ਦੁਨੀਆ ਮਿਡਲ ਈਸਟ ਵਿੱਚ ਉਲਝੀ, ਚੀਨ ਨੇ ਵਿਛਾਇਆ ਸ਼ਤਰੰਜੀ ਜਾਲ!

In ਮੁੱਖ ਖ਼ਬਰਾਂ
April 13, 2026

ਜਦੋਂ ਪੂਰੀ ਦੁਨੀਆ ਦਾ ਧਿਆਨ ਮਿਡਲ ਈਸਟ (ਮੱਧ ਪੂਰਬ) ਦੇ ਤਣਾਅ ਅਤੇ ਊਰਜਾ ਸੰਕਟ ਵੱਲ ਹੈ, ਉਦੋਂ ਚੀਨ ਅਤੇ ਤਾਇਵਾਨ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਤਾਇਵਾਨ ਦੀ ਵਿਰੋਧੀ ਧਿਰ ਦੀ ਨੇਤਾ ਚੇਂਗ ਲੀ-ਵੁਨ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵੇਲੇ ਤਾਇਵਾਨ ਦੋ ਹਿੱਸਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ। ਸੱਤਾਧਾਰੀ ਪਾਰਟੀ ਸੁਰੱਖਿਆ ਲਈ ਪੂਰੀ ਤਰ੍ਹਾਂ ਅਮਰੀਕਾ ’ਤੇ ਭਰੋਸਾ ਕਰ ਰਹੀ ਹੈ। ਵਿਰੋਧੀ ਧਿਰ ਨੂੰ ਡਰ ਹੈ ਕਿ ਅਮਰੀਕਾ ਖੁਦ ਕਈ ਜੰਗਾਂ ਵਿੱਚ ਉਲਝਿਆ ਹੋਇਆ ਹੈ, ਅਜਿਹੇ ਵਿੱਚ ਤਾਇਵਾਨ ਇਕੱਲਾ ਪੈ ਸਕਦਾ ਹੈ। ਇਸੇ ਲਈ ਵਿਰੋਧੀ ਨੇਤਾ ਸ਼ਾਂਤੀ ਅਤੇ ਸੰਵਾਦ ਦੇ ਬਹਾਨੇ ਬੀਜਿੰਗ ਪਹੁੰਚੇ ਹਨ। ਤਾਇਵਾਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਲੰਬੇ ਸਮੇਂ ਤੱਕ ਇਜ਼ਰਾਇਲ-ਇਰਾਨ ਸੰਘਰਸ਼ ਵਿੱਚ ਫਸਿਆ ਰਿਹਾ, ਤਾਂ ਚੀਨ ਇਸ ਮੌਕੇ ਦਾ ਫਾਇਦਾ ਚੁੱਕ ਕੇ ਤਾਇਵਾਨ ’ਤੇ ਦਬਾਅ ਵਧਾਏਗਾ। ਸਭ ਤੋਂ ਵੱਡੀ ਚਿੰਤਾ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਹੈ। ਤਾਇਵਾਨ ਨੇ ਅਮਰੀਕਾ ਨੂੰ ਅਰਬਾਂ ਡਾਲਰ ਦਿੱਤੇ ਹੋਏ ਹਨ, ਪਰ ਹਥਿਆਰਾਂ ਦੀ ਡਿਲਿਵਰੀ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ।
ਸ਼ੀ ਜਿਨਪਿੰਗ ਨੇ ਸਾਫ਼ ਕਰ ਦਿੱਤਾ ਹੈ ਕਿ ਤਾਇਵਾਨ ਦਾ ਚੀਨ ਨਾਲ ਮਿਲਣਾ ਇਤਿਹਾਸਿਕ ਤੌਰ ’ਤੇ ਤੈਅ ਹੈ। ਚੀਨ ਹੁਣ ਸਿੱਧੇ ਹਮਲੇ ਦੀ ਬਜਾਏ ‘ਗ੍ਰੇ ਜ਼ੋਨ ਵਾਰਫੇਅਰ’ ਰਾਹੀਂ ਤਾਇਵਾਨ ਨੂੰ ਥਕਾ ਰਿਹਾ ਹੈ। ਰੋਜ਼ਾਨਾ ਫਾਈਟਰ ਜੈੱਟਾਂ ਦੀ ਘੁਸਪੈਠ ਨਾਲ ਮਾਨਸਿਕ ਦਬਾਅ ਬਣਾ ਰਿਹਾ ਹੈ। ਤਾਇਵਾਨ ਦੀ ਵਿਰੋਧੀ ਧਿਰ ਨੂੰ ਅਹਿਮੀਅਤ ਦੇ ਕੇ ਉੱਥੋਂ ਦੀ ਜਨਤਾ ਨੂੰ ਵੰਡ ਰਿਹਾ ਹੈ ਤਾਂ ਜੋ ਸੱਤਾਧਾਰੀ ਦਾ ਤਖ਼ਤਾ ਪਲਟਾਇਆ ਜਾ ਸਕੇ। ਚੀਨ ਵੱਲੋਂ ਤਾਇਵਾਨ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਕਿ ‘ਜੇ ਤੁਸੀਂ ਵਿਰੋਧੀ ਧਿਰ ਨੂੰ ਚੁਣਦੇ ਹੋ, ਤਾਂ ਜੰਗ ਨਹੀਂ ਹੋਵੇਗੀ, ਵਪਾਰ ਤੇ ਵਿਕਾਸ ਹੋਵੇਗਾ।’
ਕਈ ਜਾਣਕਾਰ ਇਸ ਨੂੰ ਚੀਨ ਦੀ ‘ਸਾਫਟ ਪਾਵਰ’ ਚਾਲ ਮੰਨ ਰਹੇ ਹਨ। ਚੀਨ ਤਾਇਵਾਨ ਦੀ ਸੱਤਾਧਾਰੀ ਪਾਰਟੀ ਨੂੰ ‘ਅਲਗਵਾਦੀ’ ਕਹਿ ਕੇ ਅਲੱਗ-ਥਲੱਗ ਕਰ ਰਿਹਾ ਹੈ। ਚੀਨ ਦੀ ਕੋਸ਼ਿਸ਼ ਹੈ ਕਿ ਅਗਲੀਆਂ ਚੋਣਾਂ ਵਿੱਚ ਤਾਇਵਾਨ ਵਿੱਚ ਅਜਿਹੀ ਸਰਕਾਰ ਆਵੇ ਜੋ ਬੀਜਿੰਗ ਦੇ ਇਸ਼ਾਰਿਆਂ ’ਤੇ ਚੱਲੇ।
ਸਿਆਸੀ ਮਾਹਿਰ ਆਖਦੇ ਹਨ ਕਿ ਤਾਇਵਾਨ ਦੇ ਆਮ ਲੋਕ ਇਸ ਖਿੱਚੋਤਾਣ ਵਿੱਚ ਪਿਸ ਰਹੇ ਹਨ। ਜਿੱਥੇ ਨੌਜਵਾਨਾਂ ਨੂੰ ਆਪਣੀ ਆਜ਼ਾਦੀ ਖੋਹੇ ਜਾਣ ਦਾ ਡਰ ਹੈ, ਉੱਥੇ ਹੀ ਬਜ਼ੁਰਗ ਜੰਗ ਦੀ ਤਬਾਹੀ ਤੋਂ ਖੌਫ਼ਜ਼ਦਾ ਹਨ। ਰਿਪੋਰਟਾਂ ਮੁਤਾਬਕ ਜ਼ਿਆਦਾਤਰ ਲੋਕ ‘ਸਟੇਟਸ ਕੋ’ (ਮੌਜੂਦਾ ਸਥਿਤੀ) ਬਣਾਈ ਰੱਖਣਾ ਚਾਹੁੰਦੇ ਹਨ—ਉਹ ਨਾ ਤਾਂ ਚੀਨ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਜੰਗ ਚਾਹੁੰਦੇ ਹਨ। ਸਿਆਸੀ ਮਾਹਿਰ ਇਹ ਵੀ ਆਖਦੇ ਹਨ ਕਿ ਅਮਰੀਕਾ ਦਾ ‘ਤਾਇਵਾਨ ਰਿਲੇਸ਼ਨਜ਼ ਐਕਟ’ ਉਸ ਨੂੰ ਤਾਇਵਾਨ ਦੀ ਰੱਖਿਆ ਲਈ ਹਥਿਆਰ ਦੇਣ ਲਈ ਪਾਬੰਦ ਕਰਦਾ ਹੈ। ਜੇਕਰ ਚੀਨ ਹਮਲਾ ਕਰਦਾ ਹੈ, ਤਾਂ ਅਮਰੀਕੀ ਰਾਸ਼ਟਰਪਤੀ ’ਤੇ ਫ਼ੌਜੀ ਦਖਲ ਦੇਣ ਦਾ ਭਾਰੀ ਦਬਾਅ ਹੋਵੇਗਾ। ਜੇਕਰ ਅਮਰੀਕਾ ਪਿੱਛੇ ਹਟਦਾ ਹੈ, ਤਾਂ ਦੁਨੀਆ ਭਰ ਵਿੱਚ ਉਸ ਦੀ ਸੁਪਰਪਾਵਰ ਵਾਲੀ ਸਾਖ ਖਤਮ ਹੋ ਜਾਵੇਗੀ।
ਦੁਨੀਆ ਦੀਆਂ 90% ਤੋਂ ਵੱਧ ਐਡਵਾਂਸਡ ਚਿੱਪਾਂ ਤਾਇਵਾਨ ਵਿੱਚ ਬਣਦੀਆਂ ਹਨ। ਜੇਕਰ ਚੀਨ ਦਾ ਤਾਇਵਾਨ ’ਤੇ ਕਬਜ਼ਾ ਹੁੰਦਾ ਹੈ, ਤਾਂ ਉਹ ਪੂਰੀ ਦੁਨੀਆ ਦੀ ਤਕਨਾਲੋਜੀ ਅਤੇ ਆਰਥਿਕਤਾ ਦੀ ‘ਲਗਾਮ’ ਆਪਣੇ ਹੱਥ ਵਿੱਚ ਲੈ ਲਵੇਗਾ। ਅਮਰੀਕਾ ਇਸ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਚੀਨ ਲਈ ਤਾਇਵਾਨ ਉਸ ਦਾ ‘ਅਟੁੱਟ ਅੰਗ’ ਹੈ। ਸ਼ੀ ਜਿਨਪਿੰਗ ਨੇ ਕਈ ਵਾਰ ਕਿਹਾ ਹੈ ਕਿ ਉਹ ਤਾਇਵਾਨ ਨੂੰ ਮਿਲਾਉਣ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਨਗੇ। ਜੇਕਰ ਤਾਇਵਾਨ ਦੀ ਸੱਤਾਧਾਰੀ ਪਾਰਟੀ ਅਮਰੀਕਾ ਦੇ ਹੱਥਾਂ ਵਿੱਚ ਖੇਡ ਕੇ ਅਧਿਕਾਰਤ ਤੌਰ ’ਤੇ ‘ਆਜ਼ਾਦੀ’ ਦਾ ਐਲਾਨ ਕਰਦੀ ਹੈ, ਤਾਂ ਚੀਨ ਤੁਰੰਤ ਹਮਲਾ ਕਰ ਸਕਦਾ ਹੈ। ਚੀਨ ਇਹ ਦੇਖ ਰਿਹਾ ਹੈ ਕਿ ਅਮਰੀਕਾ ਦੀ ਫ਼ੌਜੀ ਤਾਕਤ ਇਸ ਵੇਲੇ ਦੋ ਥਾਵਾਂ (ਯੂਕ੍ਰੇਨ ਅਤੇ ਮਿਡਲ ਈਸਟ) ਵਿੱਚ ਵੰਡੀ ਹੋਈ ਹੈ। ਜੇਕਰ ਚੀਨ ਨੂੰ ਲੱਗਦਾ ਹੈ ਕਿ ਅਮਰੀਕਾ ਤੀਜਾ ਮੋਰਚਾ ਖੋਲ੍ਹਣ ਦੀ ਹਿੰਮਤ ਨਹੀਂ ਕਰੇਗਾ, ਤਾਂ ਉਹ ‘ਰਿਸਕ’ ਲੈ ਸਕਦਾ ਹੈ।

Loading