ਦਿੱਲੀ ਵਾਸੀਆਂ ਨੇ ‘ਆਪ’ ਦੇ ਝੂਠ ਨੂੰ ਨਕਾਰ ਦਿੱਤਾ : ਰਵਨੀਤ ਬਿੱਟੂ

In ਪੰਜਾਬ
February 10, 2025
ਪਟਿਆਲਾ/ਏ.ਟੀ.ਨਿਊਜ਼: ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਹੋਈ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਦਿੱਲੀ ਵਾਸੀਆਂ ਨੇ ‘ਆਪ’ ਦੇ ਝੂਠ ਨੂੰ ਨਕਾਰ ਦਿੱਤਾ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਇਕੱਲਿਆਂ ਲੜੇਗੀ ਤੇ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ‘ਆਪ’ ਦਿੱਲੀ ਵਾਂਗ ਕੁਫਰ ਤੋਲਦੀ ਆ ਰਹੀ ਹੈ। ਜਿਹੜੇ ਵਾਅਦੇ ਕਰ ਕੇ ‘ਆਪ’ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਦੀ ਪੂਰਤੀ ਕਰਨ ’ਚ ਅਸਫਲ ਰਹੀ ਹੈ। ਉਹ ਪਟਿਆਲਾ ਵਿਖੇ ਬਾਰਾਂਦਰੀ ਬਾਗ ਵਿੱਚ ਸਥਿਤ ਨੀਮਰਾਣਾ ਹੋਟਲ ਵਿੱਚ ਸੇਵਾਮੁਕਤ ਡੀ.ਆਈ.ਜੀ. ਗੁਰਪ੍ਰੀਤ ਸਿੰਘ ਗਿੱਲ ਦੀ ਧੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱੱਲਬਾਤ ਕਰ ਰਹੇ ਸਨ। ਬਿੱਟੂ ਦਾ ਕਹਿਣਾ ਸੀ ਕਿ 2027 ਦੀਆਂ ਚੋਣਾਂ ’ਚ ਭਾਜਪਾ ਪੰਜਾਬ ਵਿੱਚ ਕਿਸਾਨੀ ਕਰਜ਼ਿਆਂ ਦਾ ਮੁੱਦਾ ਉਠਾਏਗੀ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਏਗੀ, ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ’ਚ ਆਪਣਾ ਆਧਾਰ ਗੁਆ ਚੁੱਕੀ ਹੈ। ਦਿੱਲੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਕਿਸਾਨਾਂ ਦੇ ਹਿੱਤ ਵਿੱਚ ਕੋਈ ਗੱਲ ਨਹੀਂ ਕੀਤੀ ਜਦਕਿ ਭਾਜਪਾ ਨੇ ਕਿਸਾਨਾਂ ਦਾ ਸਾਥ ਦਿੱਤਾ ਹੈ। ਇਸ ਤਹਿਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਣ ਜਾ ਰਹੀ ਹੈ।

Loading