
ਦਿੱਲੀ -ਬੀਤੇ ਐਤਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਏਬੀਪੀ ਦੇ ਭਗਵੇਂ ਗੁੰਡਿਆਂ ਨੇ ਵਿਦਿਆਰਥੀ ਚੋਣਾਂ ਦੌਰਾਨ ਜਬਰੀ ਵੋਟਾਂ ਪੁਆਉਣ ਲਈ ਇੱਕ ਸਿਖ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਤੇ ਉਸਦੀ ਪੱਗ ਤੱਕ ਲਾਹ ਦਿੱਤੀ ਗਈ।
ਜਾਣੋ ਕੀ ਸੀ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਇਹ ਹਿੰਸਾ 27 ਸਤੰਬਰ ਨੂੰ ਹੋਣ ਵਾਲੀਆਂ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਆਗਾਮੀ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਕਾਲਜ ਪ੍ਰਸ਼ਾਸਨ ਦੇ ਫੈਸਲੇ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਤੋਂ ਪੈਦਾ ਹੋਈ। ਇਹ ਫੈਸਲਾ ਕਾਲਜ ਦੀ ਗਵਰਨਿੰਗ ਬਾਡੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀਆਂ ਹਦਾਇਤਾਂ ਤੋਂ ਬਾਅਦ ਲਿਆ ਗਿਆ ਹੈ।
ਘਟਨਾ ਦੇ ਦੌਰਾਨ ਰਿਕਾਰਡ ਕੀਤੇ ਗਏ ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਤਣਾਅ ਵਧਦੇ ਹੋਏ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਇਕੱਠੇ ਹੁੰਦੇ ਦਿਖਾਈ ਦੇ ਰਹੇ ਹਨ। ਲਾਲ ਪੱਗ ਵਾਲੇ ਵਿਦਿਆਰਥੀ 'ਤੇ ਕਈ ਲੋਕਾਂ ਨੇ ਅਚਾਨਕ ਹਮਲਾ ਕੀਤਾ। ਇਸ ਦੌਰਾਨ ਹਫੜਾ-ਦਫੜੀ ਵਿਚ ਉਸ ਦੀ ਪੱਗ ਜ਼ਮੀਨ 'ਤੇ ਡਿੱਗ ਗਈ। ਦੂਜੇ ਵਿਦਿਆਰਥੀਆਂ ਨੇ ਤੁਰੰਤ ਦਖਲ ਦਿੱਤਾ; ਇੱਕ ਨੇ ਪੱਗ ਚੁੱਕੀ ਅਤੇ ਨੌਜਵਾਨ ਨੂੰ ਦੇ ਦਿੱਤੀ।
ਐਫਆਈਆਰ ਕੀਤੀ ਦਰਜ
ਮਿਲੀ ਜਾਣਕਾਰੀ ਮੁਤਾਬਿਕ ਇਸ ਝੜਪ ਦੌਰਾਨ ਜਿਸ ਵਿਦਿਆਰਥੀ ਦੀ ਪੱਗ ਲੱਥ ਗਈ ਸੀ ਨੇ ਕੁੱਟਮਾਰ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੂੰ ਐਫਆਈਆਰ ਦਰਜ ਕਰਨ ਲਈ ਕਿਹਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਉਕਤ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰ ਲਈ।
ਪ੍ਰਿੰਸੀਪਲ ਤੋਂ ਮੁਆਫੀ ਦੀ ਕੀਤੀ ਜਾ ਰਹੀ ਮੰਗ
ਫਿਲਹਾਲ ਹੁਣ ਇਹ ਮਾਮਲਾ ਗੰਭੀਰ ਦਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫਸੋਸ ਦੇ ਨਾਲ ਦੱਸ ਰਹੇ ਹਾਂ ਕਿ ਸਾਡੇ ਬਜ਼ੁਰਗ ਨੇ ਇਸ ਕਾਲਜ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਭਾਰਤ ਦੇ ਬਿਹਤਰੀਨ ਕਾਲਜ ਵਿੱਚੋਂ ਇੱਕ ਹੈ। ਚੋਣਾਂ ਵਿਚ ਇੱਕ ਸਿੱਖ ਬੱਚੇ ਦੀ ਦਸਤਾਰ ਉਤਾਰੀ ਗਈ ਅਤੇ ਕੁੱਟਮਾਰ ਹੋਈ। ਪ੍ਰਿੰਸੀਪਲ ਨੇ ਬਾਹਰ ਦੇ ਬੱਚੇ ਅੰਦਰ ਕਿਵੇ ਆਉਣ ਦਿੱਤੇ। ਪ੍ਰਿੰਸੀਪਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਪ੍ਰਿੰਸੀਪਲ ਉਪਰ ਕੇਸ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਪ੍ਰਿੰਸੀਪਲ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਉਹ ਚੰਡੀਗੜ੍ਹ ਗਏ ਹਨ ਅਤੇ ਜਦੋ ਉਨ੍ਹਾਂ ਤੋਂ ਲੋਕੇਸ਼ਨ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਕੰਮ ਚੱਲਦੇ ਇੱਥੇ ਆਏ ਹਨ। ਉਹ ਲੋਕੇਸ਼ਨ ਸਾਂਝਾ ਨਹੀਂ ਕਰ ਸਕਦੇ ਹਨ।