ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ, ਦਿਲਜੀਤ ਦੋਸਾਂਝ, ਜਿਨ੍ਹਾਂ ਦੀ ਗੂੰਜ ਸਿਰਫ਼ ਪੰਜਾਬ ਵਿੱਚ ਨਹੀਂ, ਸਗੋਂ ਸੱਤ ਸਮੁੰਦਰ ਪਾਰ ਵੀ ਸੁਣੀ ਜਾਂਦੀ ਹੈ, ਅੱਜ-ਕੱਲ੍ਹ ਆਪਣੀ ਫ਼ਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਹਨ। ਇਹ ਵਿਵਾਦ ਸਿਰਫ਼ ਇੱਕ ਫ਼ਿਲਮ ਦੀ ਰਿਲੀਜ਼ ਦਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਕਲਾ ਦੀ ਆਜ਼ਾਦੀ, ਅਤੇ ਰਾਜਨੀਤਕ ਫ਼ਿਰਕੂ ਸਾਜਿਸ਼ਾਂ ਦੇ ਗੂੜ੍ਹੇ ਤਾਣੇ-ਬਾਣੇ ਨਾਲ ਜੁੜਿਆ ਹੋਇਆ ਹੈ। ਦਿਲਜੀਤ ਨੇ ਫ਼ਿਰਕੂ ਰਾਸ਼ਟਰਵਾਦੀਆਂ ਦੇ ਵਿਰੋਧ ਕਾਰਨ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਅਖੌਤੀ ਰਾਸ਼ਟਰਵਾਦੀ ਵਿਰੋਧ ਕਰ ਰਹੇ ਹਨ।
ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਸਪੱਸ਼ਟ ਕੀਤਾ ਕਿ ਦਿਲਜੀਤ ਨੇ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਫ਼ੈਸਲਾ ਲਿਆ, ਭਾਵੇਂ ਇਸ ਨਾਲ ਉਨ੍ਹਾਂ ਨੂੰ ਨਿੱਜੀ ਅਤੇ ਵਪਾਰਕ ਨੁਕਸਾਨ ਸਹਿਣਾ ਪਵੇ। ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਨੇ ਵੀ ਸਪੱਸ਼ਟ ਕੀਤਾ ਕਿ ਫ਼ਿਲਮ ਦੀ ਸ਼ੂਟਿੰਗ ਫ਼ਰਵਰੀ ਵਿੱਚ ਹੋਈ ਸੀ, ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਕੋਈ ਵੱਡਾ ਸਿਆਸੀ ਤਣਾਅ ਨਹੀਂ ਸੀ। ਉਹਨਾਂ ਨੇ ਕਿਹਾ ਕਿ ਹਾਨਿਆ ਦੇ ਸੀਨ ਨੂੰ ਬਦਲਣ ਦੀ ਕੋਈ ਤਕਨੀਕੀ ਸੰਭਾਵਨਾ ਨਹੀਂ ਸੀ, ਕਿਉਂਕਿ ਸਾਰੀ ਫ਼ਿਲਮ ਵਿੱਚ ਉਸ ਦਾ ਕਿਰਦਾਰ ਮਹੱਤਵਪੂਰਨ ਹੈ। ਇਸ ਲਈ, ਦੇਸ਼ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ, ਉਹਨਾਂ ਨੇ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ।
ਭਾਰਤੀ ਫ਼ਿਲਮ ਇੰਡਸਟਰੀ ਵਿੱਚ ਵਿਰੋਧ
ਸਭ ਤੋਂ ਵੱਡਾ ਵਿਰੋਧ ਫ਼ਿਲਮ ਵਰਕਰਜ਼ ਯੂਨੀਅਨ, ਮੁੰਬਈ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਵੱਲੋਂ ਹੈ, ਜਿਨ੍ਹਾਂ ਨੇ ਫ਼ਿਲਮ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਦਿਲਜੀਤ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਹ ਹਮੇਸ਼ਾ ਭਾਰਤੀ ਫ਼ਿਲਮ ਇੰਡਸਟਰੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਰਹੇ ਹਨ ਅਤੇ ਪਾਕਿਸਤਾਨੀ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਨੇ ਇਸ ਨੂੰ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਦੱਸਿਆ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ’ਤੇ ਵੀ ਕਈ ਫ਼ਿਰਕੂ ਰਾਸ਼ਟਰਵਾਦੀ ਗਰੁੱਪਾਂ ਅਤੇ ਵਿਅਕਤੀਆਂ ਨੇ ਦਿਲਜੀਤ ਅਤੇ ਹਾਨਿਆ ਦੇ ਖ਼ਿਲਾਫ਼ ਨਫ਼ਰਤ ਦੀ ਫ਼ਿਰਕੂ ਮੁਹਿੰਮ ਚਲਾਈ। ਕਈਆਂ ਨੇ ਦਿਲਜੀਤ ਨੂੰ ‘ਦੇਸ਼-ਵਿਰੋਧੀ’ ਦੱਸਿਆ।
ਇਸੇ ਤਰ੍ਹਾਂ, ਗਾਇਕ ਮੀਕਾ ਸਿੰਘ ਨੇ ਦਿਲਜੀਤ ਨੂੰ ‘ਫ਼ੇਕ ਸਿੰਗਰ’ ਕਹਿ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਤਣਾਅ ਵਾਲੇ ਸਮੇਂ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨੂੰ ਫ਼ਿਲਮ ਵਿੱਚ ਲੈਣਾ ਗੈਰ-ਜ਼ਿੰਮੇਦਾਰਾਨਾ ਹੈ।
ਦੂਜੇ ਪਾਸੇ ਦਿਲਜੀਤ ਦੇ ਹੱਕ ਵਿੱਚ ਬਾਲੀਵੁੱਡ ਦੇ ਕਈ ਨਾਮੀ ਕਲਾਕਾਰ ਵੀ ਖੜ੍ਹੇ ਹੋਏ। ਜਾਵੇਦ ਅਖਤਰ ਨੇ ਕਿਹਾ ਕਿ ਫ਼ਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਕਿਉਂਕਿ ਪੈਸਾ ਪਾਕਿਸਤਾਨੀਆਂ ਦਾ ਨਹੀਂ, ਭਾਰਤੀਆਂ ਦਾ ਡੁੱਬੇਗਾ।”
ਇਮਤਿਆਜ਼ ਅਲੀ ਨੇ ਦਿਲਜੀਤ ਦੀ ਦੇਸ਼ ਭਗਤੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਾਸਟਿੰਗ ਦਾ ਫ਼ੈਸਲਾ ਅਦਾਕਾਰ ਦਾ ਨਹੀਂ ਹੁੰਦਾ। ਰਾਖੀ ਸਾਵੰਤ ਨੇ ਵੀ ਹਾਨੀਆ ਅਮੀਰ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕੀਤੀ।
ਪਾਕਿਸਤਾਨੀ ਕਲਾਕਾਰਾਂ ਕਾਰਨ ਕਈ ਫ਼ਿਲਮਾਂ ਅਟਕੀਆਂ
ਪੰਜਾਬੀ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਨੇ ਦਾਅਵਾ ਕੀਤਾ ਕਿ ‘ਸਰਦਾਰ ਜੀ 3’ ਦੇ ਇਲਾਵਾ ਹੋਰ ਵੀ ਫ਼ਿਲਮਾਂ, ਜਿਵੇਂ ‘ਚੱਲ ਮੇਰਾ ਪੁੱਤ 4’, ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਕਾਰਨ ਅਟਕੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਗਪਗ 6 ਤਿਆਰ ਫ਼ਿਲਮਾਂ ਅਤੇ ਦਰਜਨ ਤੋਂ ਵੱਧ ਅਧੂਰੀਆਂ ਫ਼ਿਲਮਾਂ ਵਿੱਚ ਪਾਕਿਸਤਾਨੀ ਕਲਾਕਾਰ ਸਾਮਲ ਹਨ, ਜਿਨ੍ਹਾਂ ਨੂੰ ਸੈਂਸਰ ਬੋਰਡ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫ਼ਿਲਮ ਰਿਲੀਜ਼ ਨਾ ਹੋਣ ਕਾਰਨ ਨੁਕਸਾਨ
‘ਸਰਦਾਰ ਜੀ 3’ ਦੀ ਭਾਰਤ ਵਿੱਚ ਰਿਲੀਜ਼ ਨਾ ਹੋਣ ਨਾਲ ਵਿੱਤੀ ਅਤੇ ਸੱਭਿਆਚਾਰਕ ਨੁਕਸਾਨ ਦੋਵੇਂ ਹੋਣ ਦੀ ਸੰਭਾਵਨਾ ਹੈ। ਸੋਨਾਲੀ ਸਿੰਘ ਨੇ ਦੱਸਿਆ ਕਿ ਇਹ ਫ਼ਿਲਮ ਕੋਈ ਵੱਡੀ ਕਾਰਪੋਰੇਟ ਫ਼ੰਡਿਡ ਪ੍ਰੋਜੈਕਟ ਨਹੀਂ, ਸਗੋਂ ਪਰਿਵਾਰਾਂ ਦੀ ਜਮ੍ਹਾਂ-ਪੂੰਜੀ ਨਾਲ ਬਣੀ ਹੈ, ਜੋ ਰੀਜਨਲ ਸਿਨੇਮਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਨਿਰਦੇਸ਼ਕ ਰਾਕੇਸ਼ ਧਵਨ ਨੇ ਅੰਦਾਜ਼ਾ ਲਾਇਆ ਕਿ ਫ਼ਿਲਮ ’ਤੇ ਲਗਪਗ 25 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਭਾਰਤ ਵਿੱਚ ਰਿਲੀਜ਼ ਨਾ ਹੋਣ ਨਾਲ ਨਿਰਮਾਤਾਵਾਂ, ਕਲਾਕਾਰਾਂ ਅਤੇ ਟੈਕਨੀਕਲ ਟੀਮ ਨੂੰ ਵੱਡਾ ਵਿੱਤੀ ਝਟਕਾ ਲੱਗੇਗਾ। ਇਸ ਦੇ ਨਾਲ ਹੀ, ਸੱਭਿਆਚਾਰਕ ਨੁਕਸਾਨ ਵੀ ਘੱਟ ਨਹੀਂ।
ਪੰਜਾਬੀ ਸਿਨੇਮਾ, ਜੋ ਪਿਛਲੇ ਕੁਝ ਸਾਲਾਂ ਵਿੱਚ ਦਿਲਜੀਤ ਵਰਗੇ ਕਲਾਕਾਰਾਂ ਦੀ ਵਜ੍ਹਾ ਨਾਲ ਵਿਸ਼ਵ ਪੱਧਰ ’ਤੇ ਚਮਕਿਆ ਹੈ, ਨੂੰ ਇਸ ਵਿਰੋਧ ਨਾਲ ਝਟਕਾ ਲੱਗ ਸਕਦਾ ਹੈ। ਪੰਜਾਬੀ ਫ਼ਿਲਮਾਂ ਦੀ ਪਹੁੰਚ ਅਤੇ ਪ੍ਰਭਾਵ ਨੂੰ ਸੀਮਤ ਕਰਨ ਦੀ ਕੋਸ਼ਿਸ਼, ਇੱਕ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰ ’ਤੇ ਹਮਲਾ ਹੈ।
ਕੀ ਦਿਲਜੀਤ ਦਾ ਵਿਰੋਧ ਜਾਇਜ਼ ਹੈ?
ਦਿਲਜੀਤ ਦੀ ਫ਼ਿਲਮ ਦਾ ਵਿਰੋਧ ਸਿਰਫ਼ ਹਾਨਿਆ ਆਮਿਰ ਦੀ ਮੌਜੂਦਗੀ ਨਾਲ ਜੁੜਿਆ ਨਹੀਂ, ਸਗੋਂ ਇਸ ਦੇ ਪਿੱਛੇ ਇੱਕ ਵੱਡੀ ਰਾਜਨੀਤਕ ਅਤੇ ਫ਼ਿਰਕੂ ਸੋਚ ਲੁਕੀ ਹੋਈ ਹੈ। ਕਈ ਫ਼ਿਰਕੂ ਲੋਕ ਦਿਲਜੀਤ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਉਹ ਇੱਕ ਸਿੱਖ, ਪੰਜਾਬੀ ਅਤੇ ਵਿਸ਼ਵ ਪੱਧਰ ’ਤੇ ਸਫ਼ਲ ਕਲਾਕਾਰ ਹੈ। ਉਸ ਦੀ ਸਫ਼ਲਤਾ, ਜੋ ਪੰਜਾਬੀ ਸੱਭਿਆਚਾਰ ਨੂੰ ਨਵੀਆਂ ਉਚਾਈਆਂ ’ਤੇ ਲੈ ਗਈ ਹੈ, ਕੁਝ ਲੋਕਾਂ ਦੀਆਂ ਅੱਖਾਂ ਵਿੱਚ ਖੁੱਭਦੀ ਹੈ। ਪੰਜਾਬੀ ਅਦਾਕਾਰਾ ਸੁਨੀਤਾ ਧੀਰ ਨੇ ਸਪੱਸ਼ਟ ਕਿਹਾ ਕਿ ਜੇ ਭਾਰਤੀ ਕਲਾਕਾਰ ਹਾਲੀਵੁੱਡ ਜਾਂ ਬਾਲੀਵੁੱਡ ਨਾਲ ਕੰਮ ਕਰ ਸਕਦੇ ਹਨ, ਤਾਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਵਿੱਚ ਕੀ ਹਰਜ ਹੈ? ਹਾਨਿਆ ਆਮਿਰ ਨੇ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਅਤੇ ਦਿਲਜੀਤ ਨੇ ਉਸ ਨੂੰ ਮੌਕਾ ਦਿੱਤਾ। ਇਸ ਵਿੱਚ ਗਲਤ ਕੀ ਹੈ?
ਕੁਝ ਸਿੱਖ ਵਿਦਵਾਨ ਅਤੇ ਸਮਾਜਿਕ ਆਗੂ ਮੰਨਦੇ ਹਨ ਕਿ ਦਿਲਜੀਤ ਦਾ ਵਿਰੋਧ ਇੱਕ ਸਿਆਸੀ ਸਾਜਿਸ਼ ਦਾ ਹਿੱਸਾ ਹੈ, ਜਿਸ ਦਾ ਮਕਸਦ ਪੰਜਾਬੀ ਸੱਭਿਆਚਾਰ ਅਤੇ ਸਿੱਖ ਪਛਾਣ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਲਜੀਤ, ਜੋ ਸਿੱਖੀ ਦੀ ਪਗੜੀ ਨੂੰ ਮਾਣ ਨਾਲ ਪਹਿਨਦਾ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਵਿੱਚ ਫ਼ੈਲਾਉਂਦਾ ਹੈ, ਨੂੰ ਨਿਸ਼ਾਨਾ ਬਣਾਉਣਾ, ਸਿੱਖ ਕੌਮ ਦੀ ਸਾਂਝੀ ਸਫ਼ਲਤਾ ’ਤੇ ਹਮਲਾ ਹੈ।
ਦਲਜੀਤ ਦੋਸਾਂਝ ਦੇ ਹੱਕ ਵਿੱਚ ਬਿਆਨ ਦਿੰਦਿਆਂ ਹੋਇਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ, ਦਿਲਜੀਤ ਦੋਸਾਂਝ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਭਰ ਵਿੱਚ ਸਿਰ ਉੱਚਾ ਕੀਤਾ ਹੈ। ਫ਼ਿਰਕੂ ਵਿਰੋਧ ਠੀਕ ਨਹੀਂ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਿਲਜੀਤ ਸਿੰਘ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ’ਤੇ ਲੱਗੀ ਰੋਕ ਦੀ ਸਖ਼ਤ ਨਿੰਦਾ ਕੀਤੀ ਹੈ, ਜੋ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਭੂਮਿਕਾ ਕਾਰਨ ਲਗਾਈ ਗਈ। ਮਾਨ ਨੇ ਕਿਹਾ ਕਿ ਫ਼ਿਲਮਾਂ ਕਲਾ ਅਤੇ ਕਾਰੋਬਾਰ ਦਾ ਹਿੱਸਾ ਹਨ ਅਤੇ ਅਦਾਕਾਰ ਸਿਰਫ਼ ਡਾਇਰੈਕਟਰ ਦੁਆਰਾ ਨਿਰਧਾਰਤ ਰੋਲ ਨਿਭਾਉਂਦੇ ਹਨ, ਨਾ ਕਿ ਰਾਜਨੀਤਿਕ ਜਾਂ ਧਾਰਮਿਕ ਏਜੰਡਾ। ਉਨ੍ਹਾਂ ਨੇ ਦਿਲਜੀਤ ਦੀ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਨੂੰ ਵਿਸ਼ਵ ਪੱਧਰ ’ਤੇ ਪ੍ਰਮੋਟ ਕਰਨ ਦੀ ਸ਼ਲਾਘਾ ਕੀਤੀ। ਮਾਨ ਨੇ ਦਿਲਜੀਤ ਦੀ ਫ਼ਿਲਮ ‘ਪੰਜਾਬ 95’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੇ 1984 ਦੀ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਵਿਖਾਇਆ ਹੈ। ਮਾਨ ਨੇ ਹਿੰਦੂਵਾਦੀ ਸੋਚ ’ਤੇ ਸਿੱਖੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੇ ਮਾਮਲੇ ਵਿੱਚ ਗਾਇਕ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਦੇ ਨਾਂ ’ਤੇ ਬੇਲੋੜਾ ਵਿਵਾਦ ਖੜ੍ਹਾ ਨਹੀਂ ਹੋਣਾ ਚਾਹੀਦਾ।
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਨੇ ਦਿਲਜੀਤ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਉਸ ਨੂੰ “ਚੋਣਵੇਂ ਤੌਰ ’ਤੇ ਨਿਸ਼ਾਨਾ” ਬਣਾਇਆ ਜਾ ਰਿਹਾ ਹੈ, ਜੋ “ਅਘੋਸ਼ਿਤ ਐਮਰਜੈਂਸੀ” ਵਰਗਾ ਹੈ।
ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮਜ਼ਾਕੀਆ ਹੈ ਕਿ ਪਾਕਿਸਤਾਨੀ ਅਤੇ ਭਾਰਤੀ ਕਲਾਕਾਰਾਂ ਨੂੰ ਇਕੱਠੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੈਂ ਪੰਜਾਬੀ ਫ਼ਿਲਮਾਂ ਦੀ ਪ੍ਰਸ਼ੰਸਕ ਨਹੀਂ ਹਾਂ ਪਰ ਪਾਕਿਸਤਾਨੀ ਡਰਾਮਾ ਸੀਰੀਅਲਾਂ ਦੀ ਜ਼ਰੂਰ ਪ੍ਰਸ਼ੰਸਕ ਹਾਂ। ਹਾਲ ਹੀ ਵਿੱਚ ਹਾਨੀਆ ਅਮੀਰ ਦੀ ਫ਼ਿਲਮ ‘ਕਭੀ ਮੈਂ ਕਭੀ ਤੁਮ’ ਦੇਖੀ ਹੈ। ਬਹੁਤ ਹੀ ਸੁੰਦਰ ਡਰਾਮਾ! ਜੇਕਰ ਉਹ ਦਿਲਜੀਤ ਦੋਸਾਂਝ ਨਾਲ ਕੰਮ ਕਰਦੀ ਹੈ ਤਾਂ ਕੀ ਸਮੱਸਿਆ ਹੈ? ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਨੂੰ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਤਾਂ ਕੀ ਸਮੱਸਿਆ ਇੱਕ ਸਫ਼ਲ ਪੰਜਾਬੀ ਮਨੋਰੰਜਨ ਕਰਨ ਵਾਲੀ, ਈਰਖਾ ਤੇ ਸਾੜ੍ਹਾ ਹੈ, ਅਤੇ ਉਸਨੂੰ ਬੇਲੋੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ?
ਕੈਨੇਡਾ ਦੇ ਸਿੱਖ ਚਿੰਤਕ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਦਾ ਮੰਨਣਾ ਹੈ ਕਿ 1947 ਦੀ ਵੰਡ ਨੇ ਪੰਜਾਬ ਦੀ ਮਿੱਟੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਪਰ ਪੰਜਾਬੀਆਂ ਦੇ ਦਿਲ ਅਜੇ ਵੀ ਇੱਕ ਡੋਰ ਨਾਲ ਬੱਝੇ ਹੋਏ ਹਨ। ਇਹ ਡੋਰ ਪੰਜਾਬੀ ਬੋਲੀ, ਸੱਭਿਆਚਾਰ ਅਤੇ ਸਾਂਝ ਦੀ ਹੈ। ਦਿਲਜੀਤ ਦੋਸਾਂਝ, ਜੋ ਇਸ ਡੋਰ ਦਾ ਮੋਹਰੀ ਹੈ, ਨੇ ਸਰਹੱਦਾਂ ਨੂੰ ਤੋੜਦਿਆਂ ਪੰਜਾਬੀਅਤ ਨੂੰ ਵਿਸ਼ਵ ਦੇ ਹਰ ਕੋਨੇ ਵਿਚ ਪਹੁੰਚਾਇਆ। ਡਾਕਟਰ ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਇਹ ਆਵਾਜ਼, ਜੋ ਪਿਆਰ, ਸਾਂਝ ਅਤੇ ਅਮਨ ਦੀ ਗੱਲ ਕਰਦੀ ਹੈ, ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਕਿਉਂਕਿ ਪੰਜਾਬੀ ਤੇ ਸਿੱਖ ਮਨੁੱਖਤਾ ਨਹੀਂ ਵੰਡਦੇ, ਰੋਟੀ ਵੰਡਦੇ ਹਾਂ। ਵੰਡ ਛਕਦੇ ਹਨ। ਇਹ ਸਾਡੀ ਪੰਜਾਬੀਅਤ ਦੀ ਤਾਕਤ ਹੈ, ਜੋ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਦਾ ਸਿਧਾਂਤ ਰਾਹੀਂ ਰੋਸ਼ਨ ਕੀਤੀ ਹੈ ਅਤੇ ਦਿਲਜੀਤ ਦੋਸਾਂਝ ਇਸ ਤਾਕਤ ਦਾ ਪ੍ਰਤੀਕ ਹੈ।
ਦਿਲਜੀਤ ਦੋਸਾਂਝ ਦੇ ‘ਸਰਦਾਰ ਜੀ 3’ ਦੇ ਵਿਵਾਦ ਦੌਰਾਨ ਭਾਜਪਾ ਤੋਂ ਕਿਉਂ ਮਿਲੀ ਹਮਾਇਤ
- ਪੰਜਾਬ ਕਾਂਗਰਸ ਵੱਲੋਂ ਮਿਲੀ ਹਮਾਇਤ
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਅਤੇ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ. ਮੁਖੀ ਮਨਜੀਤ ਸਿੰਘ ਜੀ.ਕੇ. ਨੇ ਦਿਲਜੀਤ ਨੂੰ “ਰਾਸ਼ਟਰੀ ਸੰਪਤੀ” ਅਤੇ “ਭਾਰਤੀ ਸੱਭਿਆਚਾਰ ਦਾ ਵਿਸ਼ਵ-ਦੂਤ” ਕਹਿ ਕੇ ਸਮਰਥਨ ਦਿੱਤਾ ਹੈ।
ਇਹ ਸਮਰਥਨ ਉਦੋਂ ਆਇਆ ਜਦੋਂ ਭਾਜਪਾ ਦੇ ਕੁਝ ਆਗੂਆਂ, ਜਿਵੇਂ ਕੰਗਨਾ ਰਣੌਤ, ਨੇ ਪਹਿਲਾਂ ਦਿਲਜੀਤ ਨੂੰ “ਖ਼ਾਲਿਸਤਾਨੀ” ਦੀਆਂ ਸੰਗੀਨ ਤੋਹਮਤਾਂ ਲਾਈਆਂ ਸਨ। ਇਸ ਵਿਵਾਦ ਨੇ ਇੱਕ ਵਾਰ ਫ਼ਿਰ ਸਿੱਖ ਕਲਾਕਾਰਾਂ ਨੂੰ ਸਿਆਸੀ ਨਿਸ਼ਾਨੇ ’ਤੇ ਲੈਣ ਦੀ ਫ਼ਿਰਕੂ ਹਿੰਦੂਤਵੀ ਪ੍ਰਵਿਰਤੀ ਨੂੰ ਉਜਾਗਰ ਕੀਤਾ ਸੀ।
ਭਾਜਪਾ ਦੀ ਦਿਲਜੀਤ ਪ੍ਰਤੀ ਬਦਲੀ ਚਾਲ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿੱਥੇ ਪਾਰਟੀ ਦੇ ਕੁਝ ਆਗੂ ਅਤੇ ਸਮਰਥਕ ਪਹਿਲਾਂ ਦਿਲਜੀਤ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕਰ ਰਹੇ ਸਨ, ਉੱਥੇ ਹੁਣ ਆਰ.ਪੀ. ਸਿੰਘ, ਹੌਬੀ ਧਾਲੀਵਾਲ ਅਤੇ ਵਿਨੀਤ ਜੋਸ਼ੀ ਵਰਗੇ ਆਗੂਆਂ ਨੇ ਖੁੱਲ੍ਹ ਕੇ ਦਿਲਜੀਤ ਦੀ ਹਮਾਇਤ ਕੀਤੀ ਹੈ। ਆਰ.ਪੀ. ਸਿੰਘ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਹੋਈ ਸੀ, ਅਤੇ ਦਿਲਜੀਤ ਦੀ ਦੇਸ਼ਭਗਤੀ ’ਤੇ ਸਵਾਲ ਉਠਾਉਣਾ “ਅਨੁਚਿਤ ਅਤੇ ਫ਼ਜੂਲ” ਹੈ। ਇਸ ਸਮਰਥਨ ਨੂੰ ਸਿਆਸੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਭਾਜਪਾ ਪੰਜਾਬ ’ਚ ਆਪਣੀ ਚੋਣਵੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁੱਲ੍ਹ ਕੇ ਦਿਲਜੀਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ’ਤੇ ਵੀ ਇੱਕ ਬਿਆਨ ਦਿੱਤਾ ਹੈ।
ਬਾਜਵਾ ਨੇ ਕਿਹਾ, ‘ਮੈਨੂੰ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੀ ਮੰਗ ਪੂਰੀ ਤਰ੍ਹਾਂ ਅਨੁਚਿਤ ਲੱਗਦੀ ਹੈ। ਦਿਲਜੀਤ ਦੋਸਾਂਝ ਇੱਕ ਮਸ਼ਹੂਰ ਭਾਰਤੀ ਕਲਾਕਾਰ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਵਿਸ਼ਵ ਪੱਧਰ ’ਤੇ ਮਾਣ ਦਿਵਾਇਆ ਹੈ। ਉਹ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਕੋਚੇਲਾ (ਸੰਗੀਤ ਉਤਸਵ) ਵਿੱਚ ਲੈ ਕੇ ਗਏ ਹਨ। ਉਨ੍ਹਾਂ ਨੇ ਮੇਟ ਗਾਲਾ ਵਿੱਚ ਸਾਡੀ ਵਿਰਾਸਤ ਦੀ ਪ੍ਰਤੀਨਿਧਤਾ ਕੀਤੀ ਹੈ।’ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਅੰਤਰਰਾਸ਼ਟਰੀ ਪ੍ਰਤੀਨਿਧਤਾ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਸਵਾਲ ਨਹੀਂ।
ਪਰ ਸਵਾਲ ਇਹ ਹੈ ਕਿ ਕੀ ਇਹ ਸਮਰਥਨ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਦੀ ਮਨਜੂਰੀ ਦਿਵਾਏਗਾ, ਜਾਂ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਰਹੇਗਾ? ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦਿਲਜੀਤ ਦੀ ਫ਼ਿਲਮ ਨੂੰ ਭਾਰਤ ’ਚ ਰਿਲੀਜ਼ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਐਫ਼.ਡਬਲਯੂ.ਆਈ.ਸੀ.ਈ. ਨੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ ਨੂੰ ਫ਼ਿਲਮ ਦੀ ਸਰਟੀਫ਼ਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ।
ਸਰਦਾਰ ਜੀ 3 ਨੇ ਪਾਕਿਸਤਾਨ ਤੇ ਵਿਦੇਸ਼ਾਂ ਵਿੱਚ ਮਚਾਈਆਂ ਧੁੰਮਾਂ
ਦਿਲਜੀਤ ਦੋਸਾਂਝ ਨੇ ਆਪਣੀ ਪੰਜਾਬੀ ਫ਼ਿਲਮ ਦੇ ਦੋ ਦਿਨਾਂ ਦੇ ਬਾਕਸ ਆਫ਼ਿਸ ਕਲੈਕਸ਼ਨ ਦਾ ਡਾਟਾ ਸਾਂਝਾ ਕੀਤਾ ਹੈ। ਅਦਾਕਾਰ ਦੀ ਪੋਸਟ ਦੇ ਅਨੁਸਾਰ, ਸਰਦਾਰ ਜੀ 3 ਨੇ ਦੋ ਦਿਨਾਂ ਵਿੱਚ ਵਿਦੇਸ਼ੀ ਬਾਜ਼ਾਰ ਵਿੱਚ 11.03 ਕਰੋੜ ਦੀ ਕਮਾਈ ਕੀਤੀ ਹੈ। ਸਰਦਾਰ ਜੀ 3 ਦੀ ਕਮਾਈ ਦੂਜੇ ਦਿਨ ਵਧੀ ਹੈ।
ਸਰਦਾਰ ਜੀ 3 ਦੀ ਵਿਦੇਸ਼ਾਂ ਵਿੱਚ ਸ਼ੁਰੂਆਤ ਭਾਵੇਂ ਸੁਸਤ ਰਹੀ ਹੋਵੇ ਪਰ ਦੂਜੇ ਦਿਨ ਕਮਾਈ ਵਿੱਚ ਵਾਧਾ ਹੋਇਆ। ਫ਼ਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ 4.32 ਕਰੋੜ ਰੁਪਏ ਸੀ, ਜਦੋਂ ਕਿ ਦੂਜੇ ਦਿਨ ਫ਼ਿਲਮ ਨੇ 6.71 ਕਰੋੜ ਰੁਪਏ ਕਮਾਏ। ਇਹ ਫ਼ਿਲਮ ਪਾਕਿਸਤਾਨੀ ਸਿਨੇਮਾਘਰਾਂ ਵਿੱਚ ਵੀ ਰਿਲੀਜ਼ ਹੋਈ ਹੈ ਜਿੱਥੇ ਇਹ ਚੰਗਾ ਕਲੈਕਸ਼ਨ ਕਰ ਰਹੀ ਹੈ।
ਸਰਦਾਰ ਜੀ 3 ਕਾਮੇਡੀ ਡਰਾਉਣੀ ਫ਼ਿਲਮ ਹੈ ਜਿਸ ਵਿੱਚ ਦਿਲਜੀਤ ਦੋਸਾਂਝ ਤੇ ਹਾਨੀਆ, ਨੀਰੂ ਬਾਜਵਾ, ਗੁਲਸ਼ਨ ਗਰੋਵਰ, ਜੈਸਮੀਨ ਬਾਜਵਾ ਤੇ ਸਪਨਾ ਪੱਬੀ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦੀ ਕਹਾਣੀ ਜੱਗੀ ਤੇ ਉਸ ਦੀ ਭੂਤ ਦੋਸਤ ਪਿੰਕੀ ਬਾਰੇ ਹੈ ਜੋ ਲੰਡਨ ਦੇ ਇੱਕ ਹਵੇਲੀ ਤੋਂ ਭੂਤਾਂ ਨੂੰ ਕੱਢਣ ਆਉਂਦੇ ਹਨ।
ਦਿਲਜੀਤ ਦੋਸਾਂਝ ਨੇ ਫ਼ਿਲਮ ਨੂੰ ਮਿਲ ਰਹੀ ਫ਼ਿਰਕੂਆਂ ਦੀ ਆਲੋਚਨਾ ’ਤੇ ਚੁੱਪੀ ਧਾਰੀ ਰੱਖੀ। ਪਰ ਹੁਣ ਉਨ੍ਹਾਂ ਨੇ ਪਾਕਿਸਤਾਨ ਵਿੱਚ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਇੰਸਟਾਗ੍ਰਾਮ ਸਟੋਰੀ ’ਤੇ ਇੱਕ ਵੀਡੀਓ ਪੋਸਟ ਕੀਤੀ। ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਸਰਹੱਦਾਂ ਪਾਰ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਫ਼ਿਲਮ ਨੂੰ ਪਾਕਿਸਤਾਨ ਵਿੱਚ ਸਫ਼ਲਤਾ ਮਿਲ ਰਹੀ ਹੈ। ਹੁਣ ਗਾਇਕ ਤੇ ਅਦਾਕਾਰ ਦਿਲਜੀਤ ਦੀ ਹਾਲੀਆ ਪੋਸਟ ਚਰਚਾ ਵਿੱਚ ਆ ਗਈ ਹੈ।
ਦਿਲਜੀਤ ਦੋਸਾਂਝ, ਨੀਰੂ ਬਾਜਵਾ ਤੇ ਹਾਨੀਆ ਆਮਿਰ ਸਟਾਰਰ ਸਰਦਾਰ ਜੀ 3 ਦੀ ਰਿਲੀਜ਼ ’ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਫ਼ਿਲਮ 27 ਜੂਨ ਨੂੰ ਪਾਕਿਸਤਾਨੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਤੇ ਫ਼ਿਲਮ ਸਫ਼ਲ ਰਹੀ।