ਦੁਨੀਆਂ ’ਤੇ ਔਖੀ ਘੜੀ ’ਚ ਹਮੇਸ਼ਾ ਮਸੀਹਾ ਬਣਦੀ ਹੈ ਸਿੱਖ ਕੌਮ

In ਮੁੱਖ ਲੇਖ
April 12, 2025
ਪੂਰੀ ਦੁਨੀਆਂ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਸੰਕਟ ਆਇਆ ਹੋਵੇ, ਸਿੱਖ ਹਮੇਸ਼ਾ ਅੱਗੇ ਹੋ ਕੇ ਮਦਦ ਲਈ ਪਹੁੰਚਦੇ ਹਨ। ਉਦਾਹਰਨ ਦੇ ਤੌਰ ’ਤੇ ਜਦ ਸੀਰੀਆ ਵਿੱਚ ਜੰਗ ਦੇ ਹਾਲਾਤ ਸਿਖਰ ’ਤੇ ਸਨ ਅਤੇ ਕਈ ਤਰ੍ਹਾਂ ਦੀਆਂ ਸਰਕਾਰੀ ਹਦਾਇਤਾਂ ਜਾਰੀ ਹੋਈਆਂ ਸਨ ਕਿ ਕੋਈ ਵੀ ਵਿਅਕਤੀ ਉੱਥੇ ਨਾ ਜਾਵੇ। ਪਰ ਸਿੱਖ ਵਰ੍ਹਦੀਆਂ ਗੋਲੀਆਂ ਅਤੇ ਬੰਬਾਂ ਵਿੱਚ ਵੀ ਲੋੜਵੰਦਾਂ ਲਈ ਰਾਸ਼ਨ ਅਤੇ ਹੋਰ ਜ਼ਰੂਰੀ ਸਮੱਗਰੀ ਲੈ ਕੇ ਉੱਥੇ ਪਹੁੰਚੇ ਸਨ। ਸਿੱਖਾਂ ਨੇ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਸਮੇਤ ਰਾਹਤ ਸਮੱਗਰੀ ਪ੍ਰਦਾਨ ਕੀਤੀ ਸੀ। ਅਜਿਹੀਆਂ ਸੇਵਾ-ਭਾਵਨਾ ਦੀਆਂ ਅਣਗਿਣਤ ਉਦਾਹਰਨਾਂ ਮਿਲਦੀਆਂ ਹਨ। ਇਸੇ ਸੇਵਾ ਭਾਵਨਾ ਕਰਕੇ ਸਿੱਖਾਂ ਦਾ ਪੂਰੀ ਦੁਨੀਆਂ ਵਿੱਚ ਸਤਿਕਾਰ ਵਧਿਆ ਹੈ। ਕੁਝ ਦਿਨ ਪਹਿਲਾਂ ਮਿਆਂਮਾਰ ਅਤੇ ਥਾਈਲੈਂਡ ਦੇ ਸਰਹੱਦੀ ਇਲਾਕਿਆਂ ਵਿੱਚ ਭੂਚਾਲ ਆਉਣ ਕਰਕੇ ਕਾਫੀ ਨੁਕਸਾਨ ਹੋਇਆ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਵਿੱਚ ਸੀ ਪਰ ਇਸ ਦਾ ਪ੍ਰਭਾਵ ਥਾਈਲੈਂਡ, ਚੀਨ, ਵੀਅਤਨਾਮ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਸਮੇਤ ਗੁਆਂਢੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਦੀ ਤੀਬਰਤਾ 7.7 ਦੱਸੀ ਗਈ ਹੈ ਜੋ ਕਿ ਕਾਫ਼ੀ ਜ਼ਿਆਦਾ ਹੈ। ਥਾਈਲੈਂਡ ਵਿੱਚ ਸਟੇਟ ਆਡਿਟ ਦਫ਼ਤਰ ਦੀ ਇਮਾਰਤ ਸਮੇਤ ਕਈ ਇਮਾਰਤਾਂ ਦੇ ਡਿੱਗਣ ਦੀਆਂ ਰਿਪੋਰਟਾਂ ਹਨ। ਇਸ ਔਖੇ ਸਮੇਂ ਜੋ ਸਿੱਖ ਥਾਈਲੈਂਡ ਵਿੱਚ ਰਹਿ ਰਹੇ ਹਨ, ਉਹ ਭਾਵੇਂ ਖੁਦ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਪਰ ਉਨ੍ਹਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤ ਅਨੁਸਾਰ ਲੋੜਵੰਦਾਂ ਦੀ ਮਦਦ ਕਰਨਾ ਨਹੀਂ ਵਿਸਾਰਿਆ। ਸੋਸ਼ਲ ਮੀਡੀਆ ’ਤੇ ਇੱਕ ਵੀਡਿਓ ਵੀ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਦੁਕਾਨਦਾਰ ਪਿਆਸਿਆਂ ਨੂੰ ਪਾਣੀ ਦੀਆਂ ਬੋਤਲਾਂ ਵੰਡ ਰਿਹਾ ਹੈ। ਇਸ ਕੁਦਰਤੀ ਆਫ਼ਤ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲੈ ਲਈ। ਇਸ ਮੁਸ਼ਕਿਲ ਸਮੇਂ ਵਿੱਚ ਥਾਈਲੈਂਡ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਭੂਚਾਲ ਦੇ ਤੁਰੰਤ ਬਾਅਦ, ਥਾਈ ਸਿੱਖਾਂ ਨੇ ਆਪਣੀਆਂ ਸੇਵਾਵਾਂ ਪੀੜਤਾਂ ਤੱਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਰਾਹਤ ਕੈਂਪ ਸਥਾਪਿਤ ਕੀਤੇ। ਸਿੱਖ ਵਾਲੰਟੀਅਰਾਂ ਨੇ ਦਿਨ-ਰਾਤ ਇੱਕ ਕਰਕੇ ਪੀੜਤਾਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਬੇਘਰ ਹੋਏ ਲੋਕਾਂ ਨੂੰ ਆਸਰਾ ਦਿੱਤਾ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਭਾਈਚਾਰੇ ਨੇ ਸਿਰਫ਼ ਭੋਜਨ ਅਤੇ ਦਵਾਈਆਂ ਹੀ ਨਹੀਂ ਵੰਡੀਆਂ ਸਗੋਂ ਉਨ੍ਹਾਂ ਨੇ ਮਾਨਸਿਕ ਸਹਾਇਤਾ ਵੀ ਪ੍ਰਦਾਨ ਕੀਤੀ। ਉਨ੍ਹਾਂ ਨੇ ਪੀੜਤਾਂ ਨੂੰ ਹੌਂਸਲਾ ਦਿੱਤਾ ਅਤੇ ਉਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਇਕੱਲੇ ਨਾ ਹੋਣ ਦਾ ਅਹਿਸਾਸ ਕਰਵਾਇਆ। ਸਿੱਖਾਂ ਦੀ ਇਹ ਸੇਵਾ ਭਾਵਨਾ ਸੱਚਮੁੱਚ ਸ਼ਲਾਘਾਯੋਗ ਹੈ। ਵੈਸੇ ਤਾਂ ਦੁਨੀਆ ਦਾ ਅਜਿਹਾ ਕੋਈ ਮੁਲਕ ਨਹੀਂ ਹੈ ਜਿੱਥੇ ਪੰਜਾਬੀ ਨਾ ਵਸਦੇ ਹੋਣ ਪਰ ਜੇ ਗੱਲ ਕੀਤੀ ਜਾਵੇ ਕਿ ਥਾਈਲੈਂਡ ਵਿੱਚ ਸਿੱਖ ਕਦ ਆਏ ਤਾਂ ਇਸ ਦੇਸ਼ ਵਿੱਚ ਸਿੱਖਾਂ ਦਾ ਇਤਿਹਾਸ ਸਦੀਆਂ ਪੁਰਾਣਾ ਹੈ, ਜੋ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੁੰਦਾ ਹੈ। ਉਸ ਸਮੇਂ ਬ੍ਰਿਟਿਸ਼ ਰਾਜ ਦੇ ਦੌਰਾਨ ਬਹੁਤ ਸਾਰੇ ਸਿੱਖ ਵਪਾਰ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਦੱਖਣ-ਪੂਰਬੀ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲੇ ਗਏ ਸਨ। ਥਾਈਲੈਂਡ ਜਿਸ ਨੂੰ ਉਸ ਸਮੇਂ ਸਿਆਮ ਵਜੋਂ ਜਾਣਿਆ ਜਾਂਦਾ ਸੀ, ਉਨ੍ਹਾਂ ਲਈ ਇੱਕ ਪ੍ਰਸਿੱਧ ਮੰਜ਼ਿਲ ਬਣ ਗਿਆ। ਸ਼ੁਰੂਆਤੀ ਆਗਮਨ ਤੇ ਸਥਾਪਨਾ ਥਾਈਲੈਂਡ ਵਿੱਚ ਸਿੱਖ ਭਾਈਚਾਰੇ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਅਮੀਰ ਹੈ। 1880 ਦੇ ਦਹਾਕੇ ਵਿੱਚ, ਭਾਰਤ ਤੋਂ ਥਾਈਲੈਂਡ ਪਹੁੰਚਣ ਵਾਲੇ ਪਹਿਲੇ ਵਿਅਕਤੀ ਸ੍ਰੀ ਕਿਰਪਾ ਰਾਮ ਮਦਾਨ ਸਨ। ਉਹ ਥਾਈਲੈਂਡ ਦੇ ਰਾਜਾ ਰਾਮ ਚੂਲਾਲਾਂਗਕੋਰਨ(ਪੰਜਵੇਂ) ਨੂੰ ਮਿਲੇ ਅਤੇ ਉਨ੍ਹਾਂ ਨੂੰ ਆਪਣੀ ਜਾਣ-ਪਛਾਣ ਕਰਵਾਈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਦਾਨ, ਨਰੂਲਾ ਅਤੇ ਚੌਧਰੀ ਸਨ ਜਿਨ੍ਹਾਂ ਨੇ ਥਾਈਲੈਂਡ ਵਿਚ ਪਹਿਲੇ ਭਾਰਤੀ ਡਾਇਸਪੋਰਾ ਦੀ ਨੀਂਹ ਰੱਖੀ। ਇਸ ਬਾਰੇ ਰਿਕਾਰਡ ਗੁਰਦੁਆਰਾ ਸਿੰਘ ਸਭਾ, ਬੈਂਕਾਕ ਵਿੱਚ ਉਪਲੱਬਧ ਹਨ। ਥਾਈਲੈਂਡ ਵਿੱਚ ਸਿੱਖ ਭਾਈਚਾਰੇ ਦੇ ਆਉਣ ਦੀ ਸ਼ੁਰੂਆਤ 1890 ਵਿੱਚ ਹੋਈ ਸੀ ਜਦੋਂ ਪਹਿਲਾ ਸਿੱਖ ਵਿਅਕਤੀ ਲੱਧ ਸਿੰਘ ਥਾਈਲੈਂਡ ਪਹੁੰਚਿਆ ਸੀ। ਇਸ ਤੋਂ ਬਾਅਦ 1900 ਦੇ ਸ਼ੁਰੂਆਤੀ ਸਾਲਾਂ ਵਿੱਚ ਸਿੱਖਾਂ ਦਾ ਥਾਈਲੈਂਡ ਵਿੱਚ ਆਉਣਾ ਵਧਣ ਲੱਗਾ। 1911 ਤੱਕ, ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਥਾਈਲੈਂਡ ਵਿਚ ਵਸਣ ਦਾ ਫ਼ੈਸਲਾ ਕੀਤਾ ਸੀ। ਇਸ ਸਮੇਂ ਬੈਂਕਾਕ ਵਿੱਚ ਕੋਈ ਗੁਰਦੁਆਰਾ ਨਹੀਂ ਸੀ। ਇਸ ਲਈ ਧਾਰਮਿਕ ਪੂਜਾ ਘਰਾਂ ਵਿੱਚ ਹਰ ਐਤਵਾਰ ਅਤੇ ਹੋਰ ਗੁਰਪੁਰਬ ਦੇ ਦਿਨ ਸਿੱਖ ਪਰਿਵਾਰਾਂ ਦੁਆਰਾ ਮਿਲ ਕੇ ਕੀਤੀ ਜਾਂਦੀ ਸੀ। 1912 ਵਿੱਚ ਸਿੱਖਾਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਇੱਕ ਗੁਰਦੁਆਰਾ ਸਥਾਪਤ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਲਈ ਬਾਨ ਮੋਹ, ਇੱਕ ਪ੍ਰਸਿੱਧ ਵਪਾਰਕ ਖੇਤਰ ਵਿੱਚ ਲੱਕੜ ਦੇ ਘਰ ਨੂੰ ਕਿਰਾਏ ’ਤੇ ਲਿਆ ਗਿਆ। ਇਸ ਤੋਂ ਬਾਅਦ, 1913 ਵਿੱਚ, ਬੈਂਕਾਕ ਵਿੱਚ ਸਿੱਖ ਭਾਈਚਾਰੇ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ, ਇੱਕ ਨਵਾਂ ਅਤੇ ਵੱਡਾ ਲੱਕੜ ਦਾ ਘਰ ਪਹਾ ਰਾਟ ਅਤੇ ਚੱਕਰਪੇਟ ਰੋਡ ਦੇ ਕੋਨੇ ’ਤੇ ਕਿਰਾਏ ’ਤੇ ਲਿਆ ਗਿਆ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਨਿਯਮਿਤ ਧਾਰਮਿਕ ਪ੍ਰਾਰਥਨਾਵਾਂ ਸ਼ੁਰੂ ਹੋਈਆਂ। ਸ਼ੁਰੂਆਤੀ ਸਿੱਖ ਪ੍ਰਵਾਸੀ ਮੁੱਖ ਤੌਰ ’ਤੇ ਪੰਜਾਬ ਤੋਂ ਆਏ ਸਨ। ਉਨ੍ਹਾਂ ਨੇ ਬੈਂਕਾਕ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਛੋਟੇ ਭਾਈਚਾਰੇ ਸਥਾਪਿਤ ਕੀਤੇ। ਉਨ੍ਹਾਂ ਨੇ ਛੇਤੀ ਹੀ ਵਪਾਰ ਵਿੱਚ ਆਪਣੀ ਮਿਹਨਤ ਅਤੇ ਸਿਰੜਤਾ ਲਈ ਨਾਮਣਾ ਖੱਟ ਲਿਆ। ਖਾਸ ਕਰਕੇ ਟੈਕਸਟਾਈਲ ਅਤੇ ਖੇਤੀਬਾੜੀ ਉਤਪਾਦਾਂ ਦੇ ਖੇਤਰ ਵਿੱਚ ਉਨ੍ਹਾਂ ਨੇ ਆਪਣੇ-ਆਪ ਨੂੰ ਮਕਬੂਲ ਕਰਵਾਇਆ। ਵਪਾਰ ਅਤੇ ਉਦਯੋਗ ਸਿੱਖ ਵਪਾਰੀਆਂ ਨੇ ਥਾਈਲੈਂਡ ਦੇ ਵਪਾਰ ਅਤੇ ਉਦਯੋਗ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਕੱਪੜੇ, ਖੇਤੀਬਾੜੀ ਉਤਪਾਦਾਂ ਅਤੇ ਹੋਰ ਵਸਤਾਂ ਦੇ ਵਪਾਰ ਵਿੱਚ ਮੁਹਾਰਤ ਹਾਸਲ ਕੀਤੀ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨੇ ਉਨ੍ਹਾਂ ਨੂੰ ਸਥਾਨਕ ਲੋਕਾਂ ਵਿੱਚ ਸਤਿਕਾਰ ਦਿਵਾਇਆ। ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਜਿਵੇਂ-ਜਿਵੇਂ ਸਿੱਖ ਭਾਈਚਾਰਾ ਵਧਦਾ ਗਿਆ, ਉਨ੍ਹਾਂ ਨੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ। ਬੈਂਕਾਕ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਭ ਤੋਂ ਮਹੱਤਵਪੂਰਨ ਹੈ ਜੋ ਸਿੱਖ ਭਾਈਚਾਰੇ ਦਾ ਧਾਰਮਿਕ ਅਤੇ ਸਮਾਜਿਕ ਕੇਂਦਰ ਬਣ ਗਿਆ ਹੈ। ਇਨ੍ਹਾਂ ਗੁਰਦੁਆਰਿਆਂ ਨੇ ਸਿੱਖ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹਿਲਾਂ ਗੁਰਦੁਆਰਿਆਂ ਵਿੱਚੋਂ ਇੱਕ ਹੈ ਜੋ 1911 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਹੋਰ ਵੀ ਕਈ ਗੁਰਦੁਆਰੇ ਥਾਈਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਹਨ ਜਿਵੇਂ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਫੂਕੇਟ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪਟਾਇਆ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਚਿਆਂਗ ਮਾਈ। ਇਹ ਗੁਰਦੁਆਰੇ ਨਾ ਸਿਰਫ਼ ਧਾਰਮਿਕ ਸਥਾਨ ਹਨ ਸਗੋਂ ਸਿੱਖ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਕੇਂਦਰ ਵੀ ਹਨ। ਥਾਈਲੈਂਡ ਵਿੱਚ ਸਿੱਖਾਂ ਨੇ ਸਥਾਨਕ ਸਮਾਜ ਵਿੱਚ ਸਫਲਤਾਪੂਰਵਕ ਏਕੀਕਰਣ ਕੀਤਾ ਹੈ ਜਦੋਂ ਕਿ ਉਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਅਤੇ ਸੱਭਿਆਚਾਰ ਨੂੰ ਵੀ ਬਰਕਰਾਰ ਰੱਖਿਆ ਹੈ। ਥਾਈ ਲੋਕਾਂ ਨੇ ਸਿੱਖਾਂ ਦੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ਭਾਈਚਾਰਕ ਭਾਵਨਾ ਦੀ ਸ਼ਲਾਘਾ ਕੀਤੀ ਹੈ। ਵਰਤਮਾਨ ’ਚ ਸਿੱਖ ਭਾਈਚਾਰਾ ਥਾਈਲੈਂਡ ਵਿੱਚ ਜ਼ਿਆਦਾਤਰ ਸਿੱਖ ਅਰੋੜਾ ਸਿੱਖ ਹਨ ਜਿਨ੍ਹਾਂ ਦੇ ਪਰਿਵਾਰ ਪਹਿਲਾਂ ਅਣਵੰਡੇ ਪੰਜਾਬ ਵਿੱਚ ਵਪਾਰ ਕਰਦੇ ਸਨ। ਇਸ ਦੂਰ-ਦੁਰਾਡੇ ਦੇਸ਼ ਵਿੱਚ ਵਪਾਰੀ ਬਣਨ ਲਈ ਉਨ੍ਹਾਂ ਕੋਲ ਲੋੜੀਂਦੇ ਹੁਨਰ ਸਨ। ਅੱਜ ਥਾਈਲੈਂਡ ਵਿੱਚ ਸਿੱਖ ਭਾਈਚਾਰਾ ਇਕ ਖੁਸ਼ਹਾਲ ਅਤੇ ਸਤਿਕਾਰਯੋਗ ਭਾਈਚਾਰਾ ਹੈ। ਉਨ੍ਹਾਂ ਨੇ ਥਾਈਲੈਂਡ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪਿਛਲੇ ਦਸਾਂ ਸਾਲਾਂ ਵਿੱਚ ਕਈ ਲੋਕਾਂ ਨੇ ਨਵੇਂ ਕਾਰੋਬਾਰ ਸ਼ੁਰੂ ਕੀਤੇ ਹਨ। ਇਨ੍ਹਾਂ ਨਵੇਂ ਉੱਦਮਾਂ ਵਿੱਚ ਲੇਸ ਵਰਕ, ਕੱਪੜਾ, ਬੱਚਿਆਂ ਦੇ ਉਤਪਾਦ, ਛਪਾਈ ਅਤੇ ਰੰਗਾਈ, ਦਸਤਾਨੇ, ਜੁੱਤੇ, ਉਸਾਰੀ ਉਪਕਰਣ ਆਦਿ ਦੇ ਕਾਰਖਾਨੇ ਸ਼ਾਮਲ ਹਨ। ਹੋਰ ਲੋਕਾਂ ਨੇ ਸ਼ਹਿਰੀ ਜਾਇਦਾਦ ਬਾਜ਼ਾਰ ਵਿੱਚ ਕਦਮ ਰੱਖਿਆ ਹੈ। ਫਲੈਟ ਅਤੇ ਅਪਾਰਟਮੈਂਟਾਂ ਦਾ ਨਿਰਮਾਣ ਕੀਤਾ ਹੈ। ਕੁਝ ਲੋਕਾਂ ਨੇ ਹੁਣ ਚੰਗੀ ਤਰ੍ਹਾਂ ਵਿਕਸਤ, ਸੈਲਾਨੀ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੀਆਂ ਸ਼੍ਰੇਣੀਆਂ ਦੇ ਗੈਸਟ-ਹਾਊਸ ਜਾਂ ਹੋਟਲ ਸ਼ੁਰੂ ਕੀਤੇ ਹਨ। ਪਟਾਇਆ ਅਤੇ ਫੂਕੇਟ ਵਰਗੇ ਰਿਜ਼ੋਰਟ ਸ਼ਹਿਰਾਂ ਵਿੱਚ ਸਿੱਖਾਂ ਦੁਆਰਾ ਚਲਾਈਆਂ ਜਾਂਦੀਆਂ ਕਈ ਦਰਜ਼ੀ ਦੀਆਂ ਦੁਕਾਨਾਂ ਹਨ ਜਿਵੇਂ ਕਿ ਬੈਂਕਾਕ ਵਿੱਚ ਵੀ, ਖਾਸ ਕਰਕੇ ਸੁਖੁਮਵਿਤ, ਸਿਲੋਮ ਅਤੇ ਬੰਗਲਾਮਫੂ ਦੇ ਇਲਾਕਿਆਂ ਵਿੱਚ। ਕੁੱਲ ਮਿਲਾ ਕੇ ਸਿੱਖ ਥਾਈਲੈਂਡ ਵਿੱਚ ਲਗਪਗ 500 ਦਰਜ਼ੀ ਦੀਆਂ ਦੁਕਾਨਾਂ ਚਲਾਉਂਦੇ ਹਨ। ਵਪਾਰ ਅਤੇ ਕਾਰੋਬਾਰ ਸਿੱਖ ਅਜੇ ਵੀ ਥਾਈਲੈਂਡ ਦੇ ਵਪਾਰ ਅਤੇ ਕਾਰੋਬਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਫਲ ਕਾਰੋਬਾਰ ਸਥਾਪਿਤ ਕੀਤੇ ਹਨ ਜਿਸ ਵਿੱਚ ਟੈਕਸਟਾਈਲ, ਰੀਅਲ ਅਸਟੇਟ ਅਤੇ ਰੈਸਟੋਰੈਂਟ ਸ਼ਾਮਲ ਹਨ। ਸਿੱਖਿਆ ਤੇ ਪੇਸ਼ੇਵਰ ਸਿੱਖਾਂ ਨੇ ਸਿੱਖਿਆ ਅਤੇ ਪੇਸ਼ੇਵਰ ਖੇਤਰਾਂ ਵਿੱਚ ਵੀ ਮਹੱਤਵਪੂਰਨ ਤਰੱਕੀ ਕੀਤੀ ਹੈ। ਬਹੁਤ ਸਾਰੇ ਸਿੱਖ ਡਾਕਟਰ, ਇੰਜੀਨੀਅਰ, ਵਕੀਲ ਅਤੇ ਹੋਰ ਪੇਸ਼ੇਵਰ ਹਨ। ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਸਿੱਖ ਭਾਈਚਾਰਾ ਆਪਣੇ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਗੁਰਦੁਆਰੇ ਭਾਈਚਾਰੇ ਲਈ ਮਹੱਤਵਪੂਰਨ ਕੇਂਦਰ ਬਣੇ ਹੋਏ ਹਨ ਅਤੇ ਸਿੱਖ ਵੱਖ-ਵੱਖ ਸਮਾਜਿਕ ਅਤੇ ਚੈਰੀਟੇਬਲ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਥਾਈਲੈਂਡ ’ਚ ਸਿੱਖ ਆਬਾਦੀ ਥਾਈਲੈਂਡ ’ਚ ਅੰਦਾਜ਼ਨ 70,000 ਸਿੱਖ ਰਹਿੰਦੇ ਹਨ। ਸਿੱਖ ਧਰਮ ਨੂੰ ਦੇਸ਼ ਵਿੱਚ ਘੱਟ ਗਿਣਤੀ ਧਰਮ ਵਜੋਂ ਮਾਨਤਾ ਪ੍ਰਾਪਤ ਹੈ। ਸਿੱਖ ਭਾਈਚਾਰਾ ਮੁੱਖ ਤੌਰ ’ਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹੈ ਜਿਸ ਵਿੱਚ ਬੈਂਕਾਕ, ਚਿਆਂਗ ਮਾਈ, ਨਾਖੋਨ ਰਾਚਸੀਮਾ, ਪਟਾਇਆ, ਫੂਕੇਟ, ਉਬੋਨ ਰਾਚਥਾਨੀ ਆਦਿ ਸ਼ਾਮਲ ਹਨ। ਇਸ ਵਾਰ ਥਾਈਲੈਂਡ ਦੀ ਧਰਤੀ ’ਤੇ ਵੀ ਲੋਹੜੀ ਦਾ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਵੀ ਆਪਣੇ ਰਿਵਾਇਤਾਂ ਨੂੰ ਜਿਊਂਦਾ ਰੱਖਿਆ ਅਤੇ ਇਸ ਸ਼ਾਨਦਾਰ ਸਮਾਗਮ ਵਿੱਚ ਭਾਗ ਲਿਆ। ਰੰਗ-ਬਿਰੰਗੀਆਂ ਰੌਸ਼ਨੀਆਂ, ਢੋਲ ਦੀ ਥਾਪ ਅਤੇ ਲੋਹੜੀ ਦੇ ਗੀਤਾਂ ਨੇ ਸਭ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ। ਥਾਈਲੈਂਡ ਵਿੱਚ ਵਸਦੇ ਪੰਜਾਬੀਆਂ ਨੇ ਇਸ ਮੌਕੇ ‘ਤੇ ਇਕੱਠੇ ਹੋ ਕੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਯਾਦ ਕੀਤਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜਿਆ। ਇਸ ਤਿਉਹਾਰ ਨੇ ਦੱਸਿਆ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਮਿੱਟੀ ਦੀ ਖੁਸ਼ਬੂ ਨੂੰ ਨਾਲ ਲੈ ਕੇ ਜਾਂਦੇ ਹਨ। : ਰੁਪਿੰਦਰ ਕੌਰ

Loading