
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਦੀ ਸ਼ਹੀਦੀ ਸਥਾਨ ’ਤੇ ਦਮਦਮੀ ਟਕਸਾਲ ਵੱਲੋਂ ਲਗਾਏ ਗਏ ‘ਘੁਮਟੀਆਂ’ ਜਾਂ ‘ਕਿਓਸਕ ਮੀਨਾਰਾਂ’ ਨੂੰ ਹਟਾ ਦਿੱਤਾ ਹੈ ਜੋ ਕਿ ਮੰਦਰਨੁਮਾ ਸਨ। ਇਹ ਮੀਨਾਰ ਸਿੱਖ ਸੰਸਥਾ ਦਮਦਮੀ ਟਕਸਾਲ ਨੇ ਮੁਰੰਮਤ ਅਤੇ ਸੁੰਦਰੀਕਰਨ ਦੇ ਕਾਰਜ ਦੌਰਾਨ ਉਸਾਰੇ ਸਨ।
ਦਾ ਇੰਡੀਅਨ ਐਕਸਪ੍ਰੈਸ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਇਹ ਮੀਨਾਰ ਸਿੱਖ ਇਮਾਰਤੀ ਢਾਂਚੇ ਤੇ ਵਿਰਾਸਤ ਨਾਲ ਮੇਲ ਨਹੀਂ ਖਾਂਦੇ ਸਨ, ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ।1 ਨਵੰਬਰ 2024 ਨੂੰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਬਾਬਾ ਦੀਪ ਸਿੰਘ ਦੀ ਸ਼ਹੀਦੀ ਸਥਾਨ ਨੂੰ ਮੁਰੰਮਤ ਅਤੇ ਸੁੰਦਰੀਕਰਨ ਲਈ ਇੱਕ ਸਾਲ ਦੇ ਲਈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਸੌਂਪਿਆ ਸੀ। ਧਾਮੀ ਨੇ ਕਿਹਾ ਸੀ ਕਿ ਇਸ ਸਥਾਨ ਨੂੰ ਇਸ ਦੇ ਮੂਲ ਰੂਪ ਵਿੱਚ ਸੰਭਾਲਿਆ ਜਾਵੇਗਾ। ਦਮਦਮੀ ਟਕਸਾਲ ਨੇ ਇਸ ਮੁਰੰਮਤ ਲਈ ਸ੍ਰੀ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਦਾਨ ਵੀ ਇਕੱਠਾ ਕੀਤਾ ਸੀ।
ਸਿੱਖ ਲੇਖਕ ਜਗਤਾਰਜੀਤ ਸਿੰਘ ਨੇ ਕਿਹਾ ਕਿ ਇਹ ਮੀਨਾਰ, ਜੋ ਅਕਸਰ ਮੰਦਰਾਂ ਵਿੱਚ ਵਰਤੇ ਜਾਂਦੇ ਹਨ, ਸ੍ਰੀ ਦਰਬਾਰ ਸਾਹਿਬ ਦੀ ਸਿੱਖ ਆਰਕੀਟੈਕਚਰ ਨਾਲ ਮੇਲ ਨਹੀਂ ਖਾਂਦੇ।
ਦਮਦਮੀ ਟਕਸਾਲ ਨੇ ਇਸ ਮੁੱਦੇ ’ਤੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਸੂਤਰਾਂ ਮੁਤਾਬਕ, ਉਹ ਇਸ ਫੈਸਲੇ ਤੋਂ ਨਾਖੁਸ਼ ਹਨ।
ਇਹ ਘਟਨਾ ਸ੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਦੇ ਸਬੰਧਾਂ ਵਿੱਚ ਇੱਕ ਨਵਾਂ ਤਣਾਅ ਲਿਆ ਸਕਦੀ ਹੈ। ਸ੍ਰੋਮਣੀ ਕਮੇਟੀ ਨੇ ਸਿੱਖ ਮਰਯਾਦਾ ਅਤੇ ਰਵਾਇਤਾਂ ਦੀ ਰਾਖੀ ਲਈ ਇਹ ਫੈਸਲਾ ਲਿਆ, ਪਰ ਇਸ ਦੇ ਦੂਰਗਾਮੀ ਪ੍ਰਭਾਵ ਅਜੇ ਵੇਖਣੇ ਬਾਕੀ ਹਨ।
ਕੀ ਇਹ ਇਮਾਰਤ ਦਾ ਹਿੰਦੂਕਰਨ ਨਹੀਂ ਸੀ?
ਇਹ ਸਭ ਤੋਂ ਸੰਵੇਦਨਸ਼ੀਲ ਸਵਾਲ ਹੈ। ਜੇਕਰ ‘ਕਿਓਸਕ ਮੀਨਾਰਾਂ’ ਦੀ ਬਣਤਰ ਜਾਂ ਅਕਾਰ ਹਿੰਦੂ ਮੰਦਰਾਂ ਜਾਂ ਗੁੰਬਦਾਂ ਵਰਗੀ ਸੀ, ਤਾਂ ਇਹ ਸਿੱਖ ਅਸਥਾਨਾਂ ਦੀ ਵਿਲੱਖਣਤਾ ਤੇ ਪ੍ਰਸ਼ਨਚਿੰਨ੍ਹ ਲਾ ਸਕਦਾ ਸੀ। ਸ੍ਰੋਮਣੀ ਕਮੇਟੀ ਦੇ ਬਿਆਨ ‘ਸਿੱਖ ਸਾਈਕੀ ਨਾਲ ਮੇਲ ਨਹੀਂ ਖਾਂਦੇ’ ਦੇ ਪਿੱਛੇ ਸੰਭਵ ਤੌਰ 'ਤੇ ਇਹੀ ਸੰਕੇਤ ਹੋ ਸਕਦਾ ਹੈ ਕਿ ਇਨ੍ਹਾਂ ਢਾਂਚਿਆਂ ਦੀ ਰਚਨਾ ਸਿੱਖ ਵਿਰਾਸਤ ਤੋਂ ਵਖਰੀ ਸੀ।