ਦਿੱਲੀ ਵਿਚ ਆਏ ਸਿਆਸੀ ਭੁਚਾਲ ਦੇ ਝਟਕੇ ਪੰਜਾਬ ਤੱਕ ਪਹੁੰਚੇ

In ਖਾਸ ਰਿਪੋਰਟ
February 12, 2025
ਦਿੱਲੀ ਵਿੱਚ ਆਏ ਭੁਚਾਲ ਦੇ ਝਟਕੇ ਪੰਜਾਬ ਤੱਕ ਵੀ ਪਹੁੰਚ ਰਹੇ ਹਨ। ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਸੱਚੀਆਂ ਅਤੇ ਅੱਧ ਸੱਚੀਆਂ ਹਕੀਕਤਾਂ ਸ਼ਾਮਿਲ ਹਨ । ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਦੇ ਘੱਟੋ ਘੱਟ 30 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ ਜਿਸ ਤੋਂ ਉਹਨਾਂ ਨੂੰ ਇਹ ਉਮੀਦ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਹਨ। ਪਰ ਇਸ ਦਾਅਵੇ ਵਿੱਚ ਗੱਪ ਦੇ ਅੰਸ਼ ਜ਼ਿਆਦਾ ਜਾਪਦੇ ਹਨ। ਪੱਕੀ ਖਬਰ ਇਹ ਹੈ ਭਗਵੰਤ ਮਾਨ ਨੇ ਚਲੇ ਜਾਣਾ ਹੈ ਪਰ ਉਸ ਦੀ ਥਾਂ ਕੌਣ ਲਵੇਗਾ, ਇਹ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ । ਕੇਜਰੀਵਾਲ ਦੇ ਮਨ ਵਿੱਚ ਤਿੰਨ ਨਾਂ ਹਨ-ਹਰਜੋਤ ਬੈਂਸ ਤੇ ਅਮਨ ਅਰੋੜਾ। ਅਮਨ ਅਰੋੜਾ ਦੀ ਗੁੰਜਾਇਸ਼ ਬਹੁਤ ਘੱਟ ਹੈ ਕਿਉਂਕਿ ਪੰਜਾਬ ਦਾ ਰਾਜਨੀਤਿਕ ਮਾਹੌਲ ਕਿਸੇ ਸਿੱਖ ਨੂੰ ਹੀ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ। ਕੇਜਰੀਵਾਲ ਲੰਮੇ ਅਰਸੇ ਤੋਂ ਇਹ ਵੀ ਸੋਚ ਰਹੇ ਹਨ ਕਿ ਕਿਸੇ ਔਰਤ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਿੰਘਾਸਨ ਦਿੱਤਾ ਜਾਵੇ।ਇਸ ਸਬੰਧੀ ਬਲਜਿੰਦਰ ਕੌਰ ਦਾ ਨਾਂ ਪ੍ਰਮੁੱਖ ਜਾਪ ਰਿਹਾ ਹੈ। ਅਮਨ ਅਰੋੜਾ ਨੂੰ ਉਪ ਮੁੱਖ ਮੰਤਰੀ ਬਣਾਉਣ ਦੀਆਂ ਸੰਭਾਵਨਾਵਾਂ ਹਨ। ਹਰਪਾਲ ਚੀਮਾ ਵੀ ਦਲਿਤ ਕੋਟੇ ਵਿੱਚੋਂ ਉਪ ਮੁੱਖ ਮੰਤਰੀ ਬਣ ਸਕਦੇ ਹਨ। ਪਿਛਲੇ ਕਰੀਬ ਇੱਕ ਸਾਲ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੁੱਖ ਮੰਤਰੀ ਬਣਨ ਦੀ ਕਤਾਰ ਵਿੱਚ ਹਨ ਅਤੇ ਉਹ ਅਸਰ ਰਸੂਖ ਅਤੇ ਧੜਾ ਰੱਖਣ ਵਾਲੇ ਵਿਧਾਇਕਾਂ ਨੂੰ ਮਿਲ ਕੇ ਆਪਣੀ ਲਾਬੀ ਤਕੜੀ ਕਰ ਰਹੇ ਹਨ। ਪਰ ਕਿਉਂਕਿ ਉਨਾਂ ਦੇ ਕਰੀਬੀ ਰਿਸ਼ਤੇਦਾਰ ਕਾਂਗਰਸੀ ਹਨ ਇਸ ਲਈ ਉਨਾਂ ਉੱਤੇ ਕੇਜਰੀਵਾਲ ਨੂੰ ਪੱਕਾ ਯਕੀਨ ਨਹੀਂ ਕਿ ਉਹ ਕਿਸੇ ਵੀ ਸਮੇਂ ਪਲਟੀ ਮਾਰ ਸਕਦੇ ਹਨ। ਵੈਸੇ ਸਾਬਤ ਸੂਰਤ ਸਿੱਖ ਹੋਣ ਕਰਕੇ ਉਹ ਇਹ ਪ੍ਰਭਾਵ ਦੇ ਰਹੇ ਹਨ ਕਿ ਉਹ ਹੀ ਪੰਜਾਬ ਦੀ ਵਾਗ ਡੋਰ ਸੰਭਾਲ ਸਕਣ ਦੇ ਯੋਗ ਹਨ। ਆਮ ਆਦਮੀ ਪਾਰਟੀ ਵਿੱਚ ਵੱਡੀ ਫੁੱਟ ਪੈ ਸਕਦੀ ਹੈ ਜਿਸ ਵਿੱਚ ਭਗਵੰਤ ਮਾਨ ਦਾ ਵੱਡਾ ਰੋਲ ਹੋਵੇਗਾ?ਪਰ ਭਗਵੰਤ ਮਾਨ ਨੇ ਸ਼ਰਾਬ ਦੇ ਸੰਬੰਧ ਵਿੱਚ ਮਾਂ ਦੀ ਕਸਮ ਉੱਤੇ ਪਹਿਰਾ ਨਹੀਂ ਦਿੱਤਾ ਅਤੇ ਖੁਦ ਵੀ ਸੁਰੱਖਿਆ ਦਾ ਲੰਮਾ ਲਾਓ ਲਸ਼ਕਰ ਲੈ ਕੇ ਆਪਣੇ ਆਪ ਨੂੰ ਜਮੀਨੀ ਹਕੀਕਤ ਤੋਂ ਦੂਰ ਕਰ ਲਿਆ ਹੈ। ਉਸ ਦੇ ਅੰਦਰ ਕਲਾਕਾਰ ਦੀ ਰੂਹ ਮਰ ਚੁੱਕੀ ਹੈ। ਉਹ ਆਮ ਆਦਮੀ ਦੇ ਦਰਦ ਤੋਂ ਕੋਹਾਂ ਦੂਰ ਹੈ ਅਤੇ ਲਤੀਫੇ ਲੋਕਾਂ ਉੱਤੇ ਹੁਣ ਕੋਈ ਅਸਰ ਨਹੀਂ ਕਰਦੇ। ਇਸ ਲਈ ਬਗਾਵਤ ਵਿੱਚ ਬਹੁਤੇ ਵਿਧਾਇਕ ਉਸਦਾ ਸਾਥ ਨਹੀਂ ਦੇਣਗੇ। ਜਦੋਂ ਉਸਦੇ ਸਾਰੇ ਓਐਸਡੀ ਬਦਲੇ ਗਏ ਅਤੇ ਦਿੱਲੀ ਪੰਜਾਬ ਵਿੱਚ ਰਾਜ ਕਰਨ ਲੱਗੀ ਤਾਂ ਉਹ ਕੁਸਕਿਆ ਤੱਕ ਨਹੀਂ ਅਤੇ ਨਾ ਹੀ ਕੇਜਰੀਵਾਲ ਵਿਰੁੱਧ ਕੋਈ ਰੋਸ ਪ੍ਰਗਟ ਕੀਤਾ। ਇੱਕ ਹੋਰ ਹਕੀਕਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਕੇਜਰੀਵਾਲ ਦੇ ਖੁਦ ਹਾਰ ਜਾਣ ਕਾਰਨ ਉਹ ਇਖਲਾਕੀ ਤੇ ਜਿਸਮਾਨੀ ਤੌਰ ਤੇ ਪੂਰੀ ਤਰ੍ਹਾਂ ਡਿੱਗੇ ਹੋਏ ਹਨ। ਇਸ ਲਈ ਪੰਜਾਬ ਦੀ ਲੀਡਰਸ਼ਿਪ ਵਿੱਚ ਮਨ ਮਰਜ਼ੀ ਵਾਲੀ ਤਬਦੀਲੀ ਕਰਨ ਲਈ ਉਨ੍ਹਾਂ ਕੋਲ ਇਖਲਾਕੀ ਤਾਕਤ ਹੁਣ ਨਹੀਂ ਰਹਿ ਗਈ। ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ 18 ਫਰਵਰੀ ਨੂੰ ਖਤਮ ਹੋਣ ਜਾ ਰਹੀ ਹੈ। ਇਹ ਖਬਰਾਂ ਮਿਲ ਰਹੀਆਂ ਹਨ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਜਾਂ ਫਿਰ ਜ਼ਮਾਨਤ ਲਈ ਭਗਵੰਤ ਮਾਨ ਜਾਂਦੀ ਵਾਰ ਹਰੀ ਝੰਡੀ ਦੇ ਸਕਦਾ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੀ ਬਦਨਾਮੀ ਤੋਂ ਬਚ ਸਕੇ।

Loading