਾਓ!” ਤਾਂ ਸਾਡੇ ਵਰਗੇ ਸਾਧਾਰਨ ਲੋਕਾਂ ਦਾ ਦਿਲ ਖੁਸ਼ ਹੋ ਜਾਂਦਾ ਹੈ। ਲੱਗਦਾ ਹੈ ਕੋਈ ਸੱਚਾ ਸਾਧ ਆ ਆਇਆ ਹੈ ਜਿਹੜਾ ਬਹੁਕੌਮੀ ਕੰਪਨੀਆਂ ਦੇ ਖ਼ਿਲਾਫ਼ ਲੜ ਰਿਹਾ ਹੈ। ਪਰ ਜਦੋਂ ਉਹੀ “ਸਾਧ” ਆਪਣੇ ਗਊ ਘਿਓ ਵਿੱਚ ਵਨਸਪਤੀ ਘਿਓ ਮਿਲਾ ਕੇ, ਤੇਲ ਦੀ ਮਿਲਾਵਟ ਕਰ ਕੇ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੇ ਤਾਂ ਸਮਝ ਆਉਂਦੀ ਹੈ ਕਿ ਇਹ ਸਾਧ ਨਹੀਂ, ਸਗੋਂ ਸਭ ਤੋਂ ਵੱਡਾ ਵਪਾਰੀ ਹੈ – ਨਾਮ ਬਾਬਾ ਰਾਮਦੇਵ।
ਹੁਣੇ ਹੁਣੇ ਉੱਤਰਾਖੰਡ ਦੇ ਫੂਡ ਸੇਫਟੀ ਵਿਭਾਗ ਨੇ ਪਤੰਜਲੀ ਆਯੁਰਵੇਦ ਲਿਮਟਿਡ, ਇਸ ਦੇ ਡਿਸਟ੍ਰੀਬਿਊਟਰ ਤੇ ਰਿਟੇਲਰ ਤੇ ਕੁੱਲ 1.4 ਲੱਖ ਰੁਪਏ ਜੁਰਮਾਨਾ ਠੋਕ ਦਿੱਤਾ ਹੈ। ਕਾਰਨ? ਪਤੰਜਲੀ ਦਾ “ਸ਼ੁੱਧ ਦੇਸੀ ਗਊ ਘਿਓ” ਲਗਾਤਾਰ ਲੈਬ ਟੈਸਟਾਂ ਵਿੱਚ ਫੇਲ੍ਹ ਹੋ ਰਿਹਾ ਹੈ। ਰੁਦਰਪੁਰ ਦੀ ਰਾਜ ਲੈਬ ਹੋਵੇ ਜਾਂ ਗਾਜ਼ੀਆਬਾਦ ਦੀ ਨੈਸ਼ਨਲ ਫੂਡ ਲੈਬੋਰੇਟਰੀ – ਦੋਵੇਂ ਥਾਵਾਂ ’ਤੇ ਇਹ ਨਤੀਜਾ ਆਇਆ ਕਿ ਇਹ ਘਿਓ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ, ਮਿਲਾਵਟ ਹੈ ਤੇ ਸਿਹਤ ਲਈ ਖ਼ਤਰਨਾਕ ਹੈ। ਪਤੰਜਲੀ ਨੇ ਆਪਣੀ ਆਦਤ ਅਨੁਸਾਰ ਪਹਿਲਾਂ ਤਾਂ ਲੈਬਾਂ ਨੂੰ ਗਾਲ੍ਹਾਂ ਕੱਢੀਆਂ, ਫਿਰ ਮੁੜ ਟੈਸਟ ਕਰਵਾਇਆ – ਪਰ ਨਤੀਜਾ ਉਹੀ ਨਿਕਲਿਆ। ਅਖ਼ੀਰ ਫਰਵਰੀ 2022 ਵਿੱਚ ਪਿਥੌਰਾਗੜ੍ਹ ਦੇ ਐਡਜੂਡੀਕੇਟਿੰਗ ਅਫ਼ਸਰ ਨੇ ਜੁਰਮਾਨਾ ਲਾ ਦਿੱਤਾ।
ਹੁਣ ਸਵਾਲ ਇਹ ਹੈ ਕਿ ਜਿਹੜਾ ਬੰਦਾ ਸਵੇਰੇ ਟੀ.ਵੀ. ’ਤੇ ਚੀਕਦਾ ਹੈ ਕਿ “ਬਹੁਕੌਮੀ ਕੰਪਨੀਆਂ ਜ਼ਹਿਰ ਵੇਚ ਰਹੀਆਂ ਨੇ, ਪਤੰਜਲੀ ਆਯੁਰਵੇਦ ਦਾ ਘਿਓ ਸਭ ਤੋਂ ਸ਼ੁੱਧ ਹੈ, ਗਊ ਮਾਤਾ ਦਾ ਆਸ਼ੀਰਵਾਦ ਹੈ”, ਉਹ ਆਪ ਉਸੇ ਘਿਓ ਵਿੱਚ ਪਾਮ ਆਇਲ ਤੇ ਵਨਸਪਤੀ ਘਿਓ ਕਿਉਂ ਮਿਲਾ ਰਿਹਾ ਹੈ? ਇਹ ਤਾਂ ਸਿੱਧੀ-ਸਿੱਧੀ ਠੱਗੀ ਹੈ, ਧੋਖਾ ਹੈ, ਤੇ ਉਹ ਵੀ ਧਰਮ ਤੇ ਸਵਦੇਸ਼ੀ ਦੇ ਨਾਮ ’ਤੇ।
ਬਾਬਾ ਰਾਮਦੇਵ ਨੇ ਆਪਣੇ ਯੋਗਾ ਦੇ ਨਾਮ ’ਤੇ, ਗਊ ਮਾਤਾ ਦੇ ਨਾਮ ’ਤੇ, ਸਵਦੇਸ਼ੀ ਨਾਰੇ ਲਾਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਲੋਕਾਂ ਨੇ ਸੋਚਿਆ ਕਿ ਇਹ ਬਾਬਾ ਸੱਚਾ ਹੈ, ਇਸ ਤੋਂ ਲਈ ਸਾਨੂੰ ਸ਼ੁੱਧ ਚੀਜ਼ ਮਿਲੇਗੀ। ਪਰ ਅਸਲ ਵਿੱਚ ਇਹ ਸਭ ਕੁਝ ਇੱਕ ਵੱਡਾ ਮਾਰਕੀਟਿੰਗ ਸਟੰਟ ਸੀ। ਟੀਵੀ ’ਤੇ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰ, ਭਗਵਾਂ ਰੰਗ ਦੇ ਕੱਪੜੇ, ਸੰਸਕ੍ਰਿਤ ਸ਼ਲੋਕ, ਤੇ ਲੋਕਾਂ ਦੀ ਭਾਵਨਾ ਨੂੰ ਭੁੰਜ ਕੇ ਪਤੰਜਲੀ ਨੇ 10-12 ਸਾਲਾਂ ਵਿੱਚ ਹਜ਼ਾਰਾਂ ਕਰੋੜ ਦਾ ਸਾਮਰਾਜ ਖੜ੍ਹਾ ਕਰ ਲਿਆ। ਪਰ ਜਦੋਂ ਲੈਬਾਂ ਨੇ ਉਸ ਦੀ ਹਕੀਕਤ ਖੋਲ੍ਹੀ ਤਾਂ ਸਾਹਮਣੇ ਆਇਆ ਕਿ ਗਊ ਘਿਓ ਵਿੱਚ ਗਊ ਦਾ ਨਾਂ ਤਾਂ ਹੈ ਪਰ ਘਿਓ ਨਹੀਂ, ਆਟੇ ਵਿੱਚ ਮਿਲਾਵਟ, ਮਧ ਵਿੱਚ ਚੀਨੀ ਦੀ ਸ਼ਰਬਤ, ਅਤੇ ਨੂਡਲਜ਼ ਵਿੱਚ ਐਸ਼ (ਰਾਖ) ਵੀ ਮਿਲੀ ਸੀ।
ਇਹ ਪਹਿਲੀ ਵਾਰ ਨਹੀਂ ਹੋਇਆ। ਪਤੰਜਲੀ ਦੇ ਬਹੁਤ ਸਾਰੇ ਉਤਪਾਦ – ਆਟਾ, ਬਿਸਕੁਟ, ਸ਼ਹਿਦ, ਘਿਓ, ਦੁੱਧ ਪਾਊਡਰ – ਲਗਾਤਾਰ ਵੱਖ-ਵੱਖ ਰਾਜਾਂ ਵਿੱਚ ਫੇਲ੍ਹ ਹੋ ਚੁੱਕੇ ਨੇ। ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ – ਹਰ ਥਾਂ ਜੁਰਮਾਨੇ ਹੋਏ, ਕੇਸ ਚੱਲੇ। ਪਰ ਬਾਬਾ ਰਾਮਦੇਵ ਦੀ ਹਿੰਮਤ ਵੇਖੋ – ਉਹ ਟੀਵੀ ’ਤੇ ਆ ਕੇ ਸਰਕਾਰਾਂ ਨੂੰ, ਲੈਬਾਂ ਨੂੰ, ਮੀਡੀਆ ਨੂੰ ਗਾਲ੍ਹਾਂ ਕੱਢਦਾ ਹੈ, ਧਮਕੀਆਂ ਦਿੰਦਾ ਹੈ, ਕੇਸ ਕਰਦਾ ਹੈ। ਇੱਕ ਵਾਰ ਤਾਂ ਉਸ ਨੇ ਆਈ.ਏ.ਏ.ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੂੰ ਵੀ ਧਮਕੀ ਦਿੱਤੀ ਸੀ। ਯਾਨੀ ਜਿਸ ਦਿਨ ਉਸ ਦੀ ਮਿਲਾਵਟ ਫੜੀ ਜਾਂਦੀ ਹੈ, ਉਹ ਸ਼ਿਕਾਰ ਬਣ ਜਾਂਦਾ ਹੈ ਤੇ ਬਾਕੀ ਸਾਰੇ “ਦੇਸ਼ ਵਿਰੋਧੀ” ਹੋ ਜਾਂਦੇ ਨੇ।
ਅਸਲ ਵਿੱਚ ਰਾਮਦੇਵ ਵਰਗੇ ਲੋਕਾਂ ਨੇ ਧਰਮ ਨੂੰ ਸਿਰਫ਼ ਇੱਕ ਬ੍ਰਾਂਡ ਬਣਾ ਦਿੱਤਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਅਕਲ ਨੂੰ ਖੋਲ੍ਹੀਏ। ਧਰਮ ਵੱਖਰੀ ਚੀਜ਼ ਹੈ, ਵਪਾਰ ਵੱਖਰਾ। ਜਿਹੜਾ ਬੰਦਾ ਧਰਮ ਦੀ ਆੜ ਵਿੱਚ ਵਪਾਰ ਕਰ ਰਿਹਾ ਹੈ, ਉਹ ਸਾਧ ਨਹੀਂ, ਵਪਾਰੀ ਹੈ – ਤੇ ਸਭ ਤੋਂ ਚਲਾਕ ਵਪਾਰੀ। ਪਤੰਜਲੀ ਦਾ ਘਿਓ ਕਾਂਡ ਸਾਨੂੰ ਚਿਤਾਵਨੀ ਹੈ ਕਿ ਇਸ ਦੀਆਂ ਚੀਜਾਂ ਨਾ ਵਰਤੀਏ। ਜਦੋਂ ਤੱਕ ਅਸੀਂ ਭਾਵੁਕ ਬਣ ਕੇ ਧਰਮ ਦੇ ਨਾਮ ਤੇ ਠੱਗੇ ਜਾਂਦੇ ਰਹਾਂਗੇ, ਤਦ ਤੱਕ ਰਾਮਦੇਵ ਵਰਗੇ “ਬਾਬੇ” ਲੱਖਾਂ-ਕਰੋੜਾਂ ਕਮਾਉਂਦੇ ਰਹਿਣਗੇ ਤੇ ਸਾਡੀ ਸਿਹਤ ਤੇ ਜੇਬ ਦੋਵੇਂ ਖ਼ਾਲੀ ਹੁੰਦੀਆਂ ਰਹਿਣਗੀਆਂ।

Loading