ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਅਤੇ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਭਾਰਤ ਦੇ ਵੱਖ- ਵੱਖ ਰਾਜਾਂ ਵਿੱਚ ਕਈ ਕਿਸਮ ਦਾ ਵਿਤਕਰਾ, ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਇੱਕ ਸਿੱਖ ਟਰੱਕ ਡਰਾਇਵਰ ਦੀ ਉਥੋਂ ਦੀ ਪੁਲਿਸ ਦੇ ਮੁਲਾਜ਼ਮ ਬਹੁਤ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਇਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਸਿੱਖ ਟਰੱਕ ਡਰਾਇਵਰ ਦੀ ਪੱਗ ਵੀ ਉਤਾਰ ਦਿੱਤੀ ਜਾਂਦੀ ਹੈ ਅਤੇ ਸਿਰ ਦੇ ਕੇਸ ਖਿਲਾਰ ਦਿੱਤੇ ਜਾਂਦੇ ਹਨ। ਇਹ ਸਿੱਖ ਡਰਾਇਵਰ ਵਾਰ ਵਾਰ ਹੱਥ ਜੋੜ ਕੇ ਉਸ ਦੀ ਕੁੱਟਮਾਰ ਨਾ ਕਰਨ ਲਈ ਕਹਿ ਰਿਹਾ ਹੈ ਪਰ ਪੁਲਿਸ ਮੁਲਾਜ਼ਮ ਉਸ ਦੀ ਲਗਾਤਾਰ ਕੁੱਟਮਾਰ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਹੋਰ ਵੀਡੀਓ ਅਨੁਸਾਰ ਭਾਰਤ ਦੇ ਇੱਕ ਸੂੁਬੇ ਵਿੱਚ ਆਪਣੀ ਮਾਂ ਨਾਲ ਮੋਟਰ ਸਾਈਕਲ ’ਤੇ ਜਾ ਰਹੇ ਇੱਕ ਸਿੱਖ ਨੌਜਵਾਨ ਨੂੰ ਹਿੰਦੂ ਪੁਲਿਸ ਮੁਲਾਜ਼ਮ ਜਬਰਦਸਤੀ ਰੋਕ ਲੈਂਦੇ ਹਨ ਅਤੇ ਉਸ ਨੂੰ ਜਬਰਦਸਤੀ ਥਾਣੇ ਲੈ ਕੇ ਜਾਣ ਦਾ ਯਤਨ ਕਰਦੇ ਹਨ। ਇਹ ਸਿੱਖ ਨੌਜਵਾਨ ਆਪਣਾ ‘ਆਈ ਕਾਰਡ’ ਪੁਲਿਸ ਮੁਲਾਜ਼ਮਾਂ ਨੂੰ ਦਿਖਾਉਂਦਾ ਹੈ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਛੱਡ ਦਿੰਦੇ ਹਨ। ਅਸਲ ਵਿੱਚ ਇਹ ਸਿੱਖ ਨੌਜਵਾਨ ਭਾਰਤੀ ਫ਼ੌਜ ਦਾ ਮੁਲਾਜ਼ਮ ਹੈ ਅਤੇ ਸਿੱਖ ਰਜਮੈਂਟ ਵਿੱਚ ਭਰਤੀ ਹੈ। ਜੇ ਇਹ ਸਿੱਖ ਨੌਜਵਾਨ ਆਪਣਾ ਭਾਰਤੀ ਫ਼ੌਜ ਦਾ ‘ਆਈ ਕਾਰਡ’ ਨਾ ਦਿਖਾਉਂਦਾ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦੀ ਵੀ ਕੁੱਟਮਾਰ ਕੀਤੇ ਜਾਣ ਦੀ ਸੰਭਾਵਨਾ ਸੀ।
ਪੰਜਾਬ ਤੋਂ ਵੱਡੀ ਗਿਣਤੀ ਸਿੱਖ ਸ਼ਰਧਾਲੂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅਕਸਰ ਹੀ ਸਿੱਖ ਸ਼ਰਧਾਲੂਆਂ ਨਾਲ ਉਥੋਂ ਦੇ ਲੋਕਾਂ ਵੱਲੋਂ ਕੁੱਟਮਾਰ ਕਰਨ, ਬਦਸਲੂਕੀ ਕਰਨ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਉਥੋਂ ਦੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਸ਼ਰਾਰਤੀ ਅਨਸਰਾਂ ਤੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਰਕੇ ਇਹਨਾਂ ਦੇ ਹੌਂਸਲੇ ਬਹੁਤ ਵੱਧ ਗਏ ਹਨ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ ਸਿੱਖ ਸ਼ਰਧਾਲੂਆਂ ਦੇ ਵਾਹਨਾਂ ’ਤੇ ਲੱਗੇ ਝੰਡਿਆਂ ਅਤੇ ਪੋਸਟਰਾਂ ਦਾ ਬਹਾਨਾ ਲਗਾ ਕੇ ਵੀ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਭਾਰੀ ਜੁਰਮਾਨੇ ਕਰਨ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਹਨ। ਜਿਸ ਕਾਰਨ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਰਹੀ ਹੈ।
ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ, ਇਹ ਐਨ.ਆਰ.ਆਈ.ਪੰਜਾਬੀ ਅਕਸਰ ਪੰਜਾਬ ਆਉਂਦੇ ਜਾਂਦੇ ਰਹਿੰਦੇ ਹਨ। ਪੰਜਾਬ ਤੋਂ ਹਰ ਦਿਨ ਵੱਡੀ ਗਿਣਤੀ ਕਾਰਾਂ ਅਤੇ ਟੈਕਸੀਆਂ ਦਿੱਲੀ ਦੇ ਏਅਰਪੋਰਟ ’ਤੇ ਜਾਂਦੀਆਂ ਹਨ। ਇਹਨਾਂ ਟੈਕਸੀਆਂ ਦੇ ਚਾਲਕ ਅਕਸਰ ਦੋਸ਼ ਲਗਾਉਂਦੇ ਹਨ ਕਿ ਦਿੱਲੀ ਵਿੱਚ ਦਿੱਲੀ ਦੀ ਪੁਲਿਸ ਵੱਲੋਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਨਿੱਕੇ ਨਿੱਕੇ ਬਹਾਨੇ ਲਗਾ ਕੇ ਰਿਸ਼ਵਤ ਮੰਗੀ ਜਾਂਦੀ ਹੈ ਜਾਂ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਦਿੱਲੀ ਪੁਲਿਸ ਵੱਲੋਂ ਇਹਨਾਂ ਟੈਕਸੀ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਨਾਲ ਇਹਨਾਂ ਵਿੱਚ ਬੈਠੇ ਐਨ.ਆਰ.ਆਈ.ਪੰਜਾਬੀ ਵੀ ਪ੍ਰੇਸ਼ਾਨ ਹੁੰਦੇ ਹਨ।
ਭਾਰਤ ਦੇ ਵੱਖ- ਵੱਖ ਰਾਜਾਂ ਵਿੱਚ ਰਹਿੰਦੇ ਸਿੱਖਾਂ ਨੇ ਉਹਨਾਂ ਰਾਜਾਂ ਦੀ ਤਰੱਕੀ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਜਿਹੜੇ ਸਿੱਖ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਧਾਰਮਿਕ ਯਾਤਰਾ ਜਾਂ ਕੰਮ ਧੰਦੇ ਜਾਂ ਸੈਰ ਸਪਾਟੇ ਲਈ ਜਾਂਦੇ ਹਨ ਉਹ ਵੀ ਉਥੇ ਖੁੱਲ੍ਹਾ ਖਰਚ ਕਰਦੇ ਹਨ, ਜਿਸ ਕਾਰਨ ਦੂਜੇ ਰਾਜਾਂ ਦੇ ਲੋਕਾਂ ਨੂੰ ਚੰਗੀ ਆਮਦਨੀ ਹੁੰਦੀ ਹੈ ਅਤੇ ਉਹਨਾਂ ਰਾਜਾਂ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ ਹੈ। ਇਸ ਦੇ ਬਾਵਜੂਦ ਦੂਜੇ ਰਾਜਾਂ ਵਿੱਚ ਸਿੱਖਾਂ ਨੂੰ ਅਕਸਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਾਰਨ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸਿੱਖ ਅਕਸਰ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰਦੇ ਹਨ।
ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਕਈ ਵਾਰ ਕਹਿ ਚੁੱਕੇ ਹਨ ਕਿ ਭਾਰਤ ਵਿੱਚ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਅਤੇ ਭਾਰਤ ਵਿੱਚ ਸਿੱਖਾਂ ਨਾਲ ਲਗਾਤਾਰ ਧੱਕੇਸ਼ਾਹੀਆਂ ਹੋ ਰਹੀਆਂ ਹਨ। ਸ੍ਰ. ਮਾਨ ਇਸੇ ਕਾਰਨ ਸਿੱਖਾਂ ਲਈ ਵੱਖਰੀ ਸਟੇਟ ਦੀ ਮੰਗ ਕਰਦੇ ਰਹਿੰਦੇ ਹਨ। ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਕਾਰਨ ਅਕਸਰ ਪੰਜਾਬ ਸਮੇਤ ਦੇਸ਼ ਵਿਦੇਸ਼ ਦੇ ਅਨੇਕਾਂ ਸਿੱਖ ਆਗੂ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਕਰਦੇ ਹਨ। ਜਿਹੜੇ ਸਿੱਖਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਹਨ, ਉਹ ਵੀ ਇਹ ਗੱਲ ਸੋਚਦੇ ਹਨ ਕਿ ਜੇ ਉਹਨਾਂ ਦਾ ਆਪਣਾ ਦੇਸ਼ ਹੋਵੇ ਤਾਂ ਘੱਟੋ ਘੱਟ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਤਾਂ ਨਾ ਹੋਣ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਚੱਲੀ ਖਾੜਕੂ ਲਹਿਰ ਦਾ ਇੱਕ ਕਾਰਨ ਸਿੱਖਾਂ ਨਾਲ ਦੂਜੇ ਰਾਜਾਂ ਵਿੱਚ ਹੁੰਦੀਆਂ ਧੱਕੇਸ਼ਾਹੀਆਂ ਵੀ ਸਨ।
ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸਿੱਖਾਂ ਨਾਲ ਹੁੰਦੀਆਂ ਵਧੀਕੀਆਂ, ਧੱਕੇਸ਼ਾਹੀਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਵੇ ਅਤੇ ਸਬੰਧਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਇਆ ਜਾਵੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਵੱਖ- ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ।