ਦੁਨੀਆ ਭਰ ਵਿੱਚ ਫ਼ੈਲਿਆ ਸੀ ਫ਼ਿਰਦੌਸ ਦੀ ਅਦਾਕਾਰੀ ਦਾ ਜਾਦੂ

ਫ਼ਿਰਦੌਸ ਬੇਗਮ ਲਹਿੰਦੇ ਪੰਜਾਬ ਦੀ ਫ਼ਿਲਮੀ ਅਦਾਕਾਰਾ ਸੀ। ਉਸਦਾ ਜਨਮ 4 ਅਗਸਤ, 1947 ਨੂੰ ਲਾਹੌਰ ਵਿੱਚ ਹੋਇਆ। ਫ਼ਿਰਦੌਸ ਬੇਗਮ ਦਾ ਪਹਿਲਾ ਨਾਮ ਪਰਵੀਨ ਬੇਗਮ ਸੀ। ਪਾਕਿਸਤਨ ਵਿੱਚ 1970 ਵਿੱਚ ਬਣੀ ਪੰਜਾਬੀ ਫ਼ਿਲਮ ‘ਹੀਰ ਰਾਂਝਾ’ ਵਿੱਚ ਫ਼ਿਰਦੌਸ ਦੀ ਅਦਾਕਾਰੀ ਦਾ ਲੋਹਾ ਸਾਂਝੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਦੁਨੀਆ ਭਰ ਵਿੱਚ ਫ਼ੈਲਿਆ। ਫ਼ਿਲਮ ‘ਮਲੰਗੀ’ (1965) ਵਿੱਚ ਉਸ ਨੇ ਲੀਡ ਰੋਲ ਕੀਤਾ। ਫ਼ਿਰਦੌਸ ਨੇ 197 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ, ਜਿਨ੍ਹਾਂ ਵਿੱਚ 130 ਪੰਜਾਬੀ ਫ਼ਿਲਮਾਂ ਹਨ ਜੋ ਸਮੇਂ-ਸਮੇਂ ’ਤੇ ਰਿਲੀਜ਼ ਹੋਈਆਂ। ਫ਼ਿਰਦੌਸ ਦੀ ਅਦਾਕਾਰੀ ਨੂੰ ਵੇਖਣ ਲਈ ਸਿਨੇਮਾ ਘਰਾਂ ਵਿੱਚ ਲੋਕ ਉੱਛਲ-ਉੱਛਲ ਪੈਂਦੇ। ਫ਼ਿਰਦੌਸ ਦੀਆਂ ਅਦਾਕਾਰੀ ਵਾਲੀਆਂ ਫ਼ਿਲਮਾਂ ਸਦੀਵੀ ਛਾਪ ਛੱਡ ਗਈਆਂ।
ਫ਼ਿਰਦੌਸ ਬੇਗਮ ਨੇ ਪੰਜਾਬੀ ਤੋਂ ਇਲਾਵਾ 20 ਉਰਦੂ ਫ਼ਿਲਮਾਂ ਅਤੇ ਤਿੰਨ ਪਸ਼ਤੋਂ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਅਦਾਕਾਰਾ ਫ਼ਿਰਦੌਸ ਨੇ ‘ਮਲੰਗੀ’ ਫ਼ਿਲਮ ਦੇ ਐਕਟਰ ਅਕਮਲ ਖ਼ਾਨ ਨਾਲ ਵਿਆਹ ਕਰਵਾਇਆ ਪਰ ਅਕਮਲ ਦਾ ਦਿਹਾਂਤ 1967 ’ਚ ਹੋ ਗਿਆ। ਬਾਅਦ ਵਿੱਚ 1970 ਦੀ ਬਣੀ ਫ਼ਿਲਮ ‘ਹੀਰ ਰਾਂਝਾ’ ਦੇ ਐਕਟਰ ਈਜ਼ਾਜ਼ ਦੁਰਾਨੀ ਨਾਲ ਦੂਸਰਾ ਵਿਆਹ ਕਰਵਾਇਆ। ਉਸ ਸਮੇਂ ਉਸ ਦਾ ਹੁਸਨ ਸਿਖ਼ਰ ’ਤੇ ਸੀ। ਉਸ ਦੇ ਘਰ ਦੋ ਪੁੱਤਰ ਅਤੇ ਇੱਕ ਧੀ ਹੋਏ। ਫ਼ਿਲਮਾਂ ਵਿੱਚ ਵਧੀਆ ਅਦਾਕਾਰੀ ਲਈ ਉਸ ਨੂੰ 1969,1970, 1971 ਅਤੇ 1973 ’ਚ ਚਾਰ ਫ਼ਿਲਮੀ ਐਵਾਰਡ ਮਿਲੇ। 16 ਦਸੰਬਰ 2020 ਨੂੰ ਫ਼ਿਰਦੌਸ 73 ਸਾਲ ਦੀ ਉਮਰ ਵਿੱਚ ਬਰੇਨ ਹੈਮਰੇਜ਼ ਨਾਲ ਲਾਹੌਰ ਵਿੱਚ ਜ਼ਿੰਦਗੀ ਦੀ ਬਾਜ਼ੀ ਹਾਰ ਗਈ।
ਫ਼ਿਰਦੌਸ ਬੇਗਮ ਨੇ ਹੋਰ ਵੀ ਪੰਜਾਬੀ ਫ਼ਿਲਮਾਂ ਵਿੱਚ ਯਾਦਗਾਰੀ ਰੋਲ ਕੀਤੇ। ਮਲਕਾ-ਏ-ਤਰੁੰਨਮ ਨੂਰ ਜਹਾਂ ਦੀ ਮਿੱਠੀ ਆਵਾਜ਼ ਵਿੱਚ ਗਾਏ ਫ਼ਿਲਮੀ ਗੀਤਾਂ ਨਾਲ ਫ਼ਿਰਦੌਸ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਨ੍ਹਾਂ ਵਿਚੋਂ ਕਈ ਯਾਦਗਾਰੀ ਗੀਤ ਸਦਾ ਬਹਾਰ ਹਨ। ਫ਼ਿਲਮ ‘ਹੀਰ ਰਾਂਝਾ’ ਵਿੱਚ ਗੀਤ ‘ਸੁਣ ਵੰਝਲੀ ਦੀ ਮਿੱਠੜੀ ਤਾਣ ਵੇ ਮੈਂ ਹੋ ਹੋ ਗਈ ਕੁਰਬਾਨ, ਵੰਝਲੀ ਵਾਲੜਿਆ ਤੂੰ ਤਾਂ ਮੋਹ ਲਈ ਉਹ ਮੁਟਿਆਰ ਕਦੇ ਨ੍ਹੀਂ ਮੰਨੀ ਜਿੰਨੇ ਹਾਰ। ਤੈਨੂੰ ਘਰ ਬੈਠੀ ਨੂੰ ਪਿਆਰ ਵੇ ਵੰਝਲੀ ਵਾਲੜਿਆ’ (ਆਵਾਜ਼ ਮੁਨੀਰ ਹੁਸੈਨ ਅਤੇ ਨੂਰ ਜਹਾਂ),‘ਸਾਨੂੰ ਨਹਿਰ ਵਾਲੇ ਪੁਲ ’ਤੇ ਬੁਲਾ ਕੇ ਖੌਰੇ ਮਾਹੀ ਕਿਥੇ ਰਹਿ ਗਿਆ’ (ਫ਼ਿਲਮ ‘ਦੁੱਖ ਸੱਜਣਾਂ ਦੇ’) ਫ਼ਿਲਮ ‘ਦੁੱਲਾ ਹੈਦਰੀ’ ’ਚ ‘ਬਾਜ਼ੀ ਜਿੱਤ ਲਈ’,ਗੀਤ ਬਖ਼ਸ਼ੀ ਵਜ਼ੀਰ ਦੀ ਮੌਸਿਕੀ ’ਚ ਨੂਰ ਜਹਾਂ ਦੀ ਆਵਾਜ਼ ਵਿੱਚ ਪਿਆਰਾ ਗੀਤ ‘ਮੇਰੇ ਸੱਜਰੇ ਫ਼ੁੱਲਾਂ ਦੇ ਗਜਰੇ ਕੰਡਿਆਂ ਦੇ ਵੱਸ ਪੈ ਗਏ’ (ਫ਼ਿਲਮ ‘ਪੰਜ ਦਰਿਆ’)-ਫ਼ਿਲਮ ‘ਸ਼ੇਰਾਂ ਦੀ ਜੋੜੀ’ ਦਾ ਗੀਤ ਜੀਏ ਚਿਸ਼ਤੀ ਦੀ ਮੌਸਿਕੀ (ਤਰਜ਼) ‘ਤੇਰੇ ਹੱਥ ਕੀ ਬੇਦਰਦੇ ਆਇਆ ਨੀ ਫ਼ੁੱਲਾਂ ਜਿਹਾ ਦਿਲ ਤੋੜ ਕੇ’ ਵਿੱਚ ਫ਼ਿਰਦੋਸ਼ ਦੀ ਅਦਾਕਾਰੀ ਵੇਖਣ ਵਾਲੀ ਹੈ। ਲਹਿੰਦੇ ਪੰਜਾਬ ਦੀਆ ਪੰਜਾਬੀ ਫ਼ਿਲਮਾਂ ‘ਮਿਰਜ਼ਾ ਜੱਟ’, ‘ਜੈਂਟਲਮੈਂਨ’, ‘ਮਲੰਗੀ’ 1964) ਦਾ ਗੀਤ ‘ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ’ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। ਉਦਾਸੀ ਵਾਲੇ ਗੀਤਾਂ ਵਿੱਚ ਫ਼ਿਰਦੌਸ ਨੇ ਰੂਹ ਨਾਲ ਕੰਮ ਕੀਤਾ। ਫ਼ਿਲਮ ‘ਇਸ਼ਕ ਨਾ ਪੁੱਛੇ ਜਾਤ’ ਦਾ ਗੀਤ ‘ਵੱਗਦੀ ਨਦੀ ਦਾ ਪਾਣੀ ਮੁੜ ਕੇ ਨਹੀਂ ਆਉਾਂਦਾਜਾ ਕੇ ਜਿਵੇਂ ਜਵਾਨੀ’ ਵਿੱਚ ਫ਼ਿਰਦੌਸ ਦਾ ਕਿਸ਼ਤੀ ਚਲਾਉਣ ਦੀ ਅਦਾਕਾਰੀ ਦਾ ਕੁਦਰਤੀ ਰੰਗ ਹੈ।
ਫ਼ਿਲਮ ‘ਪਗੜੀ ਸੰਭਾਲ ਜੱਟਾ’ ਨਿੱਕੇ ਹੁੰਦਿਆਂ ਦਾ ਪਿਆਰ, ਇੱਕ ਸੋਨਾ ਇੱਕ ਮਿੱਟੀ ਮੁਰਾਦ ਬਲੋਚ (ਗੀਤ ‘ਮੁਟਿਆਰੋ ਨੀ ਮੇਰੇ ਹਾਣ ਦੀਓ’) ਫ਼ਿਲਮ ‘ਨਾਜੋ’ ਦਾ ਗੀਤ-‘ਸੋਹਣਾ ਮੇਰਾ ਢੋਲਾ ਹੋ ਡਾਹਡਾ ਬੇਈਮਾਨ ਏ’ ਦਾ ਸੁਹਜ ਕਮਾਲ ਦਾ ਹੈ। ਇਸ ਗੀਤ ਦੇ ਸ਼ਾਇਰ ਅਹਿਮਦ ਰਾਹੀ ਹਨ। ਫ਼ਿਲਮ ‘ਦੁਨੀਆ ਪੈਸੇ ਦੀ’ ਦਾ ਸਦਾ ਬਹਾਰ ਗੀਤ ‘ਚੱਲ ਚਲੀਏ ਦੁਨੀਆ ਦੀ ਉਸ ਨੁੱਕਰੇ ਜਿਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ’ (ਨੂਰ ਜਹਾਂ ਤੇ ਮਹਿੰਦੀ ਹਸਨ) ’ਚ ਫ਼ਿਰਦੌਸ ਨੇ ਰੀਝਾਂ ਨਾਲ ਅਦਾਕਾਰੀ ਕੀਤੀ, ਵੇਖ ਮਨ ਖਿੜ ਜਾਂਦਾ। ਲਹਿੰਦੇ ਪੰਜਾਬ ਦੀ ਹੁਸੀਨ ਅਦਾਕਾਰਾ ਫ਼ਿਰਦੌਸ ਦੀ ਅਦਾਕਾਰੀ ਪਾਕਿ ਫ਼ਿਲਮ ਜਗਤ ਦੀ ਇਤਿਹਾਸਕ ਯਾਦ ਹੈ ਜੋ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਬਣ ਗਈ ਹੈ। ਉਨ੍ਹਾਂ ਵੱਲੋਂ ਪੰਜਾਬੀ ਫ਼ਿਲਮਾਂ ਵਿੱਚ ਅਜਿਹੀਆਂ ਭÇੂਮਕਾਵਾਂ ਨਿਭਾਈਆਂ ਜਿਨ੍ਹਾਂ ਨੇ ਪੰਜਾਬੀ ਮਨਾਂ ਉਤੇ ਸਦੀਵੀ ਛਾਪ ਛੱਡ ਦਿੱਤੀ। ੍ਹ

-ਗੁਰਮੀਤ ਸਿੰਘ ਫ਼ਾਜ਼ਿਲਕਾ

Loading