ਦੋਗਾਣਾ-ਸ਼ੈਲੀ ਦਾ ਹਸਤਾਖ਼ਰ ਹਰਚਰਨ ਗਰੇਵਾਲ

ਭੋਲਾ ਸਿੰਘ ਸ਼ਮੀਰੀਆ : ਅਖਾੜਾ ਸ਼ੈਲੀ ਦਾ ਮੁੱਢਲਾ ਹਸਤਾਖਰ ਹਰਚਰਨ ਗਰੇਵਾਲ ਸੀ ਜੋ ਇਸ ਸ਼ੈਲੀ ਨੂੰ ਸਿਖਰ ਵੱਲ ਲੈ ਕੇ ਗਿਆ। ਹਰਚਰਨ ਸਿੰਘ ਗਰੇਵਾਲ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਦਾ ਹੈ। ਦੇਸ਼ ਦੀ ਵੰਡ ਸਮੇਂ ਇਸ ਪਰਿਵਾਰ ਨੇ ਇੱਧਰ ਚੜ੍ਹਦੇ ਪੰਜਾਬ ਵਿੱਚ ਆ ਡੇਰੇ ਲਾਏ। ਉਸ ਦਾ ਜਨਮ ਪਹਿਲੀ ਅਕਤੂਬਰ 1930 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 76 ਵਿਖੇ ਗੌਹਰ ਸਿੰਘ ਗਰੇਵਾਲ ਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਦੇਸ਼ ਦੀ ਵੰਡ ਸਮੇਂ ਹਰਚਰਨ ਸਿੰਘ ਦੀ ਉਮਰ ਤਕਰੀਬਨ 17 ਸਾਲਾਂ ਸੀ। ਚੜ੍ਹਦੇ ਪੰਜਾਬ ਵਿੱਚ ਇਸ ਪਰਿਵਾਰ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਮਾਲਪੁਰ ਵਿਖੇ ਆ ਧੂਣਾ ਲਾਇਆ। ਇਸ ਪਰਿਵਾਰ ਦੀ ਗੁਰੂੂੁ ਘਰ ਪ੍ਰਤੀ ਬਹੁਤ ਸ਼ਰਧਾ ਸੀ। ਉਸ ਦੇ ਪਿਤਾ ਗੌਹਰ ਸਿੰਘ ਗਰੇਵਾਲ ਤੇ ਗੌਹਰ ਸਿੰਘ ਦਾ ਭਰਾ ਗੁਰਮੁਖ ਸਿੰਘ ਗਰੇਵਾਲ ਗੁਰੂ ਘਰ ਦੇ ਪਾਠੀ ਵੀ ਸਨ ਤੇ ਦੋਵੇਂ ਭਰਾ ਕੀਰਤਨ ਵੀ ਕਰਿਆ ਕਰਦੇ ਸਨ। ਜਮਾਲਪੁਰ ਵਿੱਚ ਇਸ ਪਰਿਵਾਰ ਨੂੰ ਜ਼ਮੀਨ ਅਲਾਟ ਹੋਣ ਕਰਕੇ ਇਨ੍ਹਾਂ ਨੇ ਇੱਥੇ ਹੀ ਪੱਕੇ ਡੇਰੇ ਲਾ ਲਏ। ਹਰਚਰਨ ਗਰੇਵਾਲ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸ਼ੁਰੂ ਸ਼ੁਰੂ ਵਿੱਚ ਉਸ ਨੇ ਹਲ਼ ਵੀ ਵਾਹਿਆ ਤੇ ਟਰੱਕ ਡਰਾਇਵਰੀ ਵੀ ਕੀਤੀ। 1950 ਵਿੱਚ ਉਸ ਦਾ ਵਿਆਹ ਵਰਿਆਮ ਸਿੰਘ ਚੀਮਾ ਦੀ ਪੁੱਤਰੀ ਸੁਰਜੀਤ ਕੌਰ ਨਾਲ ਹੋਇਆ। ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਨਾਲ ਹਰਚਰਨ ਗਰੇਵਾਲ ਦੀ ਮਿਲਣੀ ਇੱਕ ਢਾਬੇ ’ਤੇ ਰੋਟੀ ਖਾਂਦਿਆ ਹੋਈ। ਹਰਚਰਨ ਗਰੇਵਾਲ ਨੂੰ ਗਾਉਣ ਦਾ ਸ਼ੌਕ ਹੋਣ ਕਾਰਨ, ਉਹ ਰੋਟੀ ਖਾਣ ਸਮੇਂ ਗਾਉਣ ਲੱਗ ਪਿਆ। ਗੁਰਦੇਵ ਸਿੰਘ ਮਾਨ ਨੂੰ ਉਸ ਦੀ ਆਵਾਜ਼ ਬਹੁਤ ਵਧੀਆ ਲੱਗੀ। ਫ਼ਿਰ ਉਨ੍ਹਾਂ ਦੀ ਨੇੜਤਾ ਵਧ ਗਈ। ਗੁਰਦੇਵ ਮਾਨ ਉਸ ਨੂੰ ਆਪਣੇ ਨਾਲ ਸਟੇਜਾਂ ’ਤੇ ਲਿਜਾਣ ਲੱਗਾ। ਫ਼ਿਰ ਗੁਰਦੇਵ ਸਿੰਘ ਮਾਨ ਉਸ ਨੂੰ ਜਸਵੰਤ ਭੰਵਰਾ ਕੋਲ ਲੈ ਗਿਆ। ਭੰਵਰਾ ਦੀ ਜੌਹਰੀ ਅੱਖ ਹੀਰਾ ਪਛਾਣ ਲੈਂਦੀ ਸੀ। ਹਰਚਰਨ ਗਰੇਵਾਲ ਨੇ ਭੰਵਰੇ ਨੂੰ ਆਪਣਾ ਉਸਤਾਦ ਧਾਰ ਲਿਆ ਤੇ ਪੱਕੇ ਤੌਰ ’ਤੇ ਉਸ ਦੇ ਚਰਨੀਂ ਜਾ ਲੱੱਗਿਆ। ਗੁਰਦੇਵ ਮਾਨ ਨੇ ਹੀ ਹਰਚਰਨ ਗਰੇਵਾਲ ਨੂੰ ਲੋਕ ਸੰਪਰਕ ਵਿਭਾਗ ਵਿੱਚ ਭਰਤੀ ਕਰਵਾਇਆ। ਗਰੇਵਾਲ ਦੀ ਆਵਾਜ਼ ਵਿੱਚ ਕਾਫ਼ੀ ਨਿਖਾਰ ਆ ਚੁੱਕਾ ਸੀ। ਫ਼ਿਰ ਭੰਵਰਾ ਨੇ ਹਰਚਰਨ ਗਰੇਵਾਲ ਦਾ ਰਾਜਿੰਦਰ ਰਾਜਨ ਨਾਲ ਸੈੱਟ ਬਣਾ ਕੇ ਬਾਕਾਇਦਾ ਅਖਾੜਾ ਕਲਚਰ ਨਾਲ ਨਾਤਾ ਜੋੜ ਲਿਆ। ਹਰਚਰਨ ਗਰੇਵਾਲ ਨੇ ਯੂ.ਪੀ. ਵਿੱਚ ਪੀਲੀਭੀਤ ਦੇ ਲਾਗੇ 35 ਏਕੜ ਜ਼ਮੀਨ ਖ਼ਰੀਦ ਲਈ ਸੀ। ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਨੇ ਇਸ ਕਲਾਕਾਰ ਦੀ ਸਮੁੱਚੀ ਜ਼ਿੰਦਗੀ ਬਾਰੇ ਇੱਕ ਕਿਤਾਬ ਲਿਖ ਕੇ ਇਸ ਕਲਾਕਾਰ ਦੀਆਂ ਪ੍ਰਾਪਤੀਆਂ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਅਜਿਹੇ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਸਾਂਭਣਾ ਆਉਣ ਵਾਲੀ ਪੀੜ੍ਹੀ ਲਈ ਅਗਵਾਈ-ਕਦਮ ਸਾਬਤ ਹੋ ਸਕਦੇ ਹਨ। ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜ ਰਤਨੀ ਦੇ ਜ਼ਿਆਦਾ ਸੇਵਨ ਨਾਲ ਇਹ ਮਹਾਨ ਹਸਤੀ 1990 ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਈ, ਪਰ ਉਹ ਆਪਣੀ ਦਿਲਕਸ਼ ਆਵਾਜ਼ ਨਾਲ ਅਮਰ ਹੋ ਚੁੱਕਾ ਹੈ।

Loading