ਦੇਰ ਨਾਲ ਮਿਲਿਆ ਤੇ ਅਧੂਰਾ ਇਨਸਾਫ਼

In ਸੰਪਾਦਕੀ
February 27, 2025
ਦਿੱਲੀ ਦੀ ਇੱਕ ਅਦਾਲਤ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਹੱਤਿਆ ਦੇ ਕੇਸ ’ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2.4 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਸਵੰਤ ਸਿੰਘ ਦੀ ਪਤਨੀ ਤੇ ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਉਸ (ਸੱਜਣ ਕੁਮਾਰ) ਦੀ ਵਡੇਰੀ ਉਮਰ ਤੇ ਬਿਮਾਰੀ ਕਾਰਨ ਮੌਤ ਦੀ ਸਜ਼ਾ ਦੀ ਥਾਂ ਘੱਟ ਸਜ਼ਾ ਦਿੱਤੀ ਗਈ ਹੈ। ਫਿਰ ਵੀ ਦੰਗਈ ਭੀੜ ਦੇ ਸਰਗਨੇ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਨ, ਉਸ ਨੂੰ ਕਤਲ ਤੇ ਲੁੱਟਮਾਰ ਦਾ ਦੋਸ਼ੀ ਠਹਿਰਾਉਣ ਅਤੇ ਉਮਰ ਕੈਦ ਦੀ ਸਜ਼ਾ ਦਾ ਭਾਗੀ ਬਣਾਉਣ ਦੀ ਲੰਮੀ ਜੱਦੋ-ਜਹਿਦ ਲਈ ਸ਼ਿਕਾਇਤ ਕਰਤਾ ਤੇ ਮਕਤੂਲ ਜਸਵੰਤ ਸਿੰਘ ਦੀ ਪਤਨੀ ਅਤੇ ਇਸ ਕਾਨੂੰਨੀ ਲੜਾਈ ਵਿੱਚ ਮਦਦ ਦੇਣ ਵਾਲੇ ਵਕੀਲਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਅਜਿਹੇ ਕਤਲੇਆਮ ਦੇ ਜ਼ਖ਼ਮ ਸ਼ਾਇਦ ਕਦੇ ਵੀ ਨਹੀਂ ਭਰੇ ਜਾ ਸਕਦੇ ਪਰ ਸਮੇਂ ਨਾਲ ਲੋਕ ਇਨ੍ਹਾਂ ਨਾਲ ਸਿੱਝਣਾ ਤੇ ਜਿਊਣਾ ਸਿੱਖ ਲੈਂਦੇ ਹਨ।ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਦੇ ਫ਼ੈਸਲੇ ਨਾਲ ਚਾਰ ਦਹਾਕਿਆਂ ਤੋਂ ਇਨਸਾਫ਼ ਦੀ ਆਸ ਵਿੱਚ ਬੈਠੇ ਪੀੜਤ ਪਰਿਵਾਰਾਂ ਨੂੰ ਕੁਝ ਹੱਦ ਤੱਕ ਧਰਵਾਸ ਮਿਲੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ ਦਾ ਸਵਾਗਤ ਕੀਤਾ ਪਰ ਇਸ ਨੂੰ ਦੇਰ ਨਾਲ ਮਿਲਿਆ ਤੇ ਅਧੂਰਾ ਇਨਸਾਫ਼ ਆਖਿਆ ਹੈ। ਸਿੱਖ ਸੰਸਥਾ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉੱਚ ਅਹੁਦੇ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਭੂਮਿਕਾ ਬਾਰੇ ਵੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਪੀੜਤ ਧਿਰ ਨੂੰ ਇਨਸਾਫ਼ ਲੈਣ ਲਈ 40 ਸਾਲ ਦਾ ਸਮਾਂ ਲੱਗ ਗਿਆ ਅਤੇ ਸਿੱਖ ਜਥੇਬੰਦੀਆਂ ਅਨੁਸਾਰ ਹੁਣ ਜਦੋਂ ਇਨਸਾਫ਼ ਦਿੱਤਾ ਵੀ ਗਿਆ ਹੈ ਤਾਂ ਅਧੂਰਾ ਦਿੱਤਾ ਗਿਆ ਹੈ। ਸਿੱਖ ਜਥੇਬੰਦੀਆਂ ਅਨੁਸਾਰ ਸੱਜਣ ਕੁਮਾਰ ਨੇ ਜੋ ਜੁਰਮ ਅਤੇ ਜ਼ੁਲਮ ਕੀਤੇ ਹਨ, ਉਸ ਲਈ ਉਸ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। ਸਿੱਖ ਦੰਗਾ ਪੀੜਤਾਂ ਅਤੇ ਸਿੱਖ ਜਥੇਬੰਦੀਆਂ ਨੇ ਮਾਣਯੋਗ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਭਾਰਤ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਨਿਆਂ ਬਹੁਤ ਦੇਰ ਨਾਲ ਮਿਲਦਾ ਹੈ, ਜਿਸ ਦਾ ਸਬੂਤ ਉਪਰੋਕਤ ਮਾਮਲੇ ਤੋਂ ਵੀ ਮਿਲ ਜਾਂਦਾ ਹੈ। ਕਰੀਬ 40 ਸਾਲ ਤੋਂ ਵੱਧ ਸਮੇਂ ਤੋਂ ਸਿੱਖ ਕਤਲੇਆਮ ਦੇ ਪੀੜਤ ਇਨਸਾਫ਼ ਮੰਗ ਰਹੇ ਸਨ ਤਾਂ ਹੁਣ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ। ਭਾਵੇਂ ਕਿ ਅਜੇ ਵੀ ਬਹੁਤ ਸਾਰੇ ਮਾਮਲੇ ਅਜਿਹੇ ਹਨ, ਜਿਹਨਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਹੀ ਨਹੀਂ ਮਿਲੀ। ਇੱਥੋਂ ਤੱਕ ਕਿ ਕਈ ਥਾਂਵਾਂ ’ਤੇ ਤਾਂ ਸਿੱਖਾਂ ਦੇ ਕਾਤਲਾਂ ਵਿਰੁੱਧ ਮਾਮਲੇ ਵੀ ਦਰਜ਼ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ ਸਾਲ 1984 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਸ ਨੂੰ ਸਿੱਖ ਨਸਲਕੁਸ਼ੀ ਕਿਹਾ ਜਾਂਦਾ ਹੈ। ਇਸ ਨਸਲਕੁਸ਼ੀ ਵਿੱਚ ਹਜ਼ਾਰਾਂ ਤੋਂ ਵੱਧ ਸਿੱਖ ਮਾਰੇ ਗਏ ਸਨ। ਹੈਰਾਨੀ ਅਤੇ ਵੱਡੇ ਦੁੱਖ ਦੀ ਗੱਲ ਹੈ ਕਿ ਸਿੱਖ ਨਸਲਕੁਸ਼ੀ ਦੇ ਪੀੜਤ ਅਜੇ ਵੀ ਨਿਆਂ ਲਈ ਭਟਕ ਰਹੇ ਹਨ ਭਾਵੇਂ ਕਿ ਉਪਰੋਕਤ ਮਾਮਲੇ ਸਮੇਤ ਕੁਝ ਮਾਮਲਿਆਂ ਵਿੱਚ ਦੋਸ਼ੀਆਂ ਸਜ਼ਾ ਵੀ ਹੋਈ ਹੈ। ਅਕਸਰ ਕਿਹਾ ਜਾਂਦਾ ਹੈ ਕਿ ਦੇਰ ਨਾਲ ਦਿੱਤਾ ਗਿਆ ਨਿਆਂ ਵੀ ਅਨਿਆਂ ਹੀ ਹੁੰਦਾ ਹੈ। ਵੱਖ- ਵੱਖ ਸਿੱਖ ਆਗੂ ਕਹਿ ਰਹੇ ਹਨ ਕਿ ਸੱਜਣ ਕੁਮਾਰ ਤੋਂ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਸਮੇਤ ਹੋਰ ਸਾਰੇ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ ਅਜੇ ਵੀ ਰਿਸਦੇ ਹਨ। ਪੀੜਤ ਤਾਂ ਇਹ ਵੀ ਮੰਗ ਕਰ ਰਹੇ ਹਨ ਕਿ ਸੱਜਣ ਕੁਮਾਰ ਦੀ ਜਾਇਦਾਦ ਵੀ ਕੇਸ ਵਿੱਚ ਅਟੈਚ ਕਰਨੀ ਚਾਹੀਦੀ ਸੀ। ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਇਸ ਦਾ ਸਿਹਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਤਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਇਆ ਜਾਂਦਾ ਰਿਹਾ ਅਤੇ ਉਹਨਾਂ ਨੂੰ ਉੱਚ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ ਪਰ ਇਹ ਭਾਜਪਾ ਸਰਕਾਰ ਸਮੇਂ ਹੀ ਸੰਭਵ ਹੋਇਆ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਰਹੀਆਂ ਹਨ। ਦੂਜੇ ਪਾਸੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਮਾਣਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਸ ਦਾ ਸਿਆਸੀ ਲਾਭ ਲੈਣ ਦਾ ਯਤਨ ਨਹੀਂ ਕੀਤਾ ਜਾਣਾ ਚਾਹੀਦਾ। ਸੱਜਣ ਕੁਮਾਰ ਨੂੰ ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਭਾਰਤ ਵਿੱਚ ਨਿਆਂ ਦਾ ਚੱਕਰ ਭਾਵੇਂ ਮੱਠੀ ਚਾਲ ਚੱਲਦਾ ਹੈ, ਪਰ ਚੱਲਦਾ ਜ਼ਰੂਰ ਹੈ। ਸੱਜਣ ਕੁਮਾਰ ਨੂੰ ਮਿਲੀ ਸਜ਼ਾ ਤੋਂ ਬਾਅਦ ਹੁਣ ਆਸ ਬਣ ਗਈ ਹੈ ਕਿ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਜਲਦੀ ਹੀ ਮਾਣਯੋਗ ਅਦਾਲਤ ਵੱਲੋਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਤਾਂ ਕਿ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।

Loading