
ਹਰਜੋਤ ਸਿੰਘ ਸਿੱਧੂ (ਡਾਇਰੈਕਟਰ- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ)
***
ਕੀ ਤੁਸੀਂ ਕਦੇ ਵੇਖਿਆ ਸੁਣਿਆ ਹੈ ਕਿ ਸਿਰਫ ਨੌਂ ਜਮਾਤਾਂ ਪੜ੍ਹਿਆ ਕਿਸੇ ਕੇਂਦਰੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗਿਆ ਹੋਵੇ? ਤੁਸੀਂ ਕਦੇ ਇਹ ਸੁਣਿਆ ਹੈ ਕਿਸੇ ਵੇਲੇ ਜੱਜਾਂ ਦੀ ਕੋਰਟ ਵਿਚ ਉਹਨਾਂ ਦਾ ਅਰਦਲੀ ਰਿਹਾ ਮੁੰਡਾ ਹੁਣ ਇਕ ਲੇਖਕ ਵਜੋਂ ਸਥਾਪਿਤ ਹੋਕੇ ਭਾਰਤ ਦੇ ਰਾਸ਼ਟਰਪਤੀਆਂ ਨੂੰ ਮਿਲ ਗਿਲ ਰਿਹਾ ਹੋਵੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸਨੂੰ ਉਪ ਰਾਸ਼ਟਰਪਤੀ ਹੱਥੋਂ 'ਸਾਹਿਤ ਰਤਨ' ਭੇਟ ਕਰ ਕੇ ਨਿਵਾਜੇ ਤੇ ਉਹ 59 ਕਿਤਾਬਾਂ ਦਾ ਰਚੇਤਾ ਹੋਵੇ। ਸੰਨ 1994 ਵਿਚ ਰਾਸ਼ਟਰਪਤੀ ਉਸਦੀ ਪਹਿਲੀ ਪੁਸਤਕ ਰਿਲੀਜ਼ ਕਰੇ। ਕੀ ਤੁਸੀਂ ਕਦੇ ਦੇਖਿਆ ਹੈ ਕਿ ਰਾਸ਼ਟਰਪਤੀਆਂ, ਤੇ ਗਵਰਨਰਾਂ ਨੂੰ ਮਿਲਣ-ਗਿਲਣ ਵਾਲਾ ਉਹ ਇੱਕ ਮਸ਼ਹੂਰ ਬੰਦਾ ਆਮ ਜਿਹੀ ਪੇਂਡੂ ਮਿਨੀ ਬੱਸ ਉਤੇ ਸਫ਼ਰ ਕਰਦਾ ਫਿਰਦਾ ਹੋਵੇ? ਕਦੇ ਉਹ ਰਿਕਸ਼ੇ ਤੋਂ ਉਤਰਕੇ ਆਪਣੇ ਦਫਤਰ ਵਿਚ ਵੜ ਜਾਵੇ ਤੇ ਕਦੇ ਪੈਦਲ ਤੁਰੀ ਜਾਵੇ। ਇਥੇ ਹੀ ਬਸ ਨਹੀ, ਉਹ ਰਾਜ ਵਿਚ ਨਿਯੁਕਤ ਹੁੰਦੇ ਨਵੇਂ ਆਈ ਏ ਐਸ ਤੇ ਪੀ ਸੀ ਐਸ ਜਾਂ ਪੀ ਪੀ ਐਸ ਅਫਸਰਾਂ ਨੂੰ ਟ੍ਰੇਨਿੰਗ ਸਮੇਂ ਫੈਕਲਿਟੀ ਮੈਂਬਰ ਵਜੋਂ ਲੈਕਚਰ ਦੇਣ ਜਾਂਦਾ ਹੋਵੇ। ਹੋਰ ਦੇਖੋ, ਕਿਸੇ ਸਮੇਂ ਪਟਿਆਲੇ ਸ਼ੇਰਾਂ ਵਾਲੇ ਗੇਟ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਵਿਚ ਕਿਸੇ ਵੇਲੇ ਵਾਟਰ ਕੈਰੀਅਰ ਕਮ ਮਾਲੀ ਦੀ ਕੱਚੀ ਨੌਕਰੀ ਕਰਦਾ ਰਿਹਾ ਹੋਵੇ ਤੇ ਇਕ ਦਿਨ ਉਹ ਵੀ ਆਵੇ ਕਿ ਉਸੇ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੇ ਉਚ ਪੱਧਰੀ ਰਾਜ ਸਲਾਹਕਾਰ ਬੋਰਡ ਦਾ ਉਹ ਮੈਂਬਰ ਚੁਣਿਆ ਜਾਵੇ। ਫਿਰ ਉਹੀ ਭਾਸ਼ਾ ਵਿਭਾਗ ਉਹਨੂੰ 2020 ਦੇ 'ਸ਼ਰੋਮਣੀ ਲੇਖਕ ਪੁਰਸਕਾਰ' ਲਈ ਚੁਣੇ ਤੇ ਉਸ ਪਾਸੋਂ ਪੁਸਤਕਾਂ ਲਿਖਵਾਵੇ। ਨਾਲ ਦੀ ਨਾਲ ਇਹ ਵੀ ਦੱਸ ਦੇਵਾਂ ਕਿ ਉਸਦੀਆਂ ਲਿਖੀਆਂ ਉਸਦੇ ਸਰਲ ਸੁਭਾਓ ਵਰਗੀਆਂ ਪੁਸਤਕਾਂ ਉਪਰ 12 ਵਿਦਿਆਰਥੀ ਐਮ.ਫਿਲ ਤੇ ਪੀ.ਐਚ.ਡੀ ਤੱਕ ਦੀਆਂ ਖੋਜਾਂ ਕਰ ਚੁੱਕੇ ਹੋਣ ਤੇ ਉਸਦੀਆਂ ਕਿਤਾਬਾਂ ਐਮਏ, ਬੀਏ ਦੇ ਕੋਰਸਾਂ ਤੇ ਰਚਨਾਵਾਂ ਸੀ.ਬੀ.ਐਸ ਸੀ ਵਿਚ ਵੀ ਪੜਾਈਆਂ ਜਾਂਦੀਆਂ ਹੋਣ! ਉਸ ਦੀ ਲਿਖੀ ਆਤਮਕਥਾ ਪੁਸਤਕ ਦਾ ਭਾਰਤ ਦੀਆਂ 12 ਭਾਸ਼ਾਵਾਂ ਵਿੱਚ (ਸਮੇਤ ਅੰਗਰੇਜ਼ੀ) ਅਨੁਵਾਦ ਹੋ ਚੁੱਕਾ ਹੋਵੇ। ਅਦਾਲਤਾਂ ਦਾ ਉਹ ਸਾਬਕਾ ਅਰਦਲੀ ਸੱਤ ਵਾਰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਜਾਕੇ ਮਾਣ ਸਨਮਾਨ ਹਾਸਲ ਕਰ ਚੁੱਕਾ ਹੋਵੇ! ਹੋਰ ਤਾਂ ਹੋਰ, ਕੈਨੇਡਾ ਦੀ ਪਾਰਲੀਮੈਂਟ ਵਿਚ ਉਸਨੂੰ ਮਿਲਣ ਸਮੇਂ (2001) ਕੈਨੇਡਾ ਦਾ ਪਰਧਾਨ ਮੰਤਰੀ ਇਹ ਸ਼ਬਦ ਆਖੇ ਕਿ ਆਪ ਜੀ ਨੇ ਆਪਣੀ ਉਮਰ ਜਿੰਨੀਆਂ ਕਿਤਾਬਾਂ ਲਿਖੀਆਂ ਨੇ, ਲਗਦਾ ਏ ਕਿ ਜਦ ਤੁਸੀਂ ਜੰਮੇ ਸੀ ਹੱਥ ਵਿਚ ਕਿਤਾਬ ਲੈਕੇ ਹੀ ਜੰਮੇ ਸੀ! ਕੈਨੇਡਾ ਤੋਂ ਪਰਤਦਾ ਉਹ ਲੰਡਨ ਦੇ ਪਾਰਲੀਮੈਂਟ ਵਿਚ ਖਲੋਤਾ 'ਹਾਸ਼ਮ ਦੀ ਸੱਸੀ' ਗਾ ਕੇ ਮਾਣ ਸਨਮਾਨ ਹਾਸਿਲ ਕਰ ਰਿਹਾ ਹੋਵੇ। ਕਿਸੇ ਸਮੇਂ ਜਿਹੜੇ ਜੱਜਾਂ ਦਾ ਅਰਦਲੀ (ਪੀਅਨ) ਰਿਹਾ ਤੇ ਅੱਜ ਉਹ ਜੱਜਾਂ ਦਾ 'ਮਹਿਮਾਨ' ਬਣਦਾ ਹੋਵੇ। ਹਾਈਕੋਰਟਾਂ ਦੇ ਜੱਜ, ਡੀਸੀ, ਐਸ ਐਸ ਪੀ ਤੇ ਵੱਡੇ ਵੱਡੇ ਕਲਾਕਾਰ ਤੇ ਦੇਸ਼ਾਂ ਬਦੇਸ਼ਾਂ ਦੇ ਲੋਕ ਇਕ ਸਾਬਕਾ ਅਰਦਲੀ ਦੇ ਪਿੰਡ ਵਿਚਲੇ ਆਮ ਜਿਹੇ ਘਰ ਵਿਚ ਫੇਰੀ ਪਾਉਣ ਆਉਂਦੇ ਹੋਣ! ਤੁਸੀਂ ਕਦੇ ਦੇਖਿਆ ਹੈ ਕਿ ਘੁੱਦਾ ਪਿੰਡ ਦੇ ਲੋਕ ਆਪਣੇ ਪਿੰਡ ਵਿੱਚ ਸਥਿਤ ਕੇਂਦਰੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਉਸ ਤਰਾਂ ਉਡੀਕੀ ਜਾਂਦੇ ਹੋਣ, ਜਿਵੇਂ ਆਪਾਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਉਡੀਕਦੇ ਹੋਈਏ ! ਲੋਕ ਉਹਨੂੰ ਘਰ ਬੁਲਾ ਕੇ ਉਸਦੀ ਆਓ ਭਗਤ ਕਰਦੇ ਹੋਣ! ਕਿੰਨਾ ਚੰਗਾ ਚੰਗਾ ਲਗਦਾ ਏ ਜਦ ਕੋਈ ਕਿਸੇ ਨੂੰ ਉਡੀਕਦਾ ਹੋਵੇ। ਉਸ ਆਮ ਜਿਹੇ ਪਰ 'ਖਾਸ' ਬੰਦੇ ਨੂੰ ਸਭ ਉਡੀਕਦੇ ਨੇ, ਖੈਰ!
ਉਪਰੋਕਤ ਸਾਰੀਆਂ ਗੱਲਾਂ ਅਤੇ ਸਵਾਲਾਂ ਨੂੰ ਤਸਦੀਕ ਕਰਨ ਲਈ ਮੈਂ ਇਕ ਦਿਨ ਪਿੰਡ ਘੁੱਦੇ ਨੂੰ ਕੂਚ ਕਰਦਾ ਹਾਂ। ਮੇਰੀ ਯੂਨੀਵਰਸਿਟੀ ਤੋਂ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ ਲੱਗਭੱਗ ਚੌਦਾਂ ਕੁ ਕਿੱਲੋਮੀਟਰ ਦੀ ਦੂਰੀ ਉਤੇ ਹੈ। ਮੈਂ ਅੱਜ ਉਸਨੂੰ ਮਿਲਣ ਜਾ ਰਿਹਾ ਹਾਂ। ਉਸ ਨੂੰ ਫੋਨ ਕਰਦਾ ਹਾਂ, ਉਹ ਯੂਨੀਵਰਸਿਟੀ ਦੇ ਗੇਟ ਮੂਹਰੇ ਆਪਣੇ ਇਕ ਮਿੱਤਰ ਜਗਮੀਤ ਦੇ ਮੈਡੀਕਲ ਸਟੋਰ ਉਤੇ ਬੈਠਾ ਹੋਇਆ ਹੈ, ਉਹਦੇ ਕੋਲ ਇਕ ਨਿੱਕਾ ਜਿਹਾ ਬੈਗ ਹੈ। ਹਾਲ- ਚਾਲ ਪੁੱਛਣ 'ਤੇ ਗੱਲਾਂ ਚੱਲ ਪਈਆਂ ਤਾਂ ਉਹ ਕਹਿੰਦਾ, "ਹਰਜੋਤ ਬਾਈ, ਸੱਚ ਦੱਸਾਂ---ਮੈਨੂੰ ਸਫਰਾਂ ਨੇ ਖਾ ਲਿਆ ਐ ਯਾਰ, ਸਫਰ ਨਹੀ ਮੁਕਦਾ ਐ, ਬੰਦਾ ਮੁੱਕ ਜਾਂਦਾ ਐ ਯਾਰ, ਦਸ ਕੁ ਸਾਲਾਂ ਦਾ ਸਾਂ ਮੈਂ, ਜਦੋਂ ਘਰੋਂ ਨਿਕਲ ਗਿਆ ਸਾਂ ਅਜੇ ਤੀਕ ਘਰੇ ਨੀ ਵੜਿਆ ਮੈਂ, ਬਸ ਸਫਰ---ਸਫਰ--- ਤੇ ਇਕ ਯਾਤਰੀ ਵਾਂਗ ਕੁਝ ਘੰਟਿਆਂ ਵਾਸਤੇ ਈ ਘਰ ਜਾਂਦਾ ਹਾਂ, ਯਾਰ ਮੈਂ ਬਾਰਾਂ ਤੇਰਾਂ ਸਾਲ ਦੀ ਉਮਰੇ ਤਾਂ ਤੂੰਬੀ ਦੇ ਬਾਦਸ਼ਾਹ ਬਾਬੇ ਯਮਲੇ ਜੱਟ ਦਾ ਚੇਲਾ ਜਾ ਬਣਿਆ ਸੀ, ਓਹ ਮੇਰੇ ਦਾਦੇ ਦੀ ਉਮਰ ਦੇ ਸਨ ਤੇ ਮੈਂ ਉਨਾਂ ਦੇ ਪੋਤਿਆਂ ਦੀ ਉਮਰ ਜਿਤਨਾ ਸੀ। ਮੈਂ ਉਨਾਂ ਦੇ ਕੋਲ ਈ ਰਹਿਣ ਲਗ ਪਿਆ ਸੀ, ਤੂੰਬੀ ਦੀ ਤਾਰ ਉਤੇ ਉਂਗਲ ਮਾਰਨੀ ਆ ਗਈ, ਚਲੋ ਛਡ ਯਾਰ, ਮੈਂ ਤਾਂ ਆਵਦੇ ਈ ਕਿੱਸੇ ਸੁਣਾਉਣ ਡਹਿ ਪਿਆ ਆਂ, ਕੋਈ ਹੋਰ ਗੱਲ ਕਰੀਏ ਆਪਾਂ।"
ਅਸੀਂ ਉਸ ਮੈਡੀਕਲ ਦੁਕਾਨ ਵਾਲੇ ਬਾਈ ਜਗਮੀਤ ਤੋਂ ਇਜਾਜ਼ਤ ਲੈ ਕੇ ਦੋਨੋ ਕਾਰ 'ਚ ਬੈਠ ਕੇ ਬਠਿੰਡੇ ਵੱਲ ਰਵਾਨਾ ਹੋ ਗਏ। ਗੱਲਾਂ ਦਾ ਦੌਰ ਚੱਲਦਾ ਰਿਹਾ, ਘੁੱਦੇ ਵਾਲੇ ‘ਜਸਵੀਰ ਚਾਚੇ’ ਨੂੰ ਵੀ ਮਿਲ ਆਏ।
ਗੱਲ ਸਰਕਾਰ ਦੇ ਇਸ ਉਪਰਾਲੇ ਦੀ ਵੀ ਹੋਈ, ਜਿਸ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਤਹਿਤ ਯੂਜੀਸੀ ਨੇ "ਪ੍ਰੋਫੈਸਰ ਆਫ ਪ੍ਰੈਕਟਿਸ" ਨਾਮਕ ਅਹੁਦਿਆਂ ਦੀ ਇੱਕ ਨਵੀਂ ਸ਼੍ਰੇਣੀ ਰਾਹੀਂ ਉਦਯੋਗ ਅਤੇ ਹੋਰ ਪੇਸ਼ੇਵਰ ਮੁਹਾਰਤ ਨੂੰ ਅਕਾਦਮਿਕ ਸੰਸਥਾਵਾਂ ਵਿੱਚ ਲਿਆਉਣ ਲਈ ਇੱਕ ਨਵੀਂ ਪਹਿਲ ਕੀਤੀ ਹੈ। ਇਹ ਅਸਲ ਦੁਨੀਆ ਦੇ ਅਭਿਆਸਾਂ ਅਤੇ ਤਜ਼ਰਬਿਆਂ ਨੂੰ ਕਲਾਸ ਰੂਮਾਂ ਵਿੱਚ ਲਿਆਉਣ ਵਿੱਚ ਮਦਦ ਕਰੇਗਾ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਫੈਕਲਟੀ ਸਰੋਤਾਂ ਨੂੰ ਵੀ ਵਧਾਏਗਾ। ਬਦਲੇ ਵਿੱਚ, ਉਦਯੋਗ ਅਤੇ ਸਮਾਜ ਨੂੰ ਸੰਬੰਧਿਤ ਹੁਨਰਾਂ ਨਾਲ ਲੈਸ ਸਿਖਲਾਈ ਪ੍ਰਾਪਤ ਗ੍ਰੈਜੂਏਟਾਂ ਤੋਂ ਲਾਭ ਹੋਵੇਗਾ। ਇਹ ਵੀ ਇੱਕ ਮਹੱਤਵਪੂਰਨ ਕਦਮ ਹੈ ਅਤੇ ਭਵਿੱਖ ਚ ਇਸਦਾ ਸਿੱਖਿਆ ਅਦਾਰਿਆ ਨੂੰ ਇਸਦਾ ਫਾਇਦਾ ਹੋਵੇਗਾ।
ਬਠਿੰਡੇ ਨੂੰ ਜਾਂਦੇ ਅਸੀਂ ਸਾਡੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਦਰਸ਼ਨ ਵੀ ਕੀਤੇ। ਚਾਹ ਦਾ ਕੱਪ ਸਾਂਝਾ ਕਰਦਿਆਂ ਗੱਲ ਚੱਲੀ, ਤਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ 2022 ਵਿਚ ਉਸ ਨੂੰ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵ ਵਿਦਿਆਲਿਆ, ਵਰਧਾ, ਮਹਾਂਰਾਸ਼ਟਰ ਵਿਖੇ 'ਰਾਈਟਰ ਇਨ ਰੈਜੀਡੈਂਟ' ਵਜੋਂ ਇਕ ਵੱਕਾਰੀ ਪਦਵੀ ਉਤੇ ਨਿਯੁਕਤ ਕੀਤਾ ਗਿਆ ਸੀ ਤੇ ਇਹ ਸਨਮਾਨ ਪਹਿਲੀ ਵਾਰ ਕਿਸੇ ਪੰਜਾਬੀ ਲੇਖਕ ਨੂੰ ਹਾਸਿਲ ਹੋਇਆ। ਦਫ਼ਤਰੋਂ ਉੱਠ ਅਸੀਂ ਬਠਿੰਡੇ ਦੇ ਅੱਡੇ ਵੱਲ ਨੂੰ ਤੁਰ ਪਏ, ਤੁਸੀ ਸ਼ਾਇਦ ਗਲਤ ਸਮਝਿਆ ‘ਹਵਾਈ ਅੱਡੇ’ ਵੱਲ ਨਹੀਂ ਬਠਿੰਡਾ ਦੇ ‘ਬੱਸ ਅੱਡੇ’ ਵੱਲ, ਜਿੱਥੋਂ ਇਸ ਪ੍ਰੋਫੈਸਰ ਨੇ ਬੱਸ ਚੜ ਕੇ ਆਪਣੇ ਪਿੰਡ ਘੁਗਿਆਣੇ ਨੂੰ ਜਾਣਾ ਸੀ।
ਇਹ ਸੀ 'ਪ੍ਰੋਫੈਸਰ ਆਫ ਪ੍ਰੈਕਟਿਸ ‘ ਨਿੰਦਰ ਘੁਗਿਆਣਵੀ’, ਨਾਲ ਮੇਰੀ ਇਕ ਮੁਲਾਕਾਤ । ਹੁਣ ਘੁੱਦਾ ਤੇ ਘੁਗਿਆਣਾ ਵੀ ਬਾਈ ਨੂੰ ਇਕੋ ਜਿਹੇ ਹੀ ਜਾਪਦੇ ਹਨ ਕਿਉਂਕਿ ਉਹ ਹਫਤੇ ਘੁੱਦੇ ਆਉਂਦਾ ਏ ਘੁਗਿਆਣੇ ਤੋਂ। ਰੱਬ ਕਰੇ ਕਿ ਇਹ ਸਫਰ ਬਣਿਆ ਰਹੇ ਇਸੇ ਤਰਾਂ।