
ਜਦੋਂ ਤੋਂ ਭਾਰਤ ’ਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਤੋਂ ਲੈ ਕੇ ਉੱਤਰਾਖੰਡ , ਯੂ.ਪੀ., ਗੋਆ, ਮਨੀਪੁਰ ਅਤੇ ਦਿੱਲੀ ਵਿੱਚ ਦੂਜੀਆਂ ਪਾਰਟੀਆਂ ਦੇ ਆਗੂ ਕਿਤੇ ਚੋਣਾਂ ਤੋਂ ਪਹਿਲਾਂ, ਕਿਤੇ ਚੋਣਾਂ ਮੌਕੇ, ਕਿਤੇ ਚੋਣਾਂ ਤੋਂ ਬਾਅਦ ਲਗਾਤਾਰ ਭਾਜਪਾ ਦੇ ਸੱਤਾ ਦੇ ਰੱਥ ਵਿੱਚ ਸਵਾਰ ਹੁੰਦੇ ਨਜ਼ਰ ਆ ਰਹੇ ਹਨ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਿਆਸੀ ਆਗੂ ਕੀ ਆਪਣੀ ਸਿਆਸੀ ਜ਼ਮੀਨ ਨੂੰ ਬਚਾਈ ਰੱਖਣ ਵਿੱਚ ਕਾਮਯਾਬ ਹੋਣਗੇ? ਇਸਦੇ ਨਾਲ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਆਪਣਾ ਨਿੱਜੀ ਕੱਦ ਘੱਟ ਰਿਹਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਅਨੇਕਾਂ ਅਕਾਲੀ ਆਗੂਆਂ ਸਮੇਤ ਭਾਜਪਾ ਵਿੱਚ ਦੂਸਰੀਆਂ ਪਾਰਟੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੂਚੀ ਬਹੁਤ ਲੰਬੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਅਨੇਕਾਂ ਸਿੱਖ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਾਜ ਨੇਤਾਵਾਂ ਬਾਰੇ ਗੱਲਬਾਤ ਕਰਦਿਆਂ ਅਕਸਰ ਕੁੱਝ ਸਿਆਸੀ ਮਾਹਿਰ ਵਿਅੰਗ ਕਰਦਿਆਂ ਕਹਿੰਦੇ ਹਨ ਕਿ ਭਾਜਪਾ ਵੱਲੋਂ ਦੂਜੀਆਂ ਸਿਆਸੀ ਪਾਰਟੀਆਂ ਦੀ ਰਹਿੰਦ ਖੂੰਹਦ ਇੱਕਠੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਭਾਜਪਾ ਵਿੱਚ ਉਹਨਾਂ ਦਾ ਦਿਲ ਨਹੀਂ ਲੱਗਿਆ ਅਤੇ ਉਹ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਸਿਆਸੀ ਮਾਹਿਰ ਕਹਿੰਦੇ ਹਨ ਕਿ ਭਾਜਪਾ ਬਹੁਤ ਹੀ ਸਖ਼ਤ ਅਨੁਸ਼ਾਸਨ ਵਾਲੀ ਸਿਆਸੀ ਪਾਰਟੀ ਹੈ। ਭਾਜਪਾ ਦਾ ਕੋਈ ਵੀ ਆਗੂ ਆਪਣੀ ਮਰਜੀ ਨਾਲ ਮਨਚਾਹਿਆ ਬਿਆਨ ਨਹੀਂ ਦੇ ਸਕਦਾ। ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਆਗੂ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਆਪਣਾ ਬਿਆਨ ਜਾਰੀ ਕਰਦੇ ਹਨ। ਇਸ ਕਰਕੇ ਹੋਰਨਾਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਆਗੂ ਕੁਝ ਦਿਨ ਬਿਆਨਬਾਜੀ ਕਰਨ ਤੋਂ ਬਾਅਦ ਇੱਕ ਤਰਾਂ ਚੁੱਪ ਜਿਹੇ ਹੋ ਜਾਂਦੇ ਹਨ ਜਾਂ ਕਦੇ ਕਦਾਂਈ ਕੋਈ ਬਿਆਨ ਜਾਰੀ ਕਰ ਦਿੰਦੇ ਹਨ ਅਤੇ ਸਿਆਸਤ ਵਿੱਚ ਆਪਣੀ ਹਾਜ਼ਰੀ ਲਗਵਾ ਲੈਂਦੇ ਹਨ।
ਭਾਜਪਾ ਦੀ ਰਣਨੀਤੀ
ਭਾਜਪਾ ਦੀ ਦੂਜੀਆਂ ਪਾਰਟੀਆਂ ਦੇ ਮਜ਼ਬੂਤ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਰਣਨੀਤੀ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਜੋ ਵੀ ਆਗੂ ਦੂਜੀ ਪਾਰਟੀ ਤੋਂ ਆਵੇਗਾ, ਉਹ ਆਪਣੇ ਨਾਲ ਕੁਝ ਵੋਟਾਂ ਲੈ ਕੇ ਆਵੇਗਾ, ਕਿਉਂਕਿ ਉਸ ਦਾ ਨਿੱਜੀ ਵੋਟ ਬੈਂਕ ਵੀ ਹੁੰਦਾ ਹੈ। ਜਿਸ ਕਾਰਨ ਪਾਰਟੀ ਵਿੱਚ ਵੋਟਾਂ ਵੀ ਵਧਣਗੀਆਂ ਅਤੇ ਇੱਕ ਸੁਨੇਹਾ ਵੀ ਜਾਵੇਗਾ ਕਿ ਲੀਡਰ ਅਕਸਰ ਹਾਰਨ ਵਾਲੀ ਪਾਰਟੀ ਛੱਡ ਜਾਂਦੇ ਹਨ। ਜੇਕਰ ਉਹ ਜੇਤੂ ਵੱਲ ਵਧਦੇ ਹਨ ਤਾਂ ਨੇਤਾਵਾਂ ਦੇ ਆਉਣ ਨਾਲ ਜਨਤਾ ਨੂੰ ਲੱਗੇਗਾ ਕਿ ਭਾਜਪਾ ਹੀ ਜੇਤੂ ਪਾਰਟੀ ਹੈ ਅਤੇ ਭਵਿੱਖ ਵੀ ਇਸ ਦਾ ਹੈ।
ਹਾਲਾਂਕਿ ਵਿਰੋਧੀ ਧਿਰ ਉਨ੍ਹਾਂ ਨੂੰ ਇਸ ਤਰ੍ਹਾਂ ਭਾਜਪਾ ’ਚ ਸ਼ਾਮਲ ਕਰਨ ਦੀ ਰਣਨੀਤੀ ’ਤੇ ਗੌਰ ਨਾ ਕਰਦੇ ਹੋਏ ਉਨ੍ਹਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਭਾਜਪਾ ਅਜਿਹੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ, ਜਿਨ੍ਹਾਂ ਬਾਰੇ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਮੇਤ ਕਈ ਦੋਸ਼ ਲਾਉਂਦੀ ਰਹੀ ਹੈ ਅਤੇ ਖੁਦ ਭ੍ਰਿਸ਼ਟਾਚਾਰ ਮੁਕਤ ਹੋਣ ਦੀ ਗੱਲ ਕਰਦੀ ਹੈ। ਕਿਤੇ ਨਾ ਕਿਤੇ ਇਹ ਉਤਸੁਕਤਾ ਭਾਜਪਾ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਭਾਵੇਂ ਕਿੰਨੀ ਵੀ ਵੱਡੀ ਗੱਲ ਕਰੇ ਕਿ ਇਹ ਬਹੁਤ ਵੱਡੀ ਅਤੇ ਮਜ਼ਬੂਤ ਪਾਰਟੀ ਹੈ, ਇਸ ਦੀ ਲੋਕਪ੍ਰਿਅਤਾ ਵਿੱਚ ਵਾਧਾ ਹੋਇਆ ਹੈ, ਪਰ ਉਹ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਮਦਦ ਨਾਲ ਹਰ ਤਰ੍ਹਾਂ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ।
ਸਿਆਸੀ ਮਾਹਿਰ ਕਹਿੰਦੇ ਹਨ ਕਿ ਅਕਸਰ ਭਾਜਪਾ ਸਰਕਾਰ ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੁੂਆਂ ਨਾਲ ਸਬੰਧਿਤ ਵੱਖ- ਵੱਖ ਮਾਮਲਿਆਂ ਨੂੰ ਉਭਾਰਿਆ ਜਾਂਦਾ ਹੈ ਅਤੇ ਉਹਨਾਂ ਦੇ ਮਾਮਲਿਆਂ ਦੀ ਫਾਈਲਾਂ ਖੋਲ ਦਿੱਤੀਆਂ ਜਾਂਦੀਆਂ ਹਨ, ਆਪਣੇ ਵਿਰੁੱਧ ਕੋਈ ਕਾਰਵਾਈ ਹੋਣ ਤੋਂ ਬਚਣ ਲਈ ਅਜਿਹੇ ਆਗੂ ਫਿਰ ਭਾਜਪਾ ਦੀ ਸ਼ਰਨ ਵਿੱਚ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗ ਪੈਂਦੇ ਹਨ।
ਭਾਜਪਾ ਇਸ ਸਮੇਂ ਭਾਰਤ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਰਾਜ ਕਰ ਰਹੀ ਹੈ। ਵੱਡੀ ਗਿਣਤੀ ਸੂਬਿਆਂ ’ਚ ਵੀ ਭਾਜਪਾ ਅਤੇ ਭਾਜਪਾ ਦੇ ਭਾਈਵਾਲਾਂ ਦੀਆਂ ਸਰਕਾਰਾਂ ਹਨ। ਇਸ ਦੇ ਬਾਵਜੂਦ ਪੰਜਾਬ ਸਮੇਤ ਕੁਝ ਸੂਬੇ ਅਜਿਹੇ ਹਨ, ਜਿਥੇ ਕਿ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ। ਭਾਜਪਾ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਸੂਬਿਆਂ ਵਿੱਚ ਵੀ ਆਪਣੀਆਂ ਸਰਕਾਰਾਂ ਬਣਾਉਣ ਦਾ ਯਤਨ ਕਰ ਰਹੀ ਹੈ। ਇਹੋ ਕਾਰਨ ਹੈ ਕਿ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਭਾਜਪਾ ਵੱਲੋਂ ਆਪਣੇ ਆਪ ਨੂੰ ਅੰਦਰੂਨੀ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਭਾਜਪਾ ਵਿੱਚ ਸ਼ਾਮਲ ਹੋਏ ਦੂੁਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸਿਆਸੀ ਭਵਿੱਖ ਕੀ ਹੋਵੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ
ਅਨੇਕਾਂ ਸਿਆਸੀ ਆਗੂ ਅਜਿਹੇ ਹਨ ਜੋ ਕਿ ਭਾਜਪਾ ਦੀਆਂ ਵਿਰੋਧੀ ਪਾਰਟੀਆਂ ’ਚ ਪ੍ਰਮੁੱਖ ਅਹੁਦਿਆਂ ’ਤੇ ਸਨ ਅਤੇ ਉਹਨਾਂ ਦਾ ਆਪਣਾ ਨਿੱਜੀ ਆਧਾਰ ਵੀ ਕਾਫ਼ੀ ਸੀ ਪਰ ਭਾਜਪਾ ਵਿੱਚ ਸ਼ਾਮਲ ਹੋ ਕੇ ਉਹ ‘ਭਾਜਪਾ ਆਗੂ’ ਤੱਕ ਸੀਮਿਤ ਹੋ ਕੇ ਰਹਿ ਗਏ ਹਨ ਅਤੇ ਹੋਲੀ ਹੋਲੀ ਉਹਨਾਂ ਦਾ ਆਪਣਾ ਨਿੱਜੀ ਆਧਾਰ ਘੱਟਦਾ ਜਾ ਰਿਹਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਿਆਸੀ ਆਗੂ ਕੁਝ ਦਿਨ ਤਾਂ ਲਗਾਤਾਰ ਬਿਆਨ ਬਾਜੀ ਕਰਦੇ ਰਹਿੰਦੇ ਹਨ ਅਤੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਵਿਰੁੱਧ ਬੋਲਦੇ ਹਨ ਪਰ ਕੁਝ ਸਮੇਂ ਬਾਅਦ ਉਹਨਾਂ ਦੇ ਸਿਆਸੀ ਅਤੇ ਨਿੱਜੀ ਬਿਆਨ ਆਉਣੇ ਬੰਦ ਹੋ ਜਾਂਦੇ ਹਨ ਜਾਂ ਬਹੁਤ ਘੱਟ ਹੋ ਜਾਂਦੇ ਹਨ।