ਦਿੱਲੀ ਵਿਧਾਨ ਸਭਾ ਚੋਣਾਂ : 27 ਸਾਲ ਬਾਅਦ ਭਾਜਪਾ ਕਰੇਗੀ ਸੱਤਾ ਵਿੱਚ ਵਾਪਸੀ

In ਮੁੱਖ ਖ਼ਬਰਾਂ
February 08, 2025
ਨਵੀਂ ਦਿੱਲੀ, 8 ਫਰਵਰੀ : 2:30 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨਿੱਚਰਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਆਏ ਰੁਝਾਨਾਂ ਤੋਂ ਹੁਣ ਲਗਪਗ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਚੋਣ ਹਾਰ ਗਏ ਹਨ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੂੰ ਹਰਾਇਆ ਹੈ। ਕੇਜਰੀਵਾਲ ਨੇ ਭਾਜਪਾ ਨੂੰ ਵਧਾਈ ਦਿੱਤੀ ਅਤੇ ਆਮ ਆਦਮੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਮੈਨੂੰ ਆਸ ਹੈ ਕਿ ਭਾਜਪਾ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ 1 ਵਜੇ ਤੱਕ ਆਏ ਰੁਝਾਨਾਂ ਵਿੱਚ ਭਾਜਪਾ ਦਿੱਲੀ ਦੀਆਂ 70 ਵਿੱਚੋਂ 47 ਸੀਟਾਂ ’ਤੇ ਫੈਸਲਾਕ ਰੂਪ ਵਿੱਚ ਬਹੁਮਤ ਵੱਲ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਦ ਕਿ ਆਪ 23 ਸੀਟਾਂ ‘ਤੇ ਸਿਮਟਣ ਦੀ ਕਗਾਰ ‘ਤੇ ਹੈ। 11:50 ਵਜੇ: ਸ਼ੁਰੂਆਤੀ ਰੁਝਾਨਾਂ ਦੇ ਨਤੀਜੇ ਦੇਖਦਿਆਂ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਸ਼ਰਾਬ ਦੀ ਦੁਕਾਨ ਦੇ ਮੁੱਦੇ ਕਾਰਨ ਆਈ ਦਿੱਕਤ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੈਸੇ ਅਤੇ ਸ਼ਰਾਬ ਚੱਕਰਾਂ ਵਿਚ ਫਸ ਗਏ ਹਨ। ਉਧਰ ਦਿਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਟਵੀਟ ਕਰਦਿਆਂ ਦਰੋਪਦੀ ਦੇ ਚੀਰਹਰਨ ਦੀ ਤਸਵੀਰ ਸਾਂਝੀ ਕੀਤੀ ਹੈ। 11:15 ਵਜੇ: ਭਾਜਪਾ ਦੇ ਹੈੱਡਕੁਆਰਟਰ ਵਿੱਚ ਜਸ਼ਨਾਂ ਦੀਆਂ ਤਸਵੀਰਾ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਤਾਜ਼ਾ ਗਿਣਤੀ ਦੇ ਰੁਝਾਨਾਂ ਵਿੱਚ ਭਾਜਪਾ 26 ਸਾਲਾਂ ਤੋਂ ਵੱਧ ਸਮੇਂ ਬਾਅਦ ਇੱਕ ਫੈਸਲਾਕੁੰਨ ਫਰਕ ਨਾਲ ਕੌਮੀ ਰਾਜਧਾਨੀ ਵਿੱਚ ਸੱਤਾ ਵਿੱਚ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਭਾਜਪਾ ਸਮਰਥਕਾਂ ਨੇ ਢੋਲ ’ਤੇ ਭੰਗੜਾ ਪਾਉਂਦਿਆਂ ਦੇ ਚੋਣ ਨਿਸ਼ਾਨ ਕਮਲ ਦੀਆਂ ਤਖ਼ਤੀਆਂ ਨੂੰ ਫੜ ਕੇ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ।

Loading