ਦੇਸ਼ ਵਿੱਚ ਮਰਦਮਸ਼ੁਮਾਰੀ ਅਗਲੇ ਸਾਲ ਦੇ ਸ਼ੁਰੂ ’ਚ

In ਮੁੱਖ ਖ਼ਬਰਾਂ
October 29, 2024
ਨਵੀਂ ਦਿੱਲੀ, 29 ਅਕਤੂਬਰ: ਮਰਦਮਸ਼ੁਮਾਰੀ ਦੀ ਮਸ਼ਕ (ਜੋ ਦਹਾਕੇ ਬਾਅਦ ਕੀਤੀ ਜਾਂਦੀ ਹੈ) ਤੇ ਕੌਮੀ ਜਨ ਸੰਖਿਆ ਰਜਿਸਟਰ (ਐੱਨਪੀਆਰ) ਨਵਿਆਉਣ ਦਾ ਕੰਮ ਅਗਲੇ ਸਾਲ 2025 ਤੋਂ ਸ਼ੁਰੂ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਇਸ ਮਸ਼ਕ ਦੇ ਅੰਕੜੇ (ਡੇਟਾ) 2026 ਤੱਕ ਐਲਾਨੇ ਜਾਣਗੇ ਤੇ ਨਤੀਜੇ ਵਜੋਂ ਭਵਿੱਖੀ ਜਨਗਣਨਾ ਚੱਕਰ ਪੂਰੀ ਤਰ੍ਹਾਂ ਬਦਲ ਜਾਵੇਗਾ। ਉਂਝ ਆਮ ਜਨਗਣਨਾ ਦੇ ਨਾਲ ਹੀ ਜਾਤੀ ਜਨਗਣਨਾ ਕਰਵਾਉਣ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ। ਸਾਲ 1951 ਤੋਂ ਹਰੇਕ ਦਹਾਕੇ ਬਾਅਦ ਦੇਸ਼ ਦੀ ਵਸੋਂ ਦੀ ਗਿਣਤੀ ਕੀਤੀ ਜਾਂਦੀ ਹੈ ਪਰ ਸਾਲ 2021 ਵਿਚ ਕੋਵਿਡ-19 ਮਹਾਮਾਰੀ ਕਰਕੇ ਮਰਦਮਸ਼ੁਮਾਰੀ ਦਾ ਕੰਮ ਨਹੀਂ ਹੋ ਸਕਿਆ। ਹੁਣ ਤੱਕ ਇਸ ਮਸ਼ਕ ਦੇ ਅਗਲੇ ਸ਼ਡਿਊਲ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਸਰਕਾਰ ਦੀ ਯੋਜਨਾਬੰਦੀ ਤੋਂ ਜਾਣੂ ਸਰੋਤਾਂ ਨੇ ਕਿਹਾ, ‘‘ਸੰਭਾਵੀ ਤੌਰ ’ਤੇ ਜਨਗਣਨਾ ਤੇ ਐੱਨਪੀਆਰ ਦਾ ਕੰਮ ਅਗਲੇ ਸਾਲ ਤੋਂ ਸ਼ੁਰੂ ਹੋ ਸਕਦਾ ਹੈ ਤੇ ਜਨਸੰਖਿਆ ਡੇਟਾ ਦਾ ਐਲਾਨ 2026 ਵਿਚ ਕੀਤਾ ਜਾਵੇਗਾ। ਇਸ ਨਾਲ ਮਰਦਮਸ਼ੁਮਾਰੀ ਦਾ ਚੱਕਰ ਬਦਲੇ ਜਾਣ ਦੇ ਆਸਾਰ ਹਨ। ਇਸ ਲਈ ਇਹ 2025-2035 ਤੇ ਮਗਰੋਂ 2035-2045 ਤੇ ਭਵਿੱਖ ਵਿਚ ਇਸੇ ਤਰ੍ਹਾਂ ਚੱਲਦਾ ਜਾਵੇਗਾ।’’ ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਨੇ ਇਸ ਪੂਰੇ ਅਮਲ ਦੌਰਾਨ ਨਾਗਰਿਕਾਂ ਨੂੰ ਪੁੱਛੇ ਜਾਣ ਲਈ 31 ਸਵਾਲ ਤਿਆਰ ਕੀਤੇ ਹਨ। ਵਿਰੋਧੀ ਧਿਰ ਕਾਂਗਰਸ ਤੇ ਆਰਜੇਡੀ ਸਣੇ ਹੋਰ ਸਿਆਸੀ ਪਾਰਟੀਆਂ ਵੱਲੋਂ ਆਮ ਜਨਗਣਨਾ ਦੇ ਨਾਲ ਹੀ ਜਾਤੀ ਜਨਗਣਨਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਦੇੇਸ਼ ਵਿਚ ਓਬੀਸੀ ਵਸੋਂ ਦੀ ਕੁੱਲ ਗਿਣਤੀ ਦਾ ਪਤਾ ਲੱਗ ਸਕੇ। ਸੂਤਰ ਨੇ ਕਿਹਾ, ‘‘ਸਰਕਾਰ ਨੇ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।’’ ਉਂਝ ਇਹ ਵੀ ਦੇਖਣਾ ਹੋਵੇਗਾ ਕਿ ਸਰਕਾਰ ਹੱਦਬੰਦੀ ਅਮਲ, ਜੋ 2026 ਵਿਚ ਬਕਾਇਆ ਹੈ, ਨੂੰ ਜਨਗਣਨਾ ਡੇਟਾ ਪ੍ਰਕਾਸ਼ਿਤ ਕਰਨ ਤੋਂ ਬਾਅਦ ਸ਼ੁਰੂ ਕਰਦੀ ਹੈ ਜਾਂ ਨਹੀਂ।

Loading