
ਬਲਰਾਜ ਪੰਨੂੰ
ਅਜੇ ਕੱਲ੍ਹ ਦੀਆਂ ਗੱਲਾਂ ਨੇ ਕਿ ਲੱਕ ਲੱਕ ਖੜੇ ਹੋਏ ਝੋਨੇ ਦੀ ਫ਼ਸਲ ਨੇ ਕਿਸਾਨਾਂ ਨੂੰ ਸੁਪਨਿਆਂ ਦੀ ਪੀਂਘ ’ਤੇ ਸਵਾਰ ਕਰ ਦਿੱਤਾ ਸੀ। ਉਹ ਸੋਚਦੇ ਸੀ ਕਿ ਐਤਕੀ ਚੰਗੀ ਫਸਲ ਕਰਕੇ ਕਈ ਬੁੱਤੇ ਸਰ ਜਾਣਗੇ, ਪਰ ਰਾਵੀ, ਸਤਲੁਜ ਅਤੇ ਬਿਆਸ ਪਤਾ ਨਹੀਂ ਕਿਹੜੇ ਗੁੱਭ ਗਬਾਟ ਹਿੱਕ ਵਿੱਚ ਦੱਬੀ ਬੈਠੇ ਸਨ ਕਿ ਉਹਨਾਂ ਨੇ ਨਾ ਗਰੀਬ ਦੀ ਝੁੱਗੀ ਵੇਖੀ ਤੇ ਨਾ ਹੀ ਅਮੀਰ ਦਾ ਮਹੱਲ। ਨਾ ਕੋਈ ਡੰਗਰ ਮਾਲ ਤੇ ਨਾ ਕੋਈ ਨਿਆਣਾ ਸਿਆਣਾ। ਪਰ ਸਿਆਸਤਦਾਨਾਂ ਦਾ ਤਾਂ ਵਾਲ ਵੀ ਵਿੰਗਾਂ ਨਹੀਂ ਹੋਇਆ। ਉਹਨਾਂ ਨੇ ਤਾਂ ਦਰਿਆਵਾਂ ਦੇ ਪਾਣੀਆਂ ਦੇ ਵੀ ਸੌਦੇ ਕਰ ਲਏ ਹਨ। ਵੈਸੇ ਦਰਿਆਵਾਂ ਤੇ ਮਨੁੱਖਾਂ ਦੀ ਸਾਂਝ ਬੜੀ ਪੀਢੀ ਹੈ। ਇਸ ਨੇੜਤਾ ਨੇ ਮਨੁੱਖ ਨੂੰ ਵਸੀਲੇ, ਵਾਤਾਵਰਣ, ਵਧੀਆ ਹਾਲਾਤ ਤੇ ਕਈ ਹੋਰ ਸੁਵਿਧਾਵਾਂ ਦੇ ਨਾਲ ਲਬਰੇਜ਼ ਵੀ ਕੀਤਾ। ਪਰ ਉਹ ਵੀ ਕੀ ਕਰਨ? ਅਸੀਂ ਸਵਾਰਥੀ ਵੀ ਤਾਂ ਬਹੁਤ ਜ਼ਿਆਦਾ ਹੋ ਗਏ ਹਾਂ। ਜਿਸ ਮਿੱਟੀ ਦੀ ਖ਼ੁਸ਼ਬੋ ਨੂੰ ਸਾਡੇ ਵੱਡੇ ਵਡੇਰੇ ਸੁੰਘ ਕੇ ਨਸ਼ਿਆ ਜਾਂਦੇ ਸਨ, ਅਸੀਂ ਤਾਂ ਉਹ ਮਿੱਟੀ ਆਪਣੀ ਅੱਡੀ ਨੂੰ ਵੀ ਨਹੀਂ ਲੱਗਣ ਦਿੰਦੇ। ਪਤਾ ਨਹੀਂ ਕਿਉਂ ਅਸੀਂ ਅਨਜਾਣ ਬਣ ਗਏ ਕਿ ਜੇ ਦਰਿਆ ਪਲੀਤ ਹੋ ਗਏ, ਬਿਰਖ਼ ਨਾ ਰਹੇ, ਪਰਿੰਦੇ ਉਡਾਰੀ ਮਾਰ ਗਏ ਤਾਂ ਨੋਟ ਖਾ ਕੇ ਅਸੀਂ ਜੀ ਲਵਾਂਗੇ ਪਰ ਨੋਟ ਖਾ ਕੇ ਤਾਂ ਨਹੀਂ ਨਾ ਜੀਵਿਆ ਜਾਂਦਾ। ਕਿਸੇ ਸਿਆਣੇ ਨੇ ਕਿਹਾ ਕਿ ‘ਦਰਿਆ ਪਾਕ ਹੋਵੇ ਤਾਂ ਸਾਹਾਂ ਦੀ ਸਾਰੰਗੀ, ਪਲੀਤ ਹੋਵੇ ਤਾਂ ਜ਼ਿੰਦਗੀ ਬੇਢੰਗੀ’। ਤਾਂ ਹੀ ਤਾਂ ਅੱਜ ਅਸੀਂ ਲਾਪਰਵਾਹੀ ਦਾ ਹੀ ਭੁਗਤਾਨ ਭੁਗਤ ਰਹੇ ਹਾਂ। ਭਾਂਵੇਂ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੇ ਵਿੱਚ ਸਰਕਾਰ ਦੀ ਅਣਗਹਿਲੀ ਜ਼ਿਆਦਾ ਹੈ, ਪਰ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਪੰਜਾਬ ਨੂੰ ਤਬਾਹ ਕਰਨ ਦੀਆਂ ਚਾਲਾਂ ਨੇ।
ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਦਰਿਆ ਰਾਜਿਆਂ ਮਹਾਰਾਜਿਆਂ ਦੇ ਲਈ ਧੌਂਸ ਜਮਾਉਣ ਦੀ ਜਗ੍ਹਾ ਰਹੇ ਨੇ। ਤੇ ਅੱਜ ਵੀ ਤਾਂ ਦੋਹਾਂ ਬੰਨਿਆਂ ’ਤੇ ਰਾਜੇ ਧੌਂਸ ਹੀ ਜਮਾ ਰਹੇ ਨੇ। ਉਹ ਵੀ ਦੋਵਾਂ ਪੰਜਾਬਾਂ ਦੀ ਪਾਣੀ ਦੇ ਨਾਲ ਸੰਘੀ ਨੱਪ ਕੇ। ਇਹ ਸਿਆਸਤਦਾਨ ਏਨੇ ਚਲਾਕ ਨੇ ਕਿ ਦੋਸ਼ੀ ਦਰਿਆਵਾਂ ਨੂੰ ਸਾਬਿਤ ਕਰ ਦਿੱਤਾ। ਸਿਆਸਤਦਾਨ ਹੋਛੀ ਰਾਜਨੀਤੀ ਹੀ ਤਾਂ ਕਰ ਸਕਦੇ ਨੇ। ਇਹਨਾਂ ਵਿੱਚ ਏਨੀ ਤਾਕਤ ਜਾਂ ਸੂਝ ਕਿੱਥੋਂ ਕਿ ਪੋਰਸ ਤੇ ਸਿੰਕਦਰ ਵਾਂਗੂੰ ਬਿਆਸ ਦੇ ਵਹਾਅ ਨੂੰ ਫਿੱਕਿਆਂ ਪਾ ਦੇਣ ਜਾਂ ਮਹਾਰਾਜਾ ਰਣਜੀਤ ਸਿੰਘ ਵਾਂਗੂੰ ਅਟਕ ਦਰਿਆ ਨੂੰ ਠਹਿਰਣ ਦਾ ਹੁਕਮ ਦੇ ਦੇਣ ਜਾਂ ਕਲਗੀਆਂ ਵਾਲੇ ਸਮੇਤ ਸਿੱਖ ਯੋਧੇ ਸਰਸਾ ਦੀ ਹਿੱਕ ਨੂੰ ਚੀਰ ਕੇ ਪਾਰ ਕਰ ਜਾਣ।
ਦੋਹਾਂ ਪੰਜਾਬਾਂ ਲਹਿੰਦੇ ਤੇ ਚੜ੍ਹਦੇ ਵਿੱਚ ਪਾਣੀ ਦਾ ਕਹਿਰ ਲਗਾਤਾਰ ਜਾਰੀ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਨੇ। ਚੜ੍ਹਦੇ ਪੰਜਾਬ ਦੇ ਵਿੱਚ 30 ਤੋਂ 35 ਮੌਤਾਂ ਦਸੀਆਂ ਜਾ ਰਹੀਆਂ ਨੇ ਤੇ ਲਹਿੰਦੇ ਪੰਜਾਬ ਦੇ ਵਿੱਚ 850 ਦੇ ਕਰੀਬ ਜਾਨਾਂ ਦਾ ਨੁਕਸਾਨ ਹੋਇਆ ਹੈ। ਇਸ ਪਾਣੀ ਦੇ ਸਿਤਮ ਵਿੱਚ ਹੌਕੇ, ਸਿਸਕੀਆਂ, ਤਰਲੇ, ਲਿਲਕੜੀਆਂ, ਅੰਦਰੋਂ ਅੰਦਰੀਂ ਰੌਂਦੇ ਚਿਹਰੇ ਅਜੇ ਵੀ ਸਿਆਸਤ ਦੇ ਬੋਲੇ ਕੰਨਾਂ ਤੱਕ ਦਸਤਕ ਨਹੀਂ ਦੇ ਰਹੇ। ਜਿਸ ਆਮ ਆਦਮੀ ਪਾਰਟੀ ਨੂੰ ਦਿੱਲੀ ਬੈਠਿਆਂ ਧੂੰਆਂ ਪਹੁੰਚ ਜਾਂਦਾ ਸੀ, ਉਸ ਨੂੰ ਪੰਜਾਬ ਵੱਲ ਵੱਧਦਾ ਪਾਣੀ ਕਿਉਂ ਨਹੀਂ ਦਿਖਿਆ? ਇਸ ਪਾਣੀ ਨੇ ਕੁਰੱਪਸ਼ਨ, ਧਾਂਦਲੀ ਤੇ ਦਲਾਲੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪਰ ਦਰਿਆਵਾਂ ਵਰਗੇ ਦਿਲ ਰੱਖਣ ਵਾਲੇ ਪੰਜਾਬੀ ਦਰਿਆਵਾਂ ਦੇ ਪਾਣੀ ਦੇ ਨਾਲ ਸਿੱਝ ਰਹੇ ਨੇ। ਇੱਕ ਦੂਜੇ ਨੂੰ ਹੌਂਸਲਾ ਦਿੰਦੇ ਹੋਏ ਕਹਿੰਦੇ ਨੇ ਕਿ ਕੋਈ ਗੱਲ ਨਹੀਂ। ਅਸੀਂ ਪੰਜਾਬ ਦੇ ਵਾਸੀ ਹਾਂ। ਹੌਂਸਲੇ ਦੀ ਕੋਈ ਕਮੀ ਨਹੀਂ ਪਰ ਹੌਂਸਲਾ ਪਰਮਾਤਮਾ ਬਰਕਰਾਰ ਰੱਖੇ। ਅਸੀਂ ਪੰਜਾਬ ਨੂੰ ਦੱਬਣ ਨਹੀਂ ਦਿੰਦੇ। ਤੇ ਵਾਹਿਗੁਰੂ ਦੇ ਜੈਕਾਰੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਜਨੂੰਨ ਹੈ ਕਿ ਡਿੱਗ ਕੇ ਫਿਰ ਦੁੱਗਣੇ ਹੌਂਸਲੇ ਨਾਲ ਉੱਠਣ ਦੀ ਤਾਕਤ ਉਹਨਾਂ ਵਿੱਚ ਆਉਣ ਲੱਗਦੀ ਹੈ। ਸਦਕੇ ਜਾਈਏ ਪੰਜਾਬ ਦੇ ਕਲਾਕਾਰਾਂ ਦੇ ਤੇ ਵਿਦੇਸ਼ਾਂ ’ਚ ਬੈਠੇ ਐਨ.ਆਰ.ਆਈ.ਭੈਣ ਭਰਾਵਾਂ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ, ਜਿਹਨਾਂ ਨੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਨੂੰ ਮੋਢਿਆਂ ’ਤੇ ਚੁੱਕ ਲਿਆ ਤੇ ਲਾਹਨਤ ਹੈ ਉਹਨਾਂ ਡੇਰਿਆਂ ਤੇ ਢੌਂਗੀ ਬਾਬਿਆਂ ’ਤੇ ਜਿਹਨਾਂ ਨੇ ਲੋਕਾਂ ਦੇ ਸਿਰਾਂ ’ਤੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਪਰ ਚਮਤਕਾਰ ਇਸ ਔਖੀ ਘੜੀ ਵਿੱਚ ਕੋਈ ਵੀ ਨਹੀਂ ਦਿਖਾਇਆ। ਸਿਆਸਤ ਦੇ ਮੂੰਹ ’ਤੇ ਵੀ ਇੱਕ ਜ਼ੋਰਦਾਰ ਥੱਪੜ ਹੈ ਕਿ ਜਾਤਾਂ-ਪਾਤਾਂ ਦੇ ਮਸਲੇ ’ਤੇ ਲੜਾਉਣ ਵਾਲਿਓ ਵੇਖੋ, ਪਛਾਣੋ, ਇਸ ਭੀੜ ਦੇ ਵਿੱਚ ਹਿੰਦੂ ਵੀ ਹੈ, ਮੁਸਲਮਾਨ ਵੀ ਹੈ ਤੇ ਸਿੱਖ ਵੀ ਹੈ। ਜੋ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ।
ਹਾਲੇ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਪਾਕਿਸਤਾਨ ਨੂੰ ਅੰਨ੍ਹੇ ਭਗਤ ਲੋਕ ਪਾਣੀ ਬੰਦ ਕਰਨ ਦੀਆਂ ਧਮਕੀਆਂ ਦੇ ਰਹੇ ਸਨ ਪਰ ਕੁਦਰਤ ਦੇ ਰੰਗ ਵੇਖੋ ਭਾਵੇਂ ਦੋਹਾਂ ਪੰਜਾਬਾਂ ਨੂੰ ਮੇਲਣ ਦਾ ਇਹ ਕੋਈ ਢੰਗ ਚੰਗਾ ਤਾਂ ਨਹੀਂ ਸੀ ਪਰ ਦੋਹੇਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਭਰਾ ਉਸ ਕਲਿਹਣੀ ਲਕੀਰ ’ਤੇ ਬਿਨਾਂ ਕਿਸੇ ਬੰਦਸ਼ ਦੇ ਇੱਕ ਦੂਜੇ ਨੂੰ ਹੌਂਸਲਾ ਦਿੰਦੇ ਵੇਖੇ ਗਏ। ਇੱਕ ਗੱਲ ਦਾ ਰੋਸ ਉਹਨਾਂ ਲੋਕਾਂ ਨਾਲ ਵੀ ਹੈ ਜਿਹਨਾਂ ਦਾ ਦਾਲ ਫੁਲਕਾ ਵੀਡੀਓ ਬਣਾਉਣ ਕਰਕੇ ਹੀ ਚੱਲਦਾ ਹੈ। ਉਹ ਏ.ਆਈ. ਦੀ ਸਹਾਇਤਾ ਦੇ ਨਾਲ ਬਹੁਤ ਭਿਆਨਕ ਵੀਡੀਓ ਬਣਾ ਕੇ ਲੋਕਾਂ ਨੂੰ ਹੋਰ ਡਰਾ ਰਹੇ ਨੇ। ਬੇਨਤੀ ਇਹਨਾਂ ਨੂੰ ਹੈ ਕਿ ਇਸ ਔਖੀ ਘੜੀ ਦੇ ਵਿੱਚ ਹੌਂਸਲੇ ਵਾਲੇ, ਚੜ੍ਹਦੀਕਲਾ ਵਾਲੇ ਵੀਡੀਓ ਬਣਾਓ। ਜਿੰਨੀ ਇਹ ਆਫ਼ਤ ਵੱਡੀ ਹੈ, ਉਨੀ ਹੀ ਨੈਸ਼ਨਲ ਮੀਡੀਆ ਦੀ ਕਵਰੇਜ਼ ਪੰਜਾਬ ਲਈ ਛੋਟੀ ਲੱਗੀ। ਛੋਟੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਹੁਤ ਲੱਗੇ ਕਿਉਂਕਿ ਏਨੀ ਵੱਡੀ ਕੁਰਸੀ ’ਤੇ ਬੈਠ ਕੇ ਪੂਰੇ ਭਾਰਤ ਵਿਚੋਂ ਪੰਜਾਬ ਪ੍ਰਤੀ ਦੁੱਖ ਜ਼ਾਹਿਰ ਨਾ ਕਰਕੇ ਬੇਗਾਨੇਪਣ ਦਾ ਅਹਿਸਾਸ ਕਰਵਾ ਦਿੱਤਾ। ਇਹ ਵੀ ਗੱਲ ਸੋਚਣ ਵਾਲੀ ਹੈ ਕਿ ਇਸ ਕਹਿਰ ਦੇ ਸਮੇਂ ਦੇ ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਬੀਬੀ ਦੇ ਨਾਲ ਰਲ ਕੇ ਰੋਣ ਵਾਲਾ ਡਰਾਮਾ ਕਿਉਂ ਕੀਤਾ? ਹੱਦ ਇਸ ਗੱਲ ਦੀ ਹੈ ਕਿ ਦੋਵੇਂ ਰੋਣ ਦਾ ਡਰਾਮਾ ਕਰਦੇ ਰਹੇ ਪਰ ਪਾਰਟੀ ਦੀ ਆਈ.ਡੀ. ਬੀਬੀ ਲਾਹੁਣਾ ਹੀ ਭੁੱਲ ਗਈ। ਇੱਥੋਂ ਇਹ ਸਿੱਖਿਆ ਮਿਲਦੀ ਹੈ ਕਿ ਕਲਾਕਾਰੀ ਵੀ ਕਲਾ ਦੇ ਮਾਹੌਲ ਦੇ ਵਿੱਚ ਹੀ ਸਹੀ ਬੈਠਦੀ ਹੈ। ਐਹੋ ਜਿਹੇ ਮਾਹੌਲ ਦੇ ਵਿੱਚ ਨਹੀਂ। ਇਹ ਨਾ ਸਮਝਿਓ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕੰਮ ਨਹੀਂ ਕਰ ਰਹੀ। ਕੰਮ ਕਰ ਰਹੀ ਹੈ, ਤਾਂ ਹੀ ਤਾਂ ਆਮ ਆਦਮੀ ਪਾਰਟੀ ਦੇ ਤਿੰਨ ਮਨਿਸਟਰ ਕਿਸ਼ਤੀ ਦੇ ਵਿੱਚ ਬੈਠੇ ਹੜ੍ਹਾਂ ਦਾ ਜਾਇਜ਼ਾ ਲੈਣ ਦਾ ਢੌਂਗ ਕਰਦੇ ਹੋਏ ਸਵੀਡਨ ਤੇ ਗੋਆ ’ਚ ਲਗ਼ਜ਼ਰੀ ਕਰੂਜ਼ ਦੀ ਚਰਚਾ ਕਰਦਿਆਂ ਦੀ ਵੀਡੀਓ ਵਾਇਰਲ ਹੋਈ। ਕਈ ਵਾਰ ਕ੍ਰੇਡਿਟ ਲੈਣ ਦੇ ਚੱਕਰ ਦੇ ਵਿੱਚ ਰਾਜਨੀਤੀ ਮਹਿੰਗੀ ਪੈ ਜਾਂਦੀ ਹੈ। ਭਗਵੰਤ ਮਾਨ ਸਰਕਾਰ ਪੰਜਾਬ ਲਈ ਪੂਰੀ ਡਟੀ ਹੋਈ ਹੈ ਤਾਂ ਹੀ ਤਾਂ ਬਾਕੀ ਸਾਰੇ ਕੰਮ ਛੱਡ ਕੇ ਹਰਮੀਤ ਸਿੰਘ ਪਠਾਨਮਾਜਰੇ ਵਾਲੇ ਮੁੱਦੇ ’ਤੇ ਜ਼ਿਆਦਾ ਗੌਰ ਕਰ ਰਹੀ ਹੈ। ਚਰਚਾ ਦੇ ਵਿੱਚ ਤਾਂ ਇਹ ਵੀ ਹੈ ਕਿ ਇਹ ਮੁੱਦਾ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਹੈ ਤੇ ਅੰਦਾਜ਼ੇ ਇਹ ਵੀ ਨੇ ਕਿ ਹਰਮੀਤ ਪਠਾਨਮਾਜਰਾ ਮੌਕੇ ’ਤੇ ਚੌਕਾ ਮਾਰ ਗਿਆ।
ਮੁੱਕਦੀ ਗੱਲ ਇਹ ਹੈ ਕਿ ਹੜ੍ਹ ਦੀ ਮਾਰ ਤੋਂ ਬਾਅਦ ਲੋਕ ਫੇਰ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਲੱਗ ਜਾਣਗੇ ਜਾਂ ਸਰਕਾਰ ਨੂੰ ਸਵਾਲ ਕਰਨਗੇ ਕਿ ਏਨੇ ਵੱਡੇ ਬੰਨਾਂ ਦੇ ਬਾਵਜੂਦ ਤਬਾਹੀ ਕਿਉਂ? ਘੱਗਰ ਨਦੀ ਕਿਉਂ ਤਬਾਹੀ ’ਤੇ ਤੁਲੀ ਸੀ ਕੀ ਲੋਕ ਪੁੱਛਣਗੇ? ਜਾਂ ਸਿਆਸਤਦਾਨਾਂ ਵੱਲੋਂ ‘ਕਲਾਈਮੇਟ ਚੇਂਜ’ ਸੁਣ ਕੇ ਚੁੱਪਚਾਪ ਸਹਿ ਲੈਣਗੇ। ਜੇ ਸਿਆਸਤਦਾਨ ਇਹੀ ਸੋਚਦੇ ਨੇ ਤਾਂ ਉਹ ਗਲਤ ਨੇ ਕਿਉਂਕਿ ਲੋਕ ਪਾਣੀ ਦੇ ਵਿੱਚ ਵੀ ਸਿਆਸਤਦਾਨਾਂ ਨੂੰ ਲਲਕਾਰੇ ਮਾਰ ਰਹੇ ਨੇ ਕਿ ਕਿਧਰੇ ਪਿੰਡਾਂ ਵੱਲ ਗੇੜਾ ਨਾ ਮਾਰ ਜਾਇਓ। ਰਹੀ ਗੱਲ ਪੰਜਾਬ ਦੀ ਤਾਂ ਅਸੀਂ ਸਾਂਭ ਲਵਾਂਗੇ ਪੰਜਾਬ ਨੂੰ। ਸਾਡਾ ਭਾਈਚਾਰਾ ਮਜ਼ਬੂਤ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਤੋੜਨ ਦੀ ਸਦੀਆਂ ਤੋਂ ਕੋਸ਼ਿਸ਼ ਕੀਤੀ ਗਈ। ਉਹ ਟੁੱਟਿਆ, ਡਿੱਗਿਆ ਤੇ ਦੂਣ ਸਵਾਇਆ ਹੋ ਕੇ ਉੱਠਿਆ ਤੇ ਹੁਣ ਵੀ ਉੱਠੇਗਾ। ਹੌਂਸਲਾ ਹਰ ਇੱਕ ਨੇ ਪੰਜਾਬ ਦਾ ਪਰਖ਼ਿਆ ਹੈ। ਦੁਆ ਹੈ ਕਿ ਹਿੰਮਤ ਬਹੁਤ ਹੈ ਪੰਜਾਬ ਦੇ ਵਿੱਚ। ਗੁਰਾਂ ਦੀ ਬਖ਼ਸ਼ਿਸ਼ ਹੈ ਤੇ ਬਣਾਈ ਰੱਖੀਂ। ਅੱਲ੍ਹਾ ਖੈਰ ਕਰੀਂ। ਚੜ੍ਹਦਾ ਵੀ ਸਾਡਾ ਹੈ ਤੇ ਲਹਿੰਦਾ ਵੀ ਸਾਡਾ ਹੈ।