ਦਿੱਲੀ ਜਿੱਤਣ ਵਿੱਚ ਬਾਬਾ ਬਘੇਲ ਸਿੰਘ ਦਾ ਯੋਗਦਾਨ

In ਮੁੱਖ ਲੇਖ
February 09, 2026

ਗੁਰਪ੍ਰੀਤ ਸਿੰਘ ਤਲਵੰਡੀ

ਸਿੱਖ ਕੌਮ ਦੇ ਜਾਂਬਾਜ਼ ਜੋਧਿਆਂ ਵਿੱਚੋਂ ਜੱਥੇਦਾਰ ਬਘੇਲ ਸਿੰਘ ਦਾ ਨਾਂਅ ਪਹਿਲੀ ਕਤਾਰ ’ਚ ਆਉਂਦਾ ਹੈ। ਉਨ੍ਹਾਂ ਦਾ ਜਨਮ 1730 ਨੂੰ ਮਾਝੇ ਦੇ ਇਤਿਹਾਸਿਕ ਕਸਬੇ ਝਬਾਲ (ਅੰਮ੍ਰਿਤਸਰ) ਵਿੱਚ ਹੋਇਆ। ਆਪ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿੱਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦੇ ਛੋਟੇ ਭਰਾ ਸਨ।
ਪਰ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਦਾ ਅਸਲ ਪਿੰਡ ਮੋਗਾ ਜ਼ਿਲਾ ਵਿੱਚ ਰਾਊਕੇ ਕਲਾਂ ਹੈ। ਇਤਿਹਾਸਕ ਕਸਬੇ ਝਬਾਲ ਵਿੱਚ ਆਪ ਦੇ ਨਾਨਕੇ ਵੀ ਹੋ ਸਕਦੇ ਹਨ। ਝਬਾਲ ਵਿੱਚ ਜਾ ਕੇ ਖੋਜ ਪੜਤਾਲ ਕੀਤੇ ਤੋਂ ਭਾਵੇਂ ਕੋਈ ਵੀ ਇਤਿਹਾਸਕ ਨਿਸ਼ਾਨੀ ਨਹੀਂ ਮਿਲ ਸਕੀ, ਲੇਕਿਨ 12 ਪੱਤੀਆਂ ਤੇ 7 ਗ੍ਰਾਮ ਪੰਚਾਇਤਾਂ ਵਿੱਚੋਂ ਇੱਕ ਪਿੰਡ ਦਾ ਨਾਂਅ ‘ਝਬਾਲ ਜੱਥੇਦਾਰ ਬਘੇਲ ਸਿੰਘ’ ਹੈ। ਇਸ ਤੋਂ ਬਿਨਾਂ ਪਿੰਡ ਝਬਾਲ ਖੁਰਦ, ਝਬਾਲ ਸਵਰਗਪੁਰੀ, ਝਬਾਲ ਖਾਮ, ਝਬਾਲ ਪੁਖਤਾ, ਝਬਾਲ ਅੱਡਾ, ਝਬਾਲ ਚੌਧਰੀ ਲੰਗਾਹ ਪਿੰਡ ਵਸੇ ਹੋਏ ਹਨ । ਇਨ੍ਹਾਂ ਵਿੱਚੋਂ ਪਿੰਡ ਝਬਾਲ ਖਾਮ ਵਿੱਚ ਜੱਥੇਦਾਰ ਬਘੇਲ ਸਿੰਘ ਦੇ ਨਾਂਅ ’ਤੇ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਮੌਜੂਦ ਹੈ। ਇਤਿਹਾਸਿਕ ਕਸਬੇ ਝਬਾਲ ਵਿੱਚ ਜੱਥੇਦਾਰ ਬਘੇਲ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਕਤ ਜੱਥੇਦਾਰ ਦੇ ਝਬਾਲ ਨਾਲ ਗਹਿਰੇ ਸਬੰਧਾਂ ਨੂੰ ਉਜਾਗਰ ਕਰਨ ਵਾਲੇ ਤੱਥ ਹਨ।
ਜੱਥੇਦਾਰ ਬਘੇਲ ਸਿੰਘ ਦੇ ਜੀਵਨ ਸਬੰਧੀ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਪਤਾ ਲੱਗਦਾ ਹੈ ਕਿ 1748 ਈ: ਨੂੰ ਜਿਸ ਵਕਤ ਦਲ ਖ਼ਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿੱਚ ਵਿਰਕ ਗੋਤ ਨਾਲ਼ ਸਬੰਧਿਤ ਕਰੋੜਾ ਸਿੰਘ ਪੈਦਾ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗ਼ਲ ਬਾਦਸ਼ਾਹ ਜ਼ਕਰੀਆ ਖ਼ਾਨ ਨੇ 20 ਕੁ ਸਾਲ ਦੀ ਉਮਰ ਵਿੱਚ ਕਰੋੜਾ ਸਿੰਘ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ। ਪਰ ਆਪ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਏ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ। 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲ਼ੀ। ਜੱਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਤ ਕਰ ਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਹਿੰਦੁਸਤਾਨ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ।
ਜਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ ’ਤੇ ਮੁਗ਼ਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ’ਤੇ ਕਬਜ਼ਾ ਕਰ ਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਦੀਆਂ ਤਿੰਨ ਪਤਨੀਆਂ ਸਨ। ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨੂੰ ਆਪਣੀ ਰਾਜਧਾਨੀ ਬਣਾ ਕੇ ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਪਿਆ। 1764 ਵਿੱਚ ਸਿੱਖਾਂ ਦੁਆਰਾ ਸਰਹਿੰਦ ਦੀ ਜਿੱਤ ਅਤੇ ਸਰਹਿੰਦ ਦੇ ਗਵਰਨਰ ਜ਼ੈਨ ਖ਼ਾਨ ਦੀ ਮੌਤ ਪਿੱਛੋਂ ਸਿੱਖ ਸਰਦਾਰਾਂ ਨੇ ਆਪੋ-ਆਪਣੇ ਇਲਾਕੇ ਵੰਡ ਲਏ। ਇਸ ਦੌਰਾਨ ਬਘੇਲ ਸਿੰਘ ਨੇ ਕਰਨਾਲ ਦੇ ਲਾਗੇ ਛਲੌਦੀ, ਜ਼ਮਾਇਤਗੜ੍ਹ ਖੁਰਦੀਨ, ਕਿਨੌਰੀ ਆਦਿ ’ਤੇ ਕਬਜ਼ਾ ਕਰ ਕੇ ਛਲੌਦੀ ਨੂੰ ਆਪਣੀ ਦੂਜੀ ਰਾਜਧਾਨੀ ਬਣਾਇਆ। ਇਸ ਦਾ ਸਮੁੱਚਾ ਪ੍ਰਬੰਧ ਆਪਣੀ ਦੂਜੀ ਪਤਨੀ ਰਾਜ ਕੰਵਰ ਨੂੰ ਸੰਭਾਲ ਦਿੱਤਾ । ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਇਸੇ ਤਰ੍ਹਾਂ 1775 ਨੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿੱਚ ਕੀਤਾ।
ਸਰਹਿੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲ਼ੀਆ ਅਤੇ ਜੱਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਫ਼ੌਜਾਂ ਨੇ 20 ਫਰਵਰੀ 1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ’ਤੇ ਜਿੱਤ ਹਾਸਲ ਕੀਤੀ । 22 ਅਪ੍ਰੈਲ 1775 ਨੂੰ ਕੁੰਜਪੁਰਾ ਨੇੜਿਉਂ ਜਮਨਾ ਨਦੀ ਪਾਰ ਕਰ ਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ। 1778 ਵਿਚ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ 1 ਲੱਖ ਸਿਪਾਹੀਆਂ ਦੀ ਫ਼ੌਜ ਭੇਜੀ। ਮੁਗ਼ਲ ਫ਼ੌਜਾਂ ਦੀ ਅਗਵਾਈ ਵਜ਼ੀਰ ਨਵਾਬ ਮਾਜਦ ਉਦ ਦੌਲਾ ਕਰ ਰਿਹਾ ਸੀ, ਦੂਸਰੇ ਪਾਸੇ ਬਘੇਲ ਸਿੰਘ ਇੱਕ ਤਕੜਾ ਯੋਧਾ ਹੋਣ ਦੇ ਨਾਲ-ਨਾਲ ਇੱਕ ਚੰਗਾ ਨੀਤੀਘਾੜਾ ਵੀ ਸੀ। ਪਟਿਆਲਾ ਦੇ ਲਾਗੇ ਘਨੌਰ ਵਿੱਚ ਦੋਵਾਂ ਪਾਸਿਆਂ ਤੋਂ ਚੰਗਾ ਯੁੱਧ ਹੋਇਆ। ਜਿਸ ਵਿੱਚ ਲੱਖਾਂ ਦੀ ਗਿਣਤੀ ਵਾਲੀ ਮੁਗਲ ਫੌਜ ਨੇ ਬਘੇਲ ਸਿੰਘ ਅੱਗੇ ਗੋਡੇ ਟੇਕ ਦਿੱਤੇ। ਹੁਣ ਗੰਗਾ-ਜਮੁਨਾਂ ਦੁਆਬ ਦਾ ਸਮੁੱਚਾ ਹਿੱਸਾ ਸਿੱਖਾਂ ਦੇ ਰਹਿਮੋ ਕਰਮ ’ਤੇ ਹੀ ਸੀ। ਇਸ ਤੋਂ ਬਾਅਦ 50,000 ਦੀ ਗਿਣਤੀ ਵਾਲ਼ੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ।
ਫਰਵਰੀ 1783 ਨੂੰ ਗਾਜੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜੇ ’ਚ ਕੀਤਾ। ਦਿੱਲੀ ਵਿੱਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫ਼ੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ’ਤੇ ਰੱਖਿਆ। 8 ਮਾਰਚ 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗ਼ਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਕੇ ਸਿੱਖ ਫ਼ੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲ਼ੇ ਪਾਸਿਓਂ ਦਿੱਲੀ ਪੁੱਜਾ। ਇਸ ਦੌਰਾਨ ਮਿਰਜ਼ਾ ਸ਼ਿਕੋਹ ਨੇ ਸਿੱਖਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਚਾਹਿਆ, ਪਰ ਅਸਫਲ ਰਿਹਾ। ਇਸ ਤੋਂ ਬਾਅਦ ਫਜ਼ਲ ਅਲੀ ਖ਼ਾਨ ਵੀ ਵਿਰੋਧ ਕਰਨ ਲਈ ਅੱਗੇ ਵਧਿਆ, ਪ੍ਰੰਤੂ ਉਸ ਨੂੰ ਵੀ ਮੂੰਹ ਦੀ ਖਾਣੀ ਪਈ। 11 ਮਾਰਚ 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲ ਅਜਮੇਰੀ ਦਰਵਾਜ਼ਾ ਤੋੜ ਕੇ ਅਤੇ ਹੌਜ਼ ਕਾਜ਼ੀ ਨੂੰ ਤਹਿਸ-ਨਹਿਸ ਕਰ ਕੇ ਬਿਨਾਂ ਕਿਸੇ ਵਿਰੋਧ ਦੇ ਦੀਵਾਨ-ਏ-ਆਮ ’ਤੇ ਕਾਬਜ਼ ਹੋ ਗਏ। ਤਿੰਨੇ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨੇ ਜੋੜ ਦਿੱਤਾ। ਦਿੱਲੀ ਦੇ ਤਖ਼ਤ ’ਤੇ ਬੈਠਣ ਲਈ ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿੱਚ ਇੱਕ ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ, ਲੇਕਿਨ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ਼ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫ਼ੌਜ ਦਾ ਟਿਕਾਣਾ ਸਬਜ਼ੀ ਮੰਡੀ ਵਿੱਚ ਕੀਤਾ ਗਿਆ। ਦਿੱਲੀ ਦੇ ਜੇਤੂ ਜਰਨੈਲ ਜੱਥੇਦਾਰ ਬਘੇਲ ਸਿੰਘ ਦੇ ਮੁਗ਼ਲ ਬੇਗਮ ਸਮਰੂ ਨਾਲ ਮਿੱਤਰਤਾ ਪੂਰਵਕ ਸਬੰਧ ਸਨ। ਬੇਗ਼ਮ ਸਮਰੂ ਨੇ ਸਿੰਘਾਂ ਦਾ ਮੁਗ਼ਲ ਬਾਦਸ਼ਾਹ ਦਾ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ।
ਇਸ ਸਮਝੌਤੇ ਅਨੁਸਾਰ ਸਿੱਖ ਫ਼ੌਜਾਂ ਵੱਲੋਂ ਜੱਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਮੁਗ਼ਲ ਸਲਤਨਤ ਆਪਣੇ ਕੁੱਲ ਮਾਲੀਏ ਦਾ ਸਾਢੇ 12 ਫ਼ੀਸਦੀ ਸਿੱਖ ਫ਼ੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ। ਕਈ ਇਤਿਹਾਸਕਾਰਾਂ ਵੱਲੋਂ ਸਾਢੇ 12 ਪ੍ਰਤੀਸ਼ਤ ਦੀ ਜਗਾਂ ਸਾਢੇ 37 ਪ੍ਰਤੀਸ਼ਤ ਲਿਖਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ। ਸਮਝੌਤੇ ਅਨੁਸਾਰ ਕਰੀਬ 9-10 ਮਹੀਨੇ ਵਿੱਚ ਹੀ ਸਿੱਖ ਫ਼ੌਜਾਂ ਵੱਲੋਂ ਦਿੱਲੀ ਵਿੱਚ 6 ਇਤਿਹਾਸਕ ਗੁਰਦੁਆਰਿਆਂ (ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ਼, ਗੁਰਦੁਆਰਾ ਮਜਨੂੰ ਕਾ ਟਿੱਲਾ) ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ 1783 ਵਿਚ ਹੀ ਜੱਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ।
ਦਿੱਲੀ ਵਿੱਚ ਸਿੱਖਾਂ ਦੇ ਰਾਜ ਦੌਰਾਨ ਚੰਗੀ ਕਾਨੂੰਨ ਵਿਵਸਥਾ ਕਾਇਮ ਰਹੀ। ਘੋੜ ਸਵਾਰ ਸਿੱਖ ਸਰਦਾਰ ਦਿਨ ਰਾਤ ਦਿੱਲੀ ਦੀਆਂ ਗਲੀਆਂ ਵਿੱਚ ਗਸ਼ਤ ਕਰਦੇ। ਦਿੱਲੀ ਦੇ ਨਾਗਰਿਕਾਂ ਨੇ ਅਜਿਹੀ ਕਾਨੂੰਨ ਵਿਵਸਥਾ ਦਹਾਕਿਆਂ ਤਕ ਵੀ ਨਹੀਂ ਦੇਖੀ ਸੀ। ਇਸ ਤੋਂ ਬਾਅਦ ਮੁਗ਼ਲ ਹਾਕਮ ਮਰਾਠਿਆਂ ਅਤੇ ਅੰਗਰੇਜ਼ਾਂ ਨੂੰ ਨਜ਼ਰ ਅੰਦਾਜ਼ ਕਰ ਕੇ ਬਘੇਲ ਸਿੰਘ ਨੂੰ ਮਗ਼ਲ ਸਾਮਰਾਜ ਦਾ ਪ੍ਰਬੰਧਕ (ਰੀਜੈਂਟ) ਨਿਯੁਕਤ ਕਰਨਾ ਚਾਹੁੰਦਾ ਸੀ, ਲੇਕਿਨ ਬਘੇਲ ਸਿੰਘ ਨੇ ਉਕਤ ਪੇਸ਼ਕਸ਼ ਠੁਕਰਾ ਦਿੱਤੀ।
ਖ਼ੁਸ਼ਵੰਤ ਸਿੰਘ ਵਰਗੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਅਜਿਹੇ ਅਹੁਦਿਆਂ ਦੀ ਬਘੇਲ ਸਿੰਘ ਦੇ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਸੀ। ਨਾਂ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਸੀ। ਸੋ ਬਾਦਸ਼ਾਹ ਨੇ 1784 ਦੇ ਅੰਤ ਵਿੱਚ ਮਾਧਾਜੀ ਸਿੰਧੀਆ (ਮਰਾਠਾ ਮੁਖੀ) ਨੂੰ ਆਪਣੇ ਸਾਮਰਾਜ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ। 1785 ਵਿੱਚ ਮਾਧਾਜੀ ਸਿੰਧੀਆ ਨੇ ਬਘੇਲ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਨਾਲ ਇੱਕ ਸੰਧੀ ਕੀਤੀ। ਜਿਸ ਤਹਿਤ ਸਿੱਖ ਸਰਦਾਰ ਸਿੱਖੀ ਸਿਧਾਂਤਾਂ ਸਬੰਧੀ ਕੋਈ ਵੀ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੋਏ।ਇਸ ਦੌਰਾਨ ਇਹ ਤਹਿ ਹੋਇਆ ਕਿ ਬਾਦਸ਼ਾਹ ਸਿੱਖਾਂ ਨੂੰ ਹਰ ਸਾਲ 10 ਲੱਖ ਰੁਪਏ ਦੀ ਅਦਾਇਗੀ ਕਰੇਗਾ। ਪ੍ਰੰਤੂ ਇਹ ਸੰਧੀ ਬਹੁਤੀ ਦੇਰ ਤੱਕ ਨਾ ਚੱਲ ਸਕੀ। 1787 ਵਿੱਚ ਗੁਲਾਮ ਕਾਦਰ ਰੁਹੇਲਾ ਨੇ ਦਿੱਲੀ ’ਤੇ ਹਮਲਾ ਕਰ ਦਿੱਤਾ। ਬਾਦਸ਼ਾਹ ਨੂੰ ਅੰਨਾ ਕਰ ਦਿਤਾ, ਪਰ ਮਰਾਠਿਆਂ ਨੇ ਰੁਹੇਲਾ ਨੂੰ ਮਾਰ ਦਿੱਤਾ। ਸੰਨ 1789 ਵਿੱਚ ਮਾਧਾਜੀ ਸਿੰਧੀਆ ਨੇ ਬਘੇਲ ਸਿੰਘ ਨੂੰ ਇੱਕ ਵੱਡੀ ਜਗੀਰ ਦੇ ਕੇ ਸਿੱਖਾਂ ਨੂੰ ਸ਼ਾਹੀ ਇਲਾਕਿਆਂ ਵਿੱਚ ਦਖ਼ਲ ਦੇਣ ਤੋਂ ਰੋਕਿਆ।
ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ ਕਿ ਜੱਥੇਦਾਰ ਬਘੇਲ ਸਿੰਘ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ। ਇਤਿਹਾਸ ਦੇ ਵਰਕੇ ਫਰੋਲਿਆਂ ਇਹ ਵੀ ਪਤਾ ਲੱਗਦਾ ਹੈ ਕਿ ਦਿੱਲੀ ਦੇ ਲਾਲ ਕਿਲੇ ਵਿੱਚ ਮੁਗ਼ਲ ਹਾਕਮ ਜਿਸ ਸਿੱਲ ਪੱਥਰ ਉੱਪਰ ਬੈਠ ਕੇ ਰਾਜ-ਭਾਗ ਚਲਾਇਆ ਕਰਦੇ ਸਨ, ਉਹ ਸਿੱਲ ਪੱਥਰ ਵੀ ਸਿੰਘ ਆਪਣੇ ਨਾਲ ਲੈ ਆਏ ਸਨ, ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਕੋਲ ਸਥਿੱਤ ਰਾਮਗੜੀਆ ਬੁੰਗਾ ਵਿਖੇ ਹਾਲੇ ਵੀ ਪਿਆ ਹੈ।

Loading