ਦਰਬਾਰ ਸਾਹਿਬ ਵਿੱਚ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਦੀ ਖਬਰ ਨੂੰ ਸੈਨਾ ਨੇ ਕੀਤਾ ਰਦ

ਭਾਰਤੀ ਸੈਨਾ ਨੇ ਹੁਣੇ ਜਿਹੇ ਸਪੱਸ਼ਟ ਕੀਤਾ ਕਿ ਓਪਰੇਸ਼ਨ ਸਿੰਧੂਰ ਦੌਰਾਨ ਸ੍ਰੀ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦੇ ਅਹਾਤੇ ਵਿੱਚ ਕੋਈ ਵੀ ਏਅਰ ਡਿਫੈਂਸ ਗੰਨਾਂ ਜਾਂ ਹੋਰ ਏਅਰ ਡਿਫੈਂਸ ਸਾਧਨ ਤਾਇਨਾਤ ਨਹੀਂ ਕੀਤੇ ਗਏ। ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਜਵਾਬ ਵਿੱਚ ਆਇਆ, ਜਿਨ੍ਹਾਂ ਵਿੱਚ ਫੌਜ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸੈਨਾ ਨੂੰ ਪਾਕਿਸਤਾਨ ਤੋਂ ਸੰਭਾਵੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਏਅਰ ਡਿਫੈਂਸ ਗੰਨਾਂ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਸੀ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਸਬੰਧ ਵਿੱਚ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਪਾਕਿਸਤਾਨ ਵੱਲੋਂ ਦਾਗੇ ਗਏ ਡਰੋਨ ਅਤੇ ਮਿਸਾਈਲਾਂ ਨੂੰ ਮਾਰ ਡੇਗਣ ਦੀ ਗੱਲ ਦਿਖਾਈ ਗਈ ਸੀ। ਮੇਜਰ ਜਨਰਲ ਕਾਰਤਿਕ ਸੀ ਸੇਸ਼ਾਦਰੀ ਨੇ ਕਿਹਾ ਸੀ ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।" ਫੌਜ ਨੇ ਕਿਹਾ ਸੀ ਕਿ ਸਾਡੇ ਸੁਚੇਤ ਆਰਮੀ ਏਅਰ ਡਿਫੈਂਸ ਗੰਨਰਾਂ ਨੇ ਦਰਬਾਰ ਸਾਹਿਬ 'ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ, ਸਾਡੇ ਪਵਿੱਤਰ ਦਰਬਾਰ ਸਾਹਿਬ 'ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ ਗਈ।" ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਪ੍ਰਵਾਨਗੀ ਨਾਲ ਉਸ ਦੁਆਲੇ ਤੋਪਾਂ ਤਾਇਨਾਤ ਕੀਤੀਆਂ ਸਨ। ਭਾਰਤੀ ਫੌਜ ਦੇ ਇਸ ਦਾਅਵੇ ਕਾਰਣ ਸਿੱਖ ਸੰਗਤਾਂ ਵਿੱਚ ਭਾਰੀ ਵਿਵਾਦ ਨੂੰ ਜਨਮ ਦਿੱਤਾ ਸੀ। ਇਸ ਦੀ ਵਡੇ ਪੱਧਰ ਉਪਰ ਅਲੋਚਨਾ ਹੋਈ ਸੀ। ਸੈਨਾ ਨੇ ਹੁਣ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਕੁਝ ਮੀਡੀਆ ਰਿਪੋਰਟਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਸਬੰਧੀ ਸਾਹਮਣੇ ਆਈਆਂ ਹਨ। ਅਸੀਂ ਸਪੱਸ਼ਟ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਕੋਈ ਵੀ ਏਅਰ ਡਿਫੈਂਸ ਗੰਨਾਂ ਜਾਂ ਸਾਧਨ ਤਾਇਨਾਤ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਅਤੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨੇ ਵੀ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਸੈਨਾ ਨੂੰ ਕੋਈ ਵੀ ਏਅਰ ਡਿਫੈਂਸ ਗੰਨਾਂ ਤਾਇਨਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਪ੍ਰਸ਼ਾਸਨ ਨੇ ਸਿਰਫ਼ ਬਲੈਕਆਊਟ ਦੌਰਾਨ ਬਿਜਲੀ ਬੰਦ ਕਰਨ ਸਬੰਧੀ ਸੰਪਰਕ ਕੀਤਾ ਸੀ, ਜਿਸ ਵਿੱਚ ਸ੍ਰੋਮਣੀ ਕਮੇਟੀ ਨੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਿਭਾਉਂਦਿਆਂ ਅਤੇ ਮਰਯਾਦਾ ਦੀ ਪਵਿਤਰਤਾ ਬਣਾਈ ਰੱਖਦਿਆਂ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੈਨਾ ਦੇ ਕਿਸੇ ਵੀ ਅਧਿਕਾਰੀ ਨੇ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਸਬੰਧੀ ਕੋਈ ਸੰਪਰਕ ਨਹੀਂ ਕੀਤਾ।ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ, ਗਿਆਨੀ ਰਘਬੀਰ ਸਿੰਘ, ਜੋ ਓਪਰੇਸ਼ਨ ਸਿੰਧੂਰ ਦੌਰਾਨ ਵਿਦੇਸ਼ੀ ਦੌਰੇ 'ਤੇ ਸਨ, ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨਾਲ ਗੰਨਾਂ ਦੀ ਤਾਇਨਾਤੀ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹਾ ਕੋਈ ਵਾਕਿਆ ਵਾਪਰਿਆ। ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਵੀ ਸੈਨਾ ਦੇ ਦਾਅਵੇ ਨੂੰ "ਹੈਰਾਨੀਜਨਕ ਤੌਰ 'ਤੇ ਝੂਠਾ" ਕਰਾਰ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ।ਗਿਆਨੀ ਅਮਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਹਿਰ-ਵਿਆਪੀ ਬਲੈਕਆਊਟ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਰਫ਼ ਬਾਹਰੀ ਅਤੇ ਉਪਰਲੀਆਂ ਲਾਈਟਾਂ ਬੰਦ ਕੀਤੀਆਂ। ਜਿੱਥੇ ਮਰਯਾਦਾ ਦੀ ਪਾਲਣਾ ਹੋ ਰਹੀ ਸੀ, ਉੱਥੇ ਲਾਈਟਾਂ ਚਾਲੂ ਰੱਖੀਆਂ ਗਈਆਂ ਅਤੇ ਧਾਰਮਿਕ ਸਥਾਨ ਦੀ ਪਵਿਤਰਤਾ ਨੂੰ ਪੂਰੀ ਜ਼ਿੰਮੇਵਾਰੀ ਨਾਲ ਬਣਾਈ ਰੱਖਿਆ ਗਿਆ। ਸ੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਤਣਾਅਪੂਰਨ ਸਥਿਤੀ ਦੌਰਾਨ ਸੈਨਾ ਅਤੇ ਦੇਸ਼ ਦੀ ਸ਼ਲਾਘਾਯੋਗ ਭੂਮਿਕਾ ਨੂੰ ਮੰਨਦਿਆਂ, ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਬਾਰੇ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣਾ "ਹੈਰਾਨੀਜਨਕ ਤੌਰ 'ਤੇ ਗਲਤ" ਹੈ। ਉਨ੍ਹਾਂ ਨੇ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ।ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਅਤੇ ਦਰਸ਼ਨਾਂ ਲਈ ਆਈ ਸੀ, ਅਤੇ ਜੇਕਰ ਅਜਿਹੀ ਕੋਈ ਗੰਨਾਂ ਦੀ ਤਾਇਨਾਤੀ ਹੁੰਦੀ, ਤਾਂ ਸੰਗਤ ਨੂੰ ਜ਼ਰੂਰ ਪਤਾ ਹੁੰਦਾ।ਧਾਮੀ ਨੇ ਸੈਨਾ ਦੇ ਦਾਅਵਿਆਂ ਨੂੰ "ਝੂਠਾ" ਅਤੇ "ਸਿੱਖਾਂ ਦੇ ਪਵਿੱਤਰ ਸਥਾਨ ਦੀ ਮਰਯਾਦਾ ਨਾਲ ਖਿਲਵਾੜ" ਕਰਾਰ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਨੂੰ ਇਸ ਮੁੱਦੇ 'ਤੇ ਸਪੱਸ਼ਟੀਕਰਨ ਜਾਰੀ ਕਰਨ ਦੀ ਮੰਗ ਕੀਤੀ ਸੀ, ਕਿਉਂਕਿ ਅਜਿਹੀਆਂ ਖਬਰਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਸ੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਫੌਜ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਸੰਭਾਵਨਾ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਕੋਈ ਵੀ ਸੈਨਿਕ ਅਜਿਹੀ ਨੀਚ ਸੋਚ ਨਹੀਂ ਸਕਦਾ।” ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਕਿਹਾ ਸੀ ਕਿ ਸੈਨਾ ਦੇ ਜਨਰਲਾਂ ਵੱਲੋਂ ਕੀਤੇ ਗਏ ਦਾਅਵੇ ਸੱਚ ਨਹੀਂ ਜਾਪਦੇ। ਉਨ੍ਹਾਂ ਨੇ ਸੈਨਾ ਦੇ ਅਧਿਕਾਰੀਆਂ ਦੇ ਬਿਆਨਾਂ ਨੂੰ "ਅਣਜਾਣਪੁਣੇ ਅਤੇ ਅਸੰਵੇਦਨਸ਼ੀਲ" ਕਰਾਰ ਦਿੱਤਾ ਅਤੇ ਸਰਕਾਰ ਨੂੰ ਸਪੱਸ਼ਟੀਕਰਨ ਜਾਰੀ ਕਰਨ ਲਈ ਕਿਹਾ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸੁਚੇਤ ਰਹਿਣ ਅਤੇ ਅਜਿਹੀਆਂ ਖਬਰਾਂ 'ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ। ਸਿੱਖ ਸੰਗਠਨਾਂ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਜਥੇਬੰਦੀਆਂ, ਨੇ ਵੀ ਇਨ੍ਹਾਂ ਰਿਪੋਰਟਾਂ ਦੀ ਸਖ਼ਤ ਨਿਖੇਧੀ ਕੀਤੀ ਸੀ। ਸ਼ੋਸ਼ਲ ਮੀਡੀਆ ਉਪਰ ਸਿੱਖਾਂ ਵਿਚ ਖਾਸਾ ਰੋਸ ਦਿਖਾਈ ਦਿਤਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਜਾਂਚ ਦੀ ਮੰਗ ਦਾ ਸਮਰਥਨ ਕਰਦਿਆਂ ਸ੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਸੀ। ਸਿੱਖ ਚਿੰਤਕ ਅਜੈਪਾਲ ਸਿੰਘ ਬਰਾੜ ਨੇ ਸਵਾਲ ਉਠਾਇਆ ਕਿ ਏਅਰ ਡਿਫੈਂਸ ਸਿਸਟਮ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਕਿਉਂ ਲਗਾਇਆ ਗਿਆ, ਜਦਕਿ ਇਸ ਨੂੰ ਜਲ੍ਹਿਆਂਵਾਲਾ ਬਾਗ ਜਾਂ ਟਾਊਨ ਹਾਲ ਵਿੱਚ ਲਗਾਇਆ ਜਾ ਸਕਦਾ ਸੀ।ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਸਿਸਟਮ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਉਲਟਾ ਦੁਸ਼ਮਣ ਦੇ ਨਿਸ਼ਾਨੇ ’ਤੇ ਲਿਆਂਦਾ ਗਿਆ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜਾਂਚ ਸਿੱਖ ਸੁਰੱਖਿਆ ਮਾਹਿਰਾਂ ਤੋਂ ਕਰਵਾਈ ਜਾਵੇ। ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਕਿਹਾ ਕਿ ਦੱਖਣੀ ਬ੍ਰਾਹਮਣ ਜਰਨੈਲਾਂ ਰਾਹੀ ਦਰਬਾਰ ਸਾਹਿਬ ਉਪਰ ਰਾਜਸੀ ਖੇਡਾਂ ਬੰਦ ਕੀਤੀਆਂ ਜਾਣ ।ਨਾ ਕਿਸੇ ਨੂੰ ਇਸ ਦੀ ਰਖਵਾਲੀ ਦੀ ਲੋੜ ਹੈ, ਨਾ ਹੀ ਇਸ ਨੂੰ ਢਾਲ ਬਣਾ ਕੇ ਵਰਤਿਆ ਜਾਵੇ । ਦਰਬਾਰ ਸਾਹਿਬ ਦੇ ਉਸਰਈਏ ਗੁਰੂ ਸਾਹਿਬ ਆਪ ਸਨ, ਉਹੀ ਇਸ ਦੇ ਰਖਵਾਲੇ ਹਨ ! ਬਚਦੀ ਸੇਵਾ ਲਈ ਸਿੱਖ ਕਾਫੀ ਹਨ ! ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹੀਆਂ ਗਲਤ ਰਿਪੋਰਟਾਂ ਕਿਉਂ ਫੈਲਾਈਆਂ ਜਾ ਰਹੀਆਂ ਹਨ, ਜੋ ਸਿੱਖ ਭਾਵਨਾਵਾਂ ਨੂੰ ਜ਼ਖਮੀ ਕਰ ਸਕਦੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਸੈਨਾ ਨੂੰ ਅਜਿਹੀਆਂ ਗੱਲਾਂ ਦਾ ਸਪੱਸ਼ਟੀਕਰਨ ਦੇਣਾ ਚਾਹੀਦਾ ਅਤੇ ਭਵਿੱਖ ਵਿੱਚ ਅਜਿਹੀਆਂ ਗਲਤ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨਾ ਚਾਹੀਦਾ।

Loading