ਜਗਜੀਤ ਸਿੰਘ ਲੋਹਟਬਦੀ:
ਜਿਊਦਿਆਂ ਦੇ ਮੇਲੇ ਅੰਗ ਸੰਗ ਰਹਿੰਦੇ ਹਨ ਅਤੇ ਵਿੱਛੜ ਗਿਆਂ ਦੀਆਂ ਯਾਦਾਂ ।ਮੂਲ ਤੱਤ 'ਹੈ' ਅਤੇ 'ਸੀ' ਦਾ ਹੁੰਦੈ ।ਜੀਵਨ ਧਾਰਾ 'ਅੱਜ' ਦੀ ਨਿਰੰਤਰਤਾ ਵਿਚ ਵਹਿੰਦੀ ਰਹਿੰਦੀ ਹੈ; ਬੀਤਿਆ 'ਕੱਲ੍ਹ' ਅਤੀਤ ਦੀ ਬੁੱਕਲ ਵਿਚ ਛੁਪ ਜਾਂਦਾ ਹੈ । ਲੰਘੇ ਪਲਾਂ ਵਿਚੋਂ ਉਪਜੀ ਕੋਈ ਚਾਨਣ ਦੀ ਲੀਕ ਅਕਸਰ ਅੰਬਰ ਨੂੰ ਰੌਸ਼ਨ ਕਰ ਦਿੰਦੀ ਹੈ, ਜਦੋਂ ਕਿ ਹਨੇਰੇ ਪੱਖ ਦਾ ਕੋਈ ਪੂਰ ਸਾਨੂੰ ਘਨਘੋਰ ਅੰਧਕਾਰ ਦੀ ਸਰਦਲ 'ਤੇ ਲਿਆ ਖੜ੍ਹਾ ਕਰਦੈ ।ਗੁਜ਼ਰੀਆਂ ਹੋਈਆਂ ਘੜੀਆਂ ਚੇਤਿਆਂ ਦੀ ਚੰਗੇਰ ਵਿਚ ਵਸ ਜਾਂਦੀਆਂ ਹਨ; 'ਭਵਿੱਖ' ਦਾ ਵਾਸਾ ਸਮੇਂ ਦੇ ਗਰਭ ਵਿਚ ਹੁੰਦਾ ਹੈ ।ਦੋਵਾਂ ਤੋਂ ਵੱਖਰੀ ਚਾਲ ਦਾ ਸੂਚਕ ਹੈ-'ਵਰਤਮਾਨ' । ਵਰਤਮਾਨ ਹੀ ਐਸਾ ਖਿਣ ਹੈ, ਜਿਹੜਾ ਰੰਗਲੀ ਦੁਨੀਆ ਦੇ ਸੁਪਨਿਆਂ ਸਾਹਵੇਂ ਖਲ੍ਹਾਰ ਕੇ ਸੁਨੇਹਾ ਦਿੰਦੈ : ਮਹਿਰਮਾ! ਤਵਾਰੀਖੀ ਸਚਾਈ ਤੇਰੇ ਸਾਹਮਣੇ ਖੜ੍ਹੀ ਐ, ਰੰਗਾਂ ਦੀ ਮਹਿਫ਼ਿਲ ਦਾ ਆਨੰਦ ਮਾਣ ਲੈ ਕੱਲ੍ਹ ਕਿਸੇ ਨਹੀਂ ਵੇਖਿਆ ।
ਜ਼ਿੰਦਗੀ ਜੀਵਨ ਕਲਾ ਦਾ ਨਾਂਅ ਹੈ ।ਜੋ ਸਬਕ ਕਿਤਾਬਾਂ ਵਿਚੋਂ ਨਹੀਂ ਮਿਲਦੇ, ਉਹ ਜ਼ਿੰਦਗੀ ਦੀ ਚਿੱਤਰਪਟ 'ਤੇ ਉੱਕਰੇ ਮਿਲਦੇ ਹਨ । ਮੁਲਾਇਮ ਪਾਸਾ ਦੇਖੋਗੇ ਤਾਂ ਸੁਹਾਵਣਾ ਲੱਗੇਗਾ; ਖਰ੍ਹਵਾ ਬੰਨਾ ਨਿਰਾਸ਼ ਕਰੇਗਾ ।ਕਠੋਰ ਅਧਿਆਪਕ ਦਾ ਦਰਜਾ ਮਿਲਿਆ ਹੋਇਐ, ਜ਼ਿੰਦਗੀ ਨੂੰ। ਸਿਖਾਏ ਬਿਨਾਂ ਮਰਨ ਵੀ ਨਹੀਂ ਦਿੰਦੀ ।ਜੱਗ ਜੰਕਸ਼ਨ ਰੇਲਾਂ ਦਾ ।ਮਿਲਾਪ ਤੇ ਵਿਛੋੜਾ ਸਕੀਆਂ ਭੈਣਾਂ ਨੇ । ਮੇਲ-ਜੋਲ ਦੇ ਲਮਹੇ ਸਦੀਵੀ ਸਕੂਨ ਬਖ਼ਸ਼ਦੇ ਹਨ, ਪਰ ਜੁਦਾਈ ਦਾ ਹੇਰਵਾ ਮਨਾਂ ਵਿਚ ਘਰ ਕਰ ਜਾਂਦੈ । ਦਿਲਾਂ ਦੀ ਉਦਾਸੀ ਬਾਕੀ ਦੇ ਖ਼ੈਰ-ਸੁੱਖਾਂ ਨੂੰ ਢਕ ਲੈਂਦੀ ਹੈ । ਫਿਰ ਮਾਣਕ ਦੀ ਹੇਕ ਰੂਹ ਨੂੰ ਟੁੰਬਦੀ ਲੱਗਦੀ ਹੈ: 'ਮਿਲੇ ਦੀਆਂ ਲੱਖ ਖੁਸ਼ੀਆਂ, ਤੁਰ ਗਏ ਦੀ ਉਦਾਸੀ ਏ।
ਓਸ਼ੋ ਜ਼ਿੰਦਗੀ ਨੂੰ ਧੰਨਭਾਗ ਆਖਦੈ: ਜ਼ਿੰਦਗੀ ਅਟੱਲ ਜਾਂ ਅਖੀਰ ਨਹੀਂ, ਇਹ ਨਦੀ ਦੀ ਵਗਦੀ ਨਿਰੰਤਰ ਧਾਰਾ ਹੈ ।ਜਾਣਿਆਂ-ਪਛਾਣਿਆਂ ਰਾਹਵਾਂ ਤੋਂ ਅਣਦਿਸਦੇ ਦਿਸਹੱਦਿਆਂ ਵੱਲ ਦਾ ਸਫ਼ਰ।ਫਿਰ ਭਵਿੱਖ ਦੀ ਚਿੰਤਾ ਕਿਉਂ? ਜਦੋਂ ਸਾਹਮਣੇ ਆਵੇਗਾ, ਸਿੱਝ ਲਵਾਂਗੇ । ਸਾਰਾਂਸ਼ ਇਹ ਹੈ ਕਿ ਜਿਹੜੀਆਂ ਨੜਿੱਨਵੇਂ ਪ੍ਰਤੀਸ਼ਤ ਘਟਨਾਵਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ, ਉਹ ਵਾਪਰਨੀਆਂ ਹੀ ਨਹੀਂ ਹੁੰਦੀਆਂ ।ਫਿਰ ਇਕ ਫੀਸਦ ਬਾਰੇ ਸੋਚਣਾ ਤਾਂ ਨਿਰੀ ਮੂਰਖਤਾ ਹੈ।
ਦੋ-ਧਾਰੀ ਤਲਵਾਰ ਹੈ ਜ਼ਿੰਦਗੀ ।ਹੱਸਦੇ ਹਾਂ ਤਾਂ ਨਾਲ ਹੱਸਦੀ ਹੈ; ਰੋਂਦੇ ਹਾਂ ਤਾਂ ਰੱਜ ਕੇ ਰੁਲਾਉਂਦੀ ਹੈ । ਉਦਾਸ ਮਨ ਢਲਦੇ ਪਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ, ਪਰ ਖੁਸ਼ਮਿਜਾਜ਼ ਦਿਲ ਢਲਦੇ ਸੂਰਜ ਦੀ ਲਾਲੀ ਨੂੰ ਦੇਖ ਕੇ ਤਰੰਗਮਈ ਹੋ ਜਾਂਦਾ ਹੈ ਕਿ ਮਹਿਫ਼ਿਲ ਤਾਂ ਸ਼ੁਰੂ ਹੀ ਸ਼ਾਮ ਨੂੰ ਹੁੰਦੀ ਐ ।ਫਿਰ ਨਿਰਾਸ਼ਤਾ ਮਨ ਦੇ ਚਾਵਾਂ ਨੂੰ ਖੋਰਾ ਨਹੀਂ ਲਾਉਂਦੀ ਅਤੇ ਜ਼ਿੰਦਾਦਿਲੀ ਆਉਣ ਵਾਲੀ ਚਾਂਦੀ-ਰੰਗੀ ਸਵੇਰ ਦੀ ਸੂਚਕ ਬਣ ਜਾਂਦੀ ਹੈ ।ਹਨੇਰਿਆਂ ਨੂੰ ਰੁਸ਼ਨਾਉਣ ਅਤੇ ਆਫ਼ਤਾਂ ਨਾਲ ਆਢਾ ਲਾਉਣ ਨੂੰ ਗ਼ਜ਼ਲਗੋ ਗੁਰਦਿਆਲ ਰੌਸ਼ਨ ਜਿਉਂਦੇ ਹੋਣ ਦਾ ਪ੍ਰਮਾਣ ਪੱਤਰ ਦੱਸਦਾ ਹੈ:
ਮੁਸ਼ਕਿਲਾਂ ਦੇ ਨਾਲ ਮੇਰਾ ਰਾਬਤਾ ਬਣਿਆ ਰਹੇ
ਜ਼ਿੰਦਗੀ, ਮੈਂ ਤੇਰੇ ਨਾਲ ਜੂਝਦਾ ਹੀ ਠੀਕ ਹਾਂ ।
ਜ਼ਿੰਦਗੀ ਵਲਵਲਿਆਂ ਦਾ ਵੇਗ ਹੈ-ਅਰੋਕ ਅਮੁੱਕ ਅਨੰਤ । ਕਈ ਵਾਰ ਓਪਰੇ ਰਾਹਵਾਂ 'ਤੇ ਚਲਦੇ ਰਾਹਗੀਰ ਵੀ ਆਪਣੇ ਲੱਗਦੇ ਹਨ । ਅਚਾਨਕ ਬਣੇ ਰਿਸ਼ਤਿਆਂ ਦੀ ਖੂਬਸੂਰਤੀ ਉਸ ਮੇਲ-ਜੋਲ ਦੀ ਤਸਵੀਰ ਨੂੰ ਸਾਲਾਂ-ਬੱਧੀ ਯਾਦਾਂ ਦੇ ਚੌਖਟੇ ਵਿਚ ਸੰਭਾਲੀ ਰੱਖਦੀ ਹੈ | ਸਫ਼ਰ ਕਰਦਿਆਂ ਕਈ ਵਾਰ ਕੁਝ ਅਜਿਹੇ ਚਿਹਰੇ ਜ਼ਿਹਨ ਵਿਚ ਵੱਸ ਜਾਂਦੇ ਹਨ, ਜਿਹੜੇ ਭੁਲਾਇਆਂ ਨਹੀਂ ਭੁੱਲਦੇ । ਉਹ ਤੁਹਾਡੇ ਵਿਚੋਂ ਆਪਣੇ ਵਿੱਛੜੇ ਪਿਆਰਿਆਂ ਦਾ ਸਿਰਨਾਵਾਂ ਲੱਭਦੇ ਹਨ । ਕਿਸੇ ਪਲ ਦੀ ਯਾਦ ਸਾਂਝੀ ਕਰਨੀ ਉਨ੍ਹਾਂ ਲਈ ਜਿਊਾਦੇ ਜੀਅ ਮੇਲਾ ਬਣ ਜਾਂਦੀ ਹੈ ।ਸਬੱਬ ਬਣਿਆ, ਕੈਨੇਡਾ ਦੇ ਵੱਡੇ ਸਟੋਰ 'ਵਾਲਮਾਰਟ' 'ਤੇ ਜਾਣ ਦਾ । ਅਚਾਨਕ ਇਕ ਖੂੰਜੇ ਤੋਂ ਆਈ ਆਵਾਜ਼ ਨੇ ਧਿਆਨ ਖਿੱਚ ਲਿਆ:
ਸਰਦਾਰ ਜੀ,ਸਤਿ ਸ੍ਰੀ ਅਕਾਲ।ਮੈਂ ਹੈਰਾਨ!
ਘਬਰਾਓ ਨਾ।ਤੁਹਾਡੇ ਗੁਆਂਢੀ ਹੀ ਤਾਂ ਹਾਂ।ਚਿਤਵਣੀ ਹੋਰ ਵੱਧ ਗਈ ।ਅਜਨਬੀ ਚਿਹਰਾ ਜੁ ਸੀ ।
ਮੈਂ ਜਮਸ਼ੇਰ ਰਾਣਾ।ਰਾਵਲਪਿੰਡੀ ਤੋਂ।ਸੰਤਾਲੀ ਦੇ ਵਿੱਛੜੇ ਅੱਜ ਮਿਲੇ ਹਾਂ। ਮੈਂ ਅਵਾਕ ਉਸ ਦੇ ਮੂੰਹ ਵੱਲ ਵੇਖ ਰਿਹਾ ਸਾਂ ।
ਅੱਬਾ ਜਾਨ ਦੱਸਦੇ ਹੁੰਦੇ ਸੀ।ਗੁਆਂਢ ਵਿਚ ਸਰਪੰਚਾਂ ਦਾ ਘਰ ਸੀ ।ਮੁਹਾਂਦਰਾ ਹੂਬਹੂ ਤੁਹਾਡੇ ਨਾਲ ਮਿਲਦਾ, ਜੁਲਦਾ।ਮੈਨੂੰ ਲੱਗਿਆ ਅੱਜ ਦਹਾਕਿਆਂ ਬਾਅਦ ।ਮੇਰਾ ਗੁਆਂਢੀ ਮਿਲ ਗਿਐ। ਅਣਜਾਣਪੁਣੇ ਵਿਚ ਗੁਆਚੇ ਰਿਸ਼ਤਿਆਂ ਦੀ ਚੀਸ ਵਤਨ ਦੀ ਮਿੱਟੀ ਤੋਂ ਆਏ ਕਿਸੇ ਅਗਿਆਤ ਸ਼ਖ਼ਸ ਨੂੰ ਮਿਲ ਕੇ ਮਲ੍ਹਮ ਦਾ ਫਹਿਆ ਬਣ ਜਾਂਦੀ ਹੈ ।
ਯਾਦ ਹੈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ 'ਪਹੁਤਾ ਪਾਂਧੀ'? ਮੇਜਰ ਸਾਬ੍ਹ ਜੋ 'ਪੇ-ਮਰਿਆਂ' ਦੇ ਫ਼ਸਟ ਕਲਾਸ ਕੋਚ ਨੂੰ ਛੱਡ ਤੀਜੇ ਦਰਜੇ ਦੇ ਖਚਾਖਚ ਭਰੇ ਡੱਬੇ ਵਿਚ ਆ ਬੈਠੇ ਸਨ । ਆਪਣੇ ਰੰਗਲੇ ਸੁਭਾਅ ਕਾਰਨ ਸਭ ਦੇ ਚਹੇਤੇ ਹੋ ਨਿੱਬੜੇ ।ਵਿੱਛੜਣ ਵੇਲੇ ਮੇਲਾ ਲੁੱਟ ਕੇ ਲੈ ਗਏ ਸਨ ਤੇ ਡੱਬਾ ਭਾਂ ਭਾਂ ਕਰਨ ਲੱਗ ਗਿਆ ਸੀ । ਅਸਮਾਨੀ ਬਿਜਲੀ ਵਾਂਗ ਚਮਕੀ ਕੋਈ ਅਜਨਬੀ ਰੂਹ ਸਾਲਾਂ ਬੱਧੀ ਚੇਤਿਆਂ ਵਿਚ ਵਸ ਕੇ ਜ਼ਿੰਦਗੀ ਦੀ ਸਾਰਥਿਕਤਾ ਸਮਝਾ ਜਾਂਦੀ ਹੈ ਅਤੇ ਇਤਰ ਵਿਚ ਭਿੱਜੀਆਂ ਪੌਣਾਂ ਦੀ ਮਹਿਕ ਦਿਲਾਂ ਨੂੰ ਰੁਸ਼ਨਾਉਂਦੀ ਰਹਿੰਦੀ ਹੈ ।
ਮਿੱਤਰੋ! ਯੁੱਗ ਪਦਾਰਥਵਾਦੀ ਹੋ ਗਿਐ । ਗੱਲ ਜਰ੍ਹਬਾਂ ਤਕਸੀਮਾਂ 'ਤੇ ਆ ਕੇ ਰੁਕ ਜਾਂਦੀ ਐ । ਮੇਲਾ ਫਿੱਕਾ ਲੱਗਣ ਲੱਗ ਪੈਂਦੈ । ਚਮਕਦੀਆਂ ਧਾਤਾਂ ਦੀ ਚਕਾਚੌਂਧ ਨੇ ਮਿਲਾਪ ਦੀਆਂ ਘੜੀਆਂ ਦੀ ਲੋਅ ਮੱਧਮ ਕਰ ਦਿੱਤੀ ਹੈ ।ਜਹਾਨ 'ਤੇ ਆਇਆ ਮਨੁੱਖ ਸਿਕੰਦਰ ਬਣਨ ਦੇ ਚੱਕਰਵਿਊ ਵਿਚ ਫਸਿਐ । ਮਨ ਵਿਚੋਂ ਵਿਸਰ ਜਾਂਦਾ: 'ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖ਼ਾਨਾ' । ਸਿਰਫ਼ ਆਉਣ ਜਾਣ ਦਾ ਸਬੱਬ ਹੈ | ਸਿ੍ਸ਼ਟੀ ਇਸ ਜਜ਼ੀਰੇ ਤੇ ਪੱਕੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੀ | ਨਾ ਹੀ ਜੰਨਤ ਦੇ ਬੂਹੇ 'ਤੇ ਖੜ੍ਹਾ ਦਰਬਾਨ ਝੋਲੀਆਂ ਭਰ ਕੇ ਅੰਦਰ ਜਾਣ ਦੀ ਰਜ਼ਾਮੰਦੀ ਦਰਸਾਉਂਦੈ । ਫਿਰ ਝੋਰਾ ਕਿਸ ਗੱਲ ਦਾ? ਖਾਲੀ ਹੱਥ ਆਏ ਸੀ, ਫਿਰ ਖਾਲੀ ਹੱਥ ਜਾਣ 'ਤੇ ਇਤਰਾਜ਼ ਕਿਉਂ? ਕਿਉਂ ਰੋਜ਼ਾਨਾ ਦੇ ਵਹੀ ਖਾਤਿਆਂ 'ਤੇ ਯਾਰਾਂ ਬੇਲੀਆਂ ਦੀ ਲੰਮੀ ਫਹਿਰਿਸਤ ਦਰਜ ਨਹੀਂ ਹੁੰਦੀ । ਭੁਲੱਕੜ ਮਨ ਭੁੱਲ ਜਾਂਦੈ ਕਿ ਦੁਨੀਆ ਦੇ ਰੰਗ ਤਮਾਸ਼ੇ ਵੇਖਣ ਲਈ ਹੀ ਤਾਂ ਸੰਸਾਰ ਸਾਜਿਆ ਹੈ । ਤਾਹੀਓਂ ਤਾਂ ਰੰਗਲੇ ਸੰਸਾਰ ਤੋਂ ਵਿੱਛੜਨ ਨੂੰ ਦਿਲ ਨਹੀਂ ਕਰਦਾ ।ਫਿਰ ਕਿਉਂ ਨਾ ਹਰ ਦਿਨ ਤੀਆਂ ਵਰਗਾ ਗੁਜ਼ਰੇ ਅਤੇ ਰਾਤ, ਸੁਹਾਗ-ਰਾਤ ਵਰਗੀ? ਨਵੀਂ ਸਵੇਰ ਦੀਆਂ ਕਿਰਨਾਂ ਨੂੰ ਖੁਸ਼-ਆਮਦੀਦ ਕਹੀਏ ਅਤੇ ਅੰਤਰ-ਧਿਆਨ ਹੋ ਕੇ ਸੋਚੀਏ-ਪ੍ਰੋ. ਮੋਹਨ ਸਿੰਘ ਵਾਂਗ:
ਕੀ ਹੋਇਆ ਜੇ ਬੂਹੇ ਪੂਰੇ ਖੁੱਲ੍ਹੇ ਨਾ
ਝੀਥਾਂ ਵਿਚੋਂ ਰੌਸ਼ਨੀਆਂ ਤਾਂ ਆਈਆਂ ਨੇ ।
ਨਾਮਵਰ ਜਾਪਾਨੀ ਲੇਖਕ ਤੋਸੀਕਾਜੂ ਕਾਵਾਗੁਚੀ ਜ਼ਿੰਦਗੀ ਨੂੰ ਸੁਰਾਂਗਲੀ ਬਣਾਉਣ ਦੀ ਜੁਗਤ ਦੱਸਦੈ ।ਉਸ ਦਾ ਮੱਤ ਹੈ ਕਿ ਸਮਾਂ ਉਡਾਰੀਆਂ ਮਾਰ ਰਿਹੈ ਅਤੇ ਵਰਤਮਾਨ ਤੁਹਾਨੂੰ ਨੀਝ ਨਾਲ ਦੇਖ ਰਿਹੈ ।ਪਿਛਲੀਆਂ ਗ਼ਲਤੀਆਂ ਭੁਲਾਉਣ ਨਾਲ ਅਣਕਹੇ ਬੋਲਾਂ ਦੀ ਜ਼ੁਬਾਨ ਰਸਵੰਤੀ ਹੋ ਜਾਂਦੀ ਹੈ । ਕਿਸੇ ਨਾਲ ਸੰਵਾਦ ਨਾ ਰਚਾਉਣ ਅਤੇ ਆਪਣੇ ਮਨ ਦੇ ਕਪਾਟ ਨਾ ਖੋਲ੍ਹਣ ਨਾਲ ਪਛਤਾਵਾ ਹੀ ਪੱਲੇ ਪੈਂਦਾ ਹੈ । ਮੁਆਫ਼ ਕਰਨ ਦਾ ਮਤਲਬ ਹੈ-ਰਿਸਦੇ ਜ਼ਖ਼ਮਾਂ 'ਤੇ ਲੇਪ ਲਾਉਣਾ । ਅਤੀਤ ਨੂੰ ਅਹਿਮੀਅਤ ਦੇਣੀ ਬੇਸ਼ਕੀਮਤੀ ਹੈ, ਪਰ ਦੇਖਿਓ ਕਿਤੇ ਤੁਹਾਡੇ 'ਹੁਣ' ਨੂੰ ਬੀਤੇ ਦਾ ਗ੍ਰਹਿਣ ਨਾ ਲੱਗ ਜਾਵੇ । ਧਰਤੀ 'ਤੇ ਆਮਦ ਦਾ ਉਦੇਸ਼ ਹੈ-ਮੁਹੱਬਤੀ ਰੂਹਾਂ ਦਾ ਸੰਗ! ਹੈ ਨਾ ਜ਼ਿੰਦਗੀ ਜਿਊਣ ਦੀ ਸਟੀਕ ਮਿਸਾਲ?
ਪਰਵਾਸ ਦੇ ਮਸਲਿਆਂ ਨੇ ਜਿਊਔਦੇ ਜੀਆਂ ਦੇ ਮੇਲਿਆਂ ਦਾ ਰੰਗ ਫਿੱਕਾ ਪਾ ਦਿੱਤੈ | ਆਪਣੇ ਹੱਥੀਂ ਤੋਰੇ ਪਿਆਰਿਆਂ ਦੇ ਵਿੱਛੜਨ ਵੇਲੇ ਫਿਰ ਤੋਂ ਮਿਲਣ ਦੀਆਂ ਆਸਾਂ ਦੀ ਡੋਰ ਟੁੱਟਦੀ ਜਾਪਦੀ ਹੈ । ਸਿੱਕਿਆਂ ਦੀ ਟੁਣਕਾਰ ਸਾਹਮਣੇ, ਮਿਲਾਪ ਦੀਆਂ ਘੜੀਆਂ ਦੂਰ ਹੁੰਦੀਆਂ ਲੱਗਦੀਆਂ ਨੇ । ਸੁਪਨਿਆਂ ਨਾਲ ਸਜਾਈਆਂ ਮਹਿਲ-ਮਾੜੀਆਂ ਸੱਖਣੀਆਂ ਹੋਣ 'ਤੇ ਵੱਢ ਵੱਢ ਖਾਂਦੀਆਂ ਹਨ ।ਖਾਲੀ ਤਬੇਲਿਆਂ ਵਿਚ ਸੁਣਾਈ ਦਿੰਦੀ ਕਬੂਤਰਾਂ ਦੀ ਗੁਟਰਗੂੰ ਵਿਰਲਾਪ ਨੂੰ ਕਈ ਗੁਣਾਂ ਵਧਾ ਦਿੰਦੀ ਹੈ ।ਘਰਾਂ ਦੀਆਂ ਛੱਤਾਂ 'ਤੇ ਬਣੇ ਹਵਾਈ ਜਹਾਜ਼ ਅਤੇ ਬਲਦਾਂ ਦੀਆਂ ਜੋੜੀਆਂ ਜਿਵੇਂ ਆਪਣੀ ਹੋਣੀ 'ਤੇ ਝੂਰਦੀਆਂ ਹੋਣ।
ਰਿਸ਼ਤਿਆਂ ਦੀ ਤਿੜਕਣ ਨੇ ਮੇਲਿਆਂ ਦੀ ਆਤਮਾ ਨੂੰ ਝੰਜੋੜ ਦਿੱਤੈ । ਲੋਕ ਭਲੇ ਵੇਲਿਆਂ ਨੂੰ ਯਾਦ ਕਰਨ ਲੱਗਦੇ ਨੇ ।ਕਦੇ ਖੁਸ਼ੀ ਗ਼ਮੀ ਪਿੰਡ ਵਿਚ ਆਇਆ ਤੀਜਾ ਤੇਰ੍ਹਵਾਂ ਵੀ ਮੇਲੀ ਲੱਗਦਾ ਸੀ ।ਆਦਮੀ ਸੁੰਗੜ ਜਿਹਾ ਗਿਐ ਤੇ ਨਾਲ ਰਿਸ਼ਤੇ ਵੀ ।ਥਾਣੇ ਕਚਹਿਰੀਆਂ ਇਸ ਦੀ ਸ਼ਾਹਦੀ ਭਰਦੇ ਨੇ । ਬਿਰਧ ਆਸ਼ਰਮਾਂ ਦੀਆਂ ਚਾਰਦੀਵਾਰੀਆਂ ਵਿਚ ਪਤਾ ਨਹੀਂ ਕਿੰਨੇ ਕੁ ਹਉਕੇ-ਹਾਵੇ ਦਫ਼ਨ ਹੋ ਕੇ ਰਹਿ ਜਾਂਦੇ ਨੇ । ਵੱਟਾਂ ਦੀ ਵੰਡ ਨੇ ਦਿਲਾਂ ਵਿਚ ਵੀ ਲਕੀਰ ਖਿੱਚ ਦਿੱਤੀ ਆ । ਹੁਣ ਮਜਲਿਸਾਂ ਭਾਈਆਂ ਬਾਂਝ ਵੀ ਸੋਂਹਦੀਆਂ ਨੇ ਗੁੱਟ 'ਤੇ ਬੰਨ੍ਹੀ ਰੱਖੜੀ ਵਿਚੋਂ ਮੁਹੱਬਤ ਦੀ ਖੁਸ਼ਬੂ ਨਹੀਂ ਆਉਂਦੀ ।ਸੱਖਣੇ ਖੂਹ ਵਿਚੋਂ ਆਪਣੀ ਆਵਾਜ਼ ਹੀ ਵਾਪਸ ਮੁੜ ਆਉਂਦੀ ਹੈ । ਆਦਮੀ ਇਕੱਲਾ ਹੋ ਗਿਐ-ਭਰੇ ਮੇਲੇ ਵਿਚ ਇਕੱਲਾ! ਨਵੀਂ ਪੀੜ੍ਹੀ ਦੀਆਂ ਪੁੰਗਰਦੀਆਂ ਕਰੂੰਬਲ਼ਾਂ ਨੂੰ ਹੱਥੀਂ ਜਹਾਜ਼ੇ ਚੜ੍ਹਾ ਆਪ ਵੀ ਵਿਹਲੇ ਹੋ ਗਏ ਹਾਂ, ਪਰ ਵਡੇਰੀ ਪੀੜ੍ਹੀ ਦੀ ਪੀੜ ਸਮਝਣ ਦਾ ਨਾ ਅਹਿਸਾਸ ਹੈ, ਨਾ ਹੀ ਸਮਾਂ । ਅੰਦਰੋਂ ਬਾਹਰੋਂ ਟੁੱਟੇ ਹੋਣ 'ਤੇ ਵੀ ਮਸਨੂਈ ਮੁਸਕਾਨਾਂ ਦੇ ਮੁਖੌਟੇ ਪਾਏ ਹੋਏ ਨੇ:
ਰਿਸ਼ਤੇ ਵਕਤ ਭਾਲਦੇ ਨੇ
ਵਕਤ ਨਾ ਮਿਲੇ, ਤਾਂ ਇਹ
ਟੁੱਟ ਜਾਂਦੇ, ਮੁੱਕ ਜਾਂਦੇ, ਸੁੱਕ ਜਾਂਦੇ
(ਕੁਲਵਿੰਦਰ ਵਿਰਕ)
......ਸ਼ਬਦਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ... । ਨੀਝ ਨਾਲ ਵਾਚੋ ਤਾਂ ਸਾਰਾ ਬ੍ਰਹਿਮੰਡ ਹੀ ਜਿਊਂਦਾ ਜਾਗਦਾ ਮੇਲਾ ਲੱਗਦੈ ।
ਸੋ ਮੇਲੀਓ! ਮੇਲੇ ਦਾ ਆਨੰਦ ਲੈਣ ਲਈ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੋ ।ਰਿਸ਼ਤਿਆਂ ਦੀ ਸੁੱਚਮਤਾ ਨਾਲ ਸੰਸਾਰ ਸੁਹਾਵਣਾ ਜਾਪੇਗਾ । ਥਿਰਕਦੇ ਕਦਮਾਂ ਦੀ ਧਮਾਲ ਨਾਲ ਦਿਲ ਵੀ ਥਿਰਕਦਾ ਰਹੇਗਾ । ਸਿਆਣੇ ਕਹਿੰਦੇ ਨੇ-ਮੇਲੇ ਤਾਂ ਜੱਗ ਜਿਉਂਦਿਆਂ ਦੇ ਹੁੰਦੇ ਨੇ, ਮਗਰੋਂ ਤਾਂ ਮਿੱਟੀ ਮੁੱਠੀ ਵਿਚ ਆ ਜਾਂਦੀ ਐ ।ਕੁਝ ਦੇਰ ਤੱਕ ਤਾਂ ਪਾਣੀ 'ਤੇ ਤੈਰਦੇ ਫੁੱਲਾਂ ਦੇ ਦੀਦਾਰ ਹੁੰਦੇ ਰਹਿੰਦੇ ਨੇ, ਪਰ ਅੱਖ ਦੇ ਫੋਰ ਵਿਚ ਉਹ ਵੀ ਨਜ਼ਰੋਂ-ਓਝਲ ਹੋ ਜਾਂਦੇ ਨੇ...ਫਿਰ ਬੇਵੱਸ ਪ੍ਰਾਣੀ ਵਗਦੇ ਪਾਣੀਆਂ ਨੂੰ ਹੀ ਟਿਕਟਿਕੀ ਲਾ ਕੇ ਦੇਖਦਾ ਰਹਿੰਦੈ..।
![]()
