ਦੰਦਾਂ ਦੇ ਡਾਕਟਰ ਤੇ ਉਸ ਦੀ ਪਤਨੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਪਤੀ ਗ੍ਰਿਫ਼ਤਾਰ

In ਅਮਰੀਕਾ
January 13, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇਲੀਨੋਇਸ, ਉਹਾਈਓ ਵਿੱਚ ਦੰਦਾਂ ਦੇ ਡਾਕਟਰ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਵਿੱਚ ਹੀ ਹੋਈ ਹੱਤਿਆ ਦੇ ਮਾਮਲੇ ਵਿੱਚ ਡਾਕਟਰ ਮਾਈਕਲ ਡੇਵਿਡ ਮੈਕੀ ਨੂੰ ਗ੍ਰਿਫ਼ਤਾਰ ਕੀਤਾ ਹੈ,ਜੋ ਕਿ ਮੋਨੀਕ ਟੇਪੇ ਦਾ ਸਾਬਕਾ ਪਤੀ ਹੈ। ਮੋਨੀਕ ਤੇ ਮੈਕੀ ਦਾ ਵਿਆਹ ਬਹੁਤ ਥੋੜਾ ਸਮਾਂ ਕਾਇਮ ਰਿਹਾ ਸੀ ਤੇ ਕੋਈ ਦਹਾਕਾ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਮੈਕੀ ਇਲੀਨੋਇਸ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ ਉਸ ਵਿਰੁੱਧ ਦੋ ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਮੈਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਕੁਝ ਮਿੰਟਾਂ ਦੀ ਸੁਣਵਾਈ ਉਪਰੰਤ ਉਸ ਨੂੰ ਵਾਪਿਸ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।
ਮੈਕੀ ਦੇ ਵਕੀਲ ਨੇ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ ਤੇ ਇਸ ਸਬੰਧੀ ਉਹ ਛੇਤੀ ਅਪੀਲ ਦਾਇਰ ਕਰੇਗਾ। ਇਥੇ ਜ਼ਿਕਰਯੋਗ ਹੈ ਕਿ ਟੇਪੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵੇਲੇ ਉਨ੍ਹਾਂ ਦੇ ਦੋ ਛੋਟੇ ਬੱਚੇ ਵੀ ਘਰ ਵਿੱਚ ਮੌਜੂਦਾ ਸਨ, ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ।

Loading