
ਪੰਜਾਬ ਗੂਰੂਆਂ-ਪੀਰਾਂ ਦੀ ਧਰਤੀ ਹੈ। ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਆਪਸੀ ਭਾਈਚਾਰੇ ਤੇ ਦੇਸ਼ਭਗਤੀ ਦੇ ਰੰਗ ’ਚ ਰੰਗਿਆ ਹੋਇਆ ਹੈ। ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ ਹੈ। ਇਹ ਥੱਕੇ-ਟੁੱਟੇ ਮਨੁੱਖ ਦੀ ਥਕਾਵਟ ਦੂਰ ਕਰਦਾ ਹੈ ਤੇ ਇਸ ਨਾਲ ਉਸ ਦੇ ਚਿਹਰੇ ’ਤੇ ਖ਼ੁਸ਼ੀ ਝਲਕਦੀ ਹੈ ਪਰ ਅੱਜ ਨਾ ਤਾਂ ਦਿਲਾਂ ਨੂੰ ਛੂਹਣ ਵਾਲਾ ਸੰਗੀਤ ਹੈ ਤੇ ਨਾ ਹੀ ਇਸ ਨੂੰ ਪਰਿਵਾਰ ’ਚ ਬੈਠ ਕੇ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ।
ਅੱਜ ਦੀ ਗਾਇਕੀ ਪੂਰੀ ਦੀ ਪੂਰੀ ਹਥਿਆਰਾਂ, ਆਸ਼ਕੀ ਤੇ ਨਸ਼ਿਆਂ ਦੁਆਲੇ ਘੁੰਮ ਰਹੀ ਹੈ। ਗੀਤਾਂ ’ਚ ਹਥਿਆਰਾਂ ਦਾ ਪ੍ਰਦਰਸ਼ਨ, ਹਿੰਸਾ, ਕਤਲੇਆਮ, ਦਾਰੂ, ਗ਼ਲਤ ਸ਼ਬਦਾਵਲੀ, ਧੱਕੇਸ਼ਾਹੀ ਨਾ ਸਿਰਫ਼ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੀ ਹੈ ਸਗੋਂ ਉਨ੍ਹਾਂ ਨੂੰ ਗ਼ਲਤ ਰਸਤੇ ’ਤੇ ਚੱਲਣ ਲਈ ਉਕਸਾ ਰਹੀ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਕਿ ਜਿੰਨੀ ਤੇਜ਼ੀ ਨਾਲ ਸਾਡਾ ਪੰਜਾਬੀ ਸੱਭਿਆਚਾਰ ਨਸ਼ਟ ਹੋ ਰਿਹਾ ਹੈ, ਓਨਾ ਕਿਸੇ ਦੂਸਰੇ ਸੂਬੇ ਦਾ ਨਹੀਂ। ਅੱਜ ਮਾਣਕ, ਯਮਲੇ ਦੀ ਤੂੰਬੀ ਦੀ ਥਾਂ ਗਾਇਕਾਂ ਨੇ ਹਥਿਆਰ ਚੁੱਕ ਲਏ ਹਨ। ਇਸ ਤਰ੍ਹਾਂ ਲੱਗਦਾ ਜਿਵੇਂ ਹਥਿਆਰਾਂ , ਨਸ਼ਿਆਂ, ਕੁੱਟਮਾਰ ਤੋਂ ਬਿਨਾਂ ਗੀਤ ਹਿੱਟ ਹੋ ਹੀ ਨਹੀਂ ਸਕਦਾ। ਅੱਜ ਵੀ ਪਾਲੀ ਦੇਤਵਾਲੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਸੁਰਜੀਤ ਬਿੰਦਰਖੀਆ, ਹਰਭਜਨ ਮਾਨ, ਹੰਸ ਰਾਜ ਹੰਸ ਅਤੇ ਹੋਰ ਬਹੁਤ ਸਾਰੇ ਗਾਇਕਾਂ ਦੇ ਗੀਤ ਬੜੇ ਮਾਣ ਨਾਲ ਸੁਣੇ ਜਾਂਦੇ ਹਨ।
ਬਦਲ ਰਹੀਆਂ ਕਦਰਾਂ-ਕੀਮਤਾਂ
ਅੱਜ ਪੰਜਾਬੀ ਸੱਭਿਆਚਾਰਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ, ਜਿਸ ਲਈ ਗਾਇਕੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਹਰ ਗੀਤ ’ਚ ਇੱਕ ਹੱਥ ਹਥਿਆਰ ਅਤੇ ਦੂਜੇ ਹੱਥ ਸ਼ਰਾਬ ਦੀ ਬੋਤਲ ਦਿਖਾਈ ਜਾਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਤੋਂ ਬਿਨਾਂ ਗੀਤ ਹਿੱਟ ਹੀ ਨਾ ਹੋਣਾ ਹੋਵੇ। ਅੱਜ ਗਾਇਕੀ ਦਾ ਮਕਸਦ ਤਾਂ ਲੱਚਰਤਾ ਪਰੋਸ ਕੇ ਵੱਧ ਤੋਂ ਵੱਧ ਪੈਸਾ ਕਮਾਉਣਾ ਅਤੇ ਸਸਤੀ ਸ਼ੋਹਰਤ ਖੱਟਣ ਤੋਂ ਹੈ ਪਰ ਇਸ ਤਰ੍ਹਾਂ ਦੇ ਗੀਤ ਜ਼ਿਆਦਾ ਸਮਾਂ ਤੱਕ ਨਹੀਂ ਟਿਕਦੇ। ਅੱਜ ਦੀ ਪੀੜ੍ਹੀ ਅਜਿਹੇ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਅਤੇ ਗੀਤਾਂ ਵਿੱਚ ਜੋ ਕੁਝ ਦੇਖਦੇ ਹਨ, ਉਹੀ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ। ਦਿਨ ਪ੍ਰਤੀ ਦਿਨ ਸਮਾਜ ’ਚ ਹਿੰਸਾ ਵੱਧ ਰਹੀ ਹੈ। ਇਸ ਦਾ ਨਤੀਜਾ ਕੀ ਹੋਵੇਗਾ, ਕੋਈ ਕੁਝ ਨਹੀਂ ਕਹਿ ਸਕਦਾ।
ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਸਾਰੇ
ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ‘ਸਾਰੇ ਮੈਨੂੰ ਕੀ’ ਵਾਲਾ ਵਤੀਰਾ ਅਪਣਾ ਰਹੇ ਹਨ ਤੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭਜੱ ਰਹੇ ਹਨ। ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਕਹਿਣਾ ਹੈ ਕਿ ‘ਦੁਨੀਆਂ ਬੁਰਾ ਕਰਨ ਵਾਲਿਆਂ ਵੱਲੋਂ ਤਬਾਹ ਨਹੀਂ ਕੀਤੀ ਜਾਵੇਗੀ ਸਗੋਂ ਉਨ੍ਹਾਂ ਵੱਲੋਂ ਕੀਤੀ ਜਾਵੇਗੀ, ਜਿਹੜੇ ਬੁਰਿਆਂ ਨੂੰ ਬੁਰਾ ਕਰਦਿਆਂ ਬਿਨਾਂ ਕੁਝ ਕੀਤਿਆਂ ਵੇਖਦੇ ਰਹਿੰਦੇ ਹਨ।’ ਅੱਜ ਅਜਿਹੀ ਗਾਇਕੀ ਨੂੰ ਸੁਣਦਿਆਂ ਦਰਦ ਭਰੀ ਹੂਕ ਮਨ ’ਚ ਉੱਠਦੀ ਹੈ ਅਤੇ ਮਾਨਸਿਕ ਤੌਰ ’ਤੇ ਪੀੜਾ ਮਹਿਸੂਸ ਹੁੰਦੀ ਹੈ।
ਸਹਿਣਸ਼ੀਲਤਾ ਹੁੰਦੀ ਜਾ ਰਹੀ ਖ਼ਤਮ
ਸਮਾਜ ’ਚ ਪਹਿਲਾਂ ਹੀ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਨੌਜਵਾਨਾਂ ’ਚ ਪੜ੍ਹਾਈ ਦੀ ਰੁਚੀ ਖ਼ਤਮ ਹੋ ਰਹੀ ਹੈ, ਹੁੱਲੜਬਾਜ਼ੀ ਦੀ ਭਾਵਨਾ ਉਨ੍ਹਾਂ ’ਚ ਵੱਧਦੀ ਜਾ ਰਹੀ ਹੈ, ਜਿਹੜੀ ਪਤਾ ਨਹੀਂ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਵੇਗੀ। ਨੌਜਾਵਨਾਂ ਦਾ ਇਸ ਦਿਸ਼ਾ ਵੱਲ ਵਧਣਾ ਚਿੰਤਾ ਦਾ ਵਿਸ਼ਾ ਹੈ।
ਕਿਤਾਬਾਂ ਦੀ ਬਜਾਏ ਹਥਿਆਰ ਚੁੱਕਣ ਨੂੰ ਦਿੰਦੇ ਤਰਜੀਹ
ਕਹਿੰਦੇ ਹਨ ਕਿ ਜੇ ਕਿਸੇ ਦੇਸ਼ ਜਾਂ ਪਰਿਵਾਰ ਨੂੰ ਖ਼ਤਮ ਕਰਨਾ ਹੈ ਤਾਂ ਉੱਥੋਂ ਦੇ ਨੌਜਵਾਨਾਂ ਨੂੰ ਗ਼ਲਤ ਰਸਤੇ ਵੱਲ ਤੋਰ ਦਿਉ। ਲੱਗਦਾ ਇਹੀ ਕੁਝ ਸਾਡੇ ਪੰਜਾਬ ਵਿੱਚ ਹੋ ਰਿਹਾ ਹੈ। ਪੰਜਾਬੀਆਂ ਦੀ ਬਹਾਦਰੀ ਨੂੰ ਪੂਰੇ ਦੇਸ਼ ’ਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਸਲਾਮਾਂ ਹੁੰਦੀਆਂ ਹਨ ਕਿਉਂਕਿ ਇਹ ਆਉਂਦੀਆਂ ਮੁਸੀਬਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਉਨ੍ਹਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹਨ। ਗੀਤ ਤਾਂ ਪਹਿਲਾਂ ਵੀ ਗਾਏ ਜਾਂਦੇ ਸਨ। ਸਾਰਾ ਪਰਿਵਾਰ ਇਕੱਠੇ ਬੈਠ ਕੇ ਉਸ ਨੂੰ ਸੁਣਦਾ ਸੀ ਅਤੇ ਉਹ ਗਾਣੇ ਅੱਜ ਤੱਕ ਹਿੱਟ ਹਨ ਤਾਂ ਅੱਜ ਕਿਉਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਸਾਡੇ ਗੀਤ ਨੌਜਵਾਨਾਂ ਨੂੰ ਕਿਤਾਬਾਂ ਚੁੱਕਣ ਦੀ ਬਜਾਏ ਹਥਿਆਰ ਚੁੱਕਣ ਨੂੰ ਤਰਜੀਹ ਦੇ ਰਹੇ ਹਨ। ਬੱਚਾ ਤਾਂ ਕੋਰੀ ਸਲੇਟ ਵਾਂਗ ਹੁੰਦਾ ਹੈ, ਉਹ ਬਚਪਨ ਤੋਂ ਜੋ ਸੁਣੇਗਾ-ਦੇਖੇਗਾ, ਉਸੇ ਤਰ੍ਹਾਂ ਦਾ ਵਿਹਾਰ ਕਰਨ ਦੀ ਕੋਸ਼ਿਸ਼ ਕਰੇਗਾ।
ਸਾਫ਼-ਸੁਥਰੀ ਗਾਇਕੀ ਨੂੰ ਦਿੱਤੀ ਜਾਵੇ ਤਰਜੀਹ
ਸੋ ਗਾਇਕਾਂ-ਗੀਤਕਾਰਾਂ ਨੂੰ ਅਜਿਹੇ ਗੀਤ ਲਿਖਣੇ ਜਾਂ ਗਾਉਣੇ ਚਾਹੀਦੇ ਹਨ, ਜੋ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਹੋਣ। ਗੀਤਾਂ ’ਚ ਔਰਤ ਦੇ ਸਤਿਕਾਰ ਨੂੰ ਧਿਆਨ ’ਚ ਰੱਖਿਆ ਜਾਵੇ। ਸਾਨੂੰ ਸਾਰਿਆਂ ਨੂੰ ਵੀ ਮਿਲ ਕੇ ਪੰਜਾਬੀਆਂ ਦੀ ਸ਼ਾਨ ਨੂੰ ਖ਼ਤਮ ਕਰਨ ਵਾਲੀ ਗਾਇਕੀ ’ਤੇ ਰੋਕ ਲਾਉਣ ਲਈ ਸੰਘਰਸ਼ ਕਰਨਾ ਪਵੇਗਾ, ਤਾਂ ਜੋ ਅਮੀਰ ਪੰਜਾਬੀ ਵਿਰਸੇ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਬਚਾ ਸਕੀਏ। ਅਸੀਂ ਨੌਜਵਾਨਾਂ ਦੇ ਹੱਥਾਂ ’ਚ ਡਿਗਰੀਆਂ ਫੜਾਉਣੀਆ ਹਨ, ਨਾ ਕਿ ਪਿਸਤੌਲਾਂ। ੍