ਦੀਪ ਵਿਛੜ ਗਿਆ ਹੈ ਪਰ ਉਸ ਦੀ ਰੂਹ ਅਜੇ ਵੀ ਸਾਡੇ ਨਾਲ ਨਾਲ ਤੁਰਦੀ ਹੈ

In ਮੁੱਖ ਲੇਖ
February 15, 2025
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ: 15 ਫਰਵਰੀ ਨੂੰ ਦੀਪ ਸਿੱਧੂ ਸਾਥੋਂ ਸਦਾ ਲਈ ਵਿਛੜ ਗਿਆ ਸੀ,ਪਰ ਜਿਸਮ ਹੀ ਵਿਛੜਿਆ ਸੀ ,ਰੂਹ ਅਜੇ ਵੀ ਮੇਰੇ ਨਾਲ ਨਾਲ ਤੁਰਦੀ ਹੈ।ਇੱਕ ਵੱਡਾ ਗੁਣ ਜੋ ਉਸ ਵਿੱਚ ਸੀ ਅਤੇ ਜੋ ਗੁਣ ਵਿਰਲਿਆਂ ਵਿੱਚੋਂ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ,ਉਹ ਗੁਣ ਇਹ ਸੀ ਕਿ ਉਹ ਤੁਹਾਨੂੰ ਜਗਾ ਕੇ ਰੱਖਦਾ ਸੀ,ਯਾਨੀ ਉਠਦਿਆਂ, ਬਹਿੰਦਿਆਂ, ਸੌਂਦਿਆਂ,ਜਾਗਦਿਆਂ ਉਹ ਖੁਦ ਵੀ ਜਾਗਦਾ ਸੀ ਤੇ ਤੁਹਾਨੂੰ ਵੀ ਜਗਾ ਕੇ ਰੱਖਦਾ ਸੀ। ਜ਼ਿੰਦਗੀ ਦੀਆਂ ਗਹਿਰਾਈਆਂ ਤੇ ਉਚਾਈਆਂ ਨੂੰ ਸਮਝਣ ਲਈ ਉਸ ਨੇ ਇਹ ਚਾਰੇ ਅਵਸਥਾਵਾਂ ਹਾਸਲ ਕਰ ਲਈਆਂ ਸਨ। ਜਾਗਣਾ ਤੇ ਜਗਾ ਕੇ ਰੱਖਣਾ ਕਿਸੇ ਕਿਸੇ ਨੂੰ ਹੀ ਤੋਹਫੇ ਵਿੱਚ ਮਿਲਦਾ ਹੈ। ਭਾਵੇਂ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ ਪਰ ਇਹੋ ਤੋਹਫਾ ਕਿਸੇ ਵੱਖਰੇ ਅੰਦਾਜ਼ ਵਿੱਚ,ਕਿਸੇ ਵੱਖਰੇ ਰੂਪ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਵੀ ਮਿਲਿਆ ਹੋਇਆ ਹੈ, ਯਾਨੀ ਵੱਖ ਵੱਖ ਰਾਹਾਂ ਉੱਤੇ ਚੱਲਣ ਵਾਲੇ ਦੋ ਮੁਸਾਫਰ ਇੱਕੋ ਮੰਜ਼ਲ ਵੱਲ ਜਾ ਰਹੇ ਸਨ।ਇਹ ਰਮਜ਼,ਇਹ ਭੇਤ, ਇਹ ਗੂੜੇ ਰਾਜ਼,ਇਹ ਵੱਡੀ ਗੱਲ ਮੇਰੀ ਕੌਮ ਨੂੰ ਦੇਰ ਨਾਲ ਸਮਝ ਵਿੱਚ ਆਵੇਗੀ ਕਿਉਂਕਿ ਸਾਡੀ ਕੌਮ ਦੇ ਰਹਿਬਰਾਂ ਦੀਆਂ ਤਮਾਮ ਵੰਨਗੀਆਂ ਦੇ ਜਿਸਮ ਭਾਵੇਂ ਆਜ਼ਾਦ ਹਨ ਪਰ ਰੂਹਾਂ ਆਜ਼ਾਦ ਨਹੀਂ ਹਨ।ਪਰ ਦੀਪ ਨੇ ਦੋਵੇਂ ਆਜ਼ਾਦੀਆਂ ਹਾਸਲ ਕਰ ਲਈਆਂ ਸਨ ਅਤੇ ਇਹੋ ਗੁਣ ਉਸਨੇ ਕੌਮ ਵਿੱਚ ਵੀ ਜਗਾ ਦਿੱਤਾ ਸੀ। ਪਰ ਕੌਮ ਨੇ ਉਸਨੂੰ ਜਿਉਂਦਿਆਂ ਘੱਟ ਜਾਣਿਆ ਸੀ ਤੇ ਜਦੋਂ ਉਹ ਤੁਰ ਗਿਆ ਤਾਂ ਉਦੋਂ ਕੌਮ ਨੇ ਮਹਿਸੂਸ ਕੀਤਾ ਕਿ ਉਸ ਦੇ ਸਮੂਹਿਕ-ਜਿਸਮ ਦਾ ਇੱਕ ਜਰਖੇਜ਼ ਅੰਗ ਹੁਣ ਨਹੀਂ ਰਿਹਾ। ਉਹ ਬੰਦੇ ਜਿਹੜੇ ਸਦਾ ਆਪਣੀ ਕੌਮ ਲਈ ਜਗਦੇ ਤੇ ਜਿਉਂਦੇ ਰਹਿੰਦੇ ਹਨ ਉਹਨਾਂ ਨੇ ਸਭ ਤੋਂ ਵੱਧ ਵਿਛੋੜੇ ਦੀ ਇਹ ਪੀੜ ਇਕੱਲੇ ਇਕੱਲੇ ਮਹਿਸੂਸ ਕੀਤੀ ਅਤੇ ਅੱਜ ਵੀ ਕਰ ਰਹੇ ਹਨ।ਮੈਂ 81 ਵਰ੍ਹੇ ਵਿੱਚੋਂ ਲੰਘ ਰਿਹਾ ਹਾਂ ਅਤੇ ਮੈਂ ਵੱਡੇ ਵੱਡੇ ਖਾਲਸਾ ਪੰਥ ਦੇ ਇਕੱਠ ਵੇਖੇ ਹਨ ਅਤੇ ਉਹਨਾਂ ਇਕੱਠਾਂ ਵਿੱਚ ਵੱਸਦੀ ਸਾਂਝੀ-ਰੂਹ ਨੂੰ ਵੀ ਮੈਂ ਵੇਖ ਲੈਂਦਾ ਸੀ,ਪਰ ਦੀਪ ਦੀ ਅੰਤਿਮ ਅਰਦਾਸ ਸਮੇਂ ਫਤਿਹਗੜ੍ਹ ਸਾਹਿਬ ਵਿੱਚ ਆਈ ਖਲਕਤ ਵੱਖਰੀ ਤਰਾਂ ਦੀ ਸੀ।ਉਹ ਖਲਕਤ "ਜਨਤਾ ਜਾਂ ਲੋਕ"ਨਹੀਂ ਸੀ ਸਗੋਂ ਉਹ ਸਹੀ ਅਰਥਾਂ ਵਿੱਚ "ਸੰਗਤ" ਦਾ ਇਕੱਠ ਸੀ ਜਾਂ ਇੰਝ ਕਹਿ ਲਵੋ ਕਿ ਕੰਢਿਆਂ ਤੋਂ ਪਾਰ ਆਪ ਮੁਹਾਰਾ ਵਗਦਾ ਕੋਈ ਦਰਿਆ ਸੀ ਜਿਸ ਵਿੱਚ ਅਹਿਸਾਸ ਤੇ ਭਾਵਨਾਵਾਂ ਠਾਠਾਂ ਮਾਰ ਰਹੀਆਂ ਸਨ। ਦੀਪ ਤੋਂ ਪਹਿਲਾਂ ਵਾਲੀ ਪੰਜਾਬ ਦੀ ਕਿਸਾਨੀ ਅਤੇ ਦੀਪ ਤੋਂ ਪਿੱਛੋਂ ਵਾਲੀ ਪੰਜਾਬ ਦੀ ਕਿਸਾਨੀ ਵਿੱਚ ਵੱਡਾ ਫਰਕ ਪਾਉਣ ਵਾਲਾ ਜੇ ਕੋਈ ਬੰਦਾ ਸਾਨੂੰ ਮਿਲਿਆ ਤਾਂ ਉਹ ਦੀਪ ਸਿੱਧੂ ਹੀ ਸੀ।ਪਹਿਲਾਂ ਵਾਲੀ ਕਿਸਾਨੀ ਇਹ ਸੋਚਦੀ ਸੀ ਕਿ ਜੇਕਰ ਫਸਲਾਂ ਦੇ ਭਾਅ ਵਧ ਜਾਣ ਤਾਂ ਅਸੀਂ ਖੁਸ਼ਹਾਲ ਹੋ ਜਾਵਾਂਗੇ ਪਰ ਦੀਪ ਨੇ ਚੇਤੇ ਕਰਾਇਆ ਕਿ ਨਹੀਂ! ਨਹੀਂ!! ਫਸਲਾਂ ਦੀਆਂ ਕੀਮਤਾਂ ਨੂੰ ਆਪਣੀ ਹੋਂਦ ਨਾਲ ਜੋੜ ਕੇ ਅੱਗੇ ਵਧਿਆ ਜਾਵੇ ਤਾਂ ਹੀ ਪੰਜਾਬ ਦੁਨੀਆਂ ਦੇ ਦਿਲਾਂ ਉੱਤੇ ਰਾਜ ਕਰੇਗਾ।ਆਪਣੀ ਵੱਖਰੀ ਹੋਂਦ ਦੀ ਗੱਲ, ਆਪਣੇ ਨਿਆਰੇ ਵਜੂਦ ਦੀ ਗੱਲ,ਆਪਣੀ ਅਡਰੀ ਹਸਤੀ ਦੀ ਗੱਲ ਦੀਪ ਨੇ ਕੁਝ ਇਸ ਤਰ੍ਹਾਂ ਕੀਤੀ ਕਿ ਅਛੋਪਲੇ ਹੀ ਉਹ ਸਾਡੀ ਰੂਹ ਤੱਕ ਉਤਰ ਗਈ। ਇਤਿਹਾਸ ਨੇ ਦੀਪ ਨੂੰ ਅਜੇ ਇਸ ਰੰਗ ਵਿੱਚ ਪੂਰੀ ਤਰ੍ਹਾਂ ਨਹੀਂ ਦੇਖਿਆ। ਤੁਸੀਂ ਪਤਾ ਨਹੀਂ ਕਦੇ ਮਹਿਸੂਸ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ,ਪਰ ਪੰਜਾਬ ਦੀ ਹੁਣ ਵਾਲੀ ਕਿਸਾਨੀ ਦੀ ਚੇਤਨਾ ਦਾ ਪੱਧਰ ਜੇ ਉੱਚਾ ਨਜ਼ਰ ਆ ਰਿਹਾ ਹੈ ਤਾਂ ਉਸ ਜਰਖੇਜ-ਚੇਤਨਾ ਵਿੱਚ ਗੁਪਤ ਰੂਪ ਵਿੱਚ ਦੀਪ ਹੀ ਜਗਮਗ ਜਗਮਗ ਕਰ ਰਿਹਾ ਹੈ।ਉਸਦੇ ਜਾਣ ਪਿੱਛੋਂ ਫਰਾਂਸ ਤੇ ਹੋਰਨਾ ਮੁਲਕਾਂ ਵਿੱਚ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਵੀ ਦੀਪ- ਚੇਤਨਾ ਗੁਪਤ ਰੂਪ ਵਿੱਚ ਕੰਮ ਕਰ ਰਹੀ ਸੀ। ਦੀਪ ਦੀ ਸ਼ਖਸ਼ੀਅਤ ਦੇ ਦੋ ਸਰੂਪ ਸਨ ਜਾਂ ਦੋ ਰੰਗ ਸਨ-ਇਕ ਬਾਹਰਲਾ ਤੇ ਦੂਜਾ ਅੰਦਰਲਾ। ਉਸ ਦੀ ਜ਼ਿੰਦਗੀ ਵਿੱਚ ਇਹ ਦੋਵੇਂ ਰੂਪ ਪੂਰੀ ਤਰ੍ਹਾਂ ਜਲੌਅ ਵਿੱਚ ਆਏ। ਉਸ ਨੂੰ ਸੁਣ ਕੇ ਤੇ ਉਸਨੂੰ ਵੇਖ ਕੇ ਕਈ ਵਾਰ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਤੁਸੀਂ ਪੂਰੀ ਤਰ੍ਹਾਂ ਖਿੜੇ ਕਿਸੇ ਕਪਾਹ ਦੇ ਖੇਤ ਵਿੱਚੋਂ ਲੰਘ ਰਹੇ ਹੋਵੋ ਜਾਂ ਸਰੋਂ ਦੇ ਫੁੱਲਾਂ ਨਾਲ ਲੱਦੀ ਫਸਲ ਵਿੱਚ ਦੀਪ ਸਾਡੇ ਨਾਲ ਨਾਲ ਤੁਰ ਰਿਹਾ ਹੋਵੇ। ਉਸ ਕੋਲ ਸ਼ਬਦਾਂ ਦਾ ਭਰਪੂਰ ਖਜ਼ਾਨਾ ਸੀ ਅਤੇ ਉਹ ਉਨਾਂ ਸ਼ਬਦਾਂ ਨੂੰ ਇੰਝ ਪੇਸ਼ ਕਰਦਾ ਕਿ ਚਿਰਾਂ ਤੋਂ ਦੱਬੀ ਸਾਡੀ ਕੋਈ ਪੀੜ ਉਸਦੀ ਪੀੜ ਬਣ ਗਈ ਸੀ। ਉਸਨੇ ਦੁਨਿਆਵੀ ਕਾਨੂੰਨ ਦੀ ਉੱਚੀ ਪੜ੍ਹਾਈ ਕੀਤੀ ਹੋਈ ਸੀ ਪਰ ਉਹ ਕਾਨੂੰਨੀ ਦਲੀਲਾਂ ਨੂੰ ਉੱਚੀ ਪੱਧਰ ਦੀਆਂ ਜਜ਼ਬਾਤੀ ਦਲੀਲਾਂ ਵਿੱਚ ਪਲਟ ਕੇ ਆਮ ਤੋਂ ਖਾਸ ਬੰਦੇ ਤੱਕ ਵੀ ਆਪਣੀ ਗੱਲ ਪਹੁੰਚਾ ਦਿੰਦਾ ਸੀ ਅਤੇ ਇੱਕ ਵਾਰ ਤਾਂ ਤੁਹਾਨੂੰ ਸੋਚਣੇ ਵੀ ਲਾ ਦਿੰਦਾ ਸੀ। ਤੁਹਾਨੂੰ ਇਹ ਲੱਗਣ ਲੱਗ ਪੈਂਦਾ ਸੀ ਕਿ ਕੋਈ ਰੂਹ ਵਾਲਾ ਵਖਰਾ ਬੰਦਾ ਇਸ ਧਰਤੀ ਉੱਤੇ ਉਤਰਿਆ ਹੈ। ਦੀਪ ਰੱਜ ਕੇ ਸੋਹਣਾ ਸੀ ਪਰ ਉਸ ਤੋਂ ਵੀ ਜ਼ਿਆਦਾ ਉਸ ਦੀ ਅੰਦਰਲੀ ਖੂਬਸੂਰਤੀ ਬਾਹਰਲੀ-ਖੂਬਸੂਰਤੀ ਨਾਲ ਰਲ ਕੇ ਉਸ ਨੂੰ ਹੋਰ ਵੀ ਸੋਹਣਾ ਬਣਾ ਦਿੰਦੀ ਸੀ।ਉਹ ਉੱਚੇ ਲੰਮੇ ਕਦ ਵਾਲਾ ਸੀ,ਪਰ ਉਸਦੇ ਅੰਦਰਲੇ ਕੱਦ ਦੀ ਉਡਾਰੀ ਉਸ ਤੋਂ ਵੀ ਜ਼ਿਆਦਾ ਉੱਚੀ ਸੀ।ਉਹ ਖੁੱਲੇ ਦਿਲ ਵਾਲਾ ਸੀ। ਅਸਮਾਨ ਜਿੱਡਾ ਵਿਸ਼ਾਲ ਹਿਰਦਾ ਰੱਖਦਾ ਸੀ। ਖਾਲਸਾ-ਸੱਭਿਆਚਾਰ ਦੀ ਖੂਬਸੂਰਤੀ ਦੇ ਬਹੁਤ ਸਾਰੇ ਰੰਗ ਉਸ ਵਿੱਚ ਛਿਪੇ ਪਏ ਸਨ ਅਤੇ ਉਹ ਸਹਿਜੇ ਸਹਿਜੇ "ਉਸ ਦਿਸ਼ਾ ਵੱਲ" ਵੱਧ ਵੀ ਰਿਹਾ ਸੀ ਜਿਸ ਦੀ ਕੌਮ ਨੂੰ ਉਡੀਕ ਲੱਗੀ ਹੋਈ ਸੀ।ਆਖਰੀ ਮਹੀਨਿਆਂ ਵਿੱਚ ਉਸਦੀ ਤਰਜ਼ੇ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਵੇਖੀ ਗਈ। ਦੀਪ ਦੀ ਰਾਜਨੀਤਿਕ ਸੋਝੀ,ਦੀਪ ਦੀ ਰਾਜਨੀਤਿਕ ਸਮਝ, ਦੀਪ ਦੇ ਰਾਜਨੀਤਿਕ ਗਿਆਨ ਦੀਆਂ ਹੇਠਲੀਆਂ ਤਹਿਆਂ ਵਿੱਚ ਧਰਮ, ਕਲਚਰ,ਗੈਰਤ,ਅਣਖ,ਗਵਾਚਿਆ ਰਾਜ ਅਤੇ ਸਾਡੇ ਸ਼ਾਨਾ ਮੱਤੇ ਇਤਿਹਾਸ ਦੀਆਂ ਵਗ ਰਹੀਆਂ ਨਦੀਆਂ ਸਿਰਫ ਦੇਖ ਸਕਣ ਵਾਲੀ ਅੱਖ ਨੂੰ ਹੀ ਦਿਸ ਸਕਦੀਆਂ ਸਨ। ਪਰ "ਸ਼ੈਤਾਨੀ ਤਾਕਤਾਂ" ਨੂੰ ਇਹ ਸਭ ਕੁਝ ਦਿਸ ਗਿਆ ਸੀ,ਇਸ ਲਈ ਉਸ ਦਾ ਇਸ ਸੰਸਾਰ ਤੋਂ "ਜਾਣਾ" ਸ਼ੈਤਾਨੀ ਤਾਕਤਾਂ ਨੇ ਤਹਿ ਕਰ ਦਿੱਤਾ ਸੀ।ਆਪਾਂ ਇਹ ਗੱਲ ਕਿਉਂ ਨਹੀਂ ਸਮਝਦੇ?

Loading