ਸਿੰਘ ਸਾਹਿਬਾਨ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਲਈ 2 ਦਸੰਬਰ ਨੂੰ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਦੇ ਮੁਖੀ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਮੇਟੀ ਮੈਂਬਰ ਅਤੇ ਨਾਰਾਜ਼ ਧੜੇ ਦੇ ਆਗੂ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਬੀਤੇ ਦਿਨੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਅਤੇ ਜਥੇਦਾਰ ਵਡਾਲਾ ਅਨੁਸਾਰ ਸਿੰਘ ਸਾਹਿਬ ਵਲੋਂ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਗਠਿਤ ਕੀਤੀ 7 ਮੈਂਬਰੀ ਕਮੇਟੀ ਦੁਆਰਾ ਹੀ ਨੇਪਰੇ ਚਾੜ੍ਹੇ ਜਾਣ ਦੇ ਦਿੱਤੇ ਭਰੋਸੇ ਤੋਂ ਕੁਝ ਘੰਟਿਆਂ ਬਾਅਦ ਹੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਸਿੰਘ ਸਾਹਿਬਾਨ ਵਲੋਂ ਦਲ ਦੀ ਭਰਤੀ ਸੰਬੰਧੀ ਜਾਰੀ ਆਦੇਸ਼ ਨੂੰ ਦਰਕਿਨਾਰ ਕਰਕੇ ਭਰਤੀ ਮੁਹਿੰਮ ਬਾਕਾਇਦਾ ਸ਼ੁਰੂ ਕਰ ਦਿੱਤੇ ਜਾਣ ਨਾਲ ਪਿਛਲੇ ਦਿਨੀਂ ਭੁੱਲਾਂ-ਗਲਤੀਆਂ ਬਖਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਤਨਖ਼ਾਹ ਭੁਗਤਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਦਾ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਪੰਥਕ ਹਲਕਿਆਂ ਵਲੋਂ ਇਸ ਨੂੰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਨੂੰ ਚੁਣੌਤੀ ਕਰਾਰ ਦਿੱਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਅਕਾਲੀ ਦਲ (ਬ) ਵਲੋਂ ਆਪਣੇ ਪੱਧਰ 'ਤੇ ਹੀ ਭਰਤੀ ਮੁਹਿੰਮ ਸ਼ੁਰੂ ਕੀਤੇ ਜਾਣ ਨਾਲ ਸਿੰਘ ਸਾਹਿਬਾਨ ਵਲੋਂ ਭਰਤੀ ਲਈ ਗਠਿਤ ਕੀਤੀ 7 ਮੈਂਬਰੀ ਕਮੇਟੀ ਦੀ ਹੋਂਦ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ | ਇਸੇ ਦੌਰਾਨ 7 ਮੈਂਬਰੀ ਕਮੇਟੀ ਦੇ ਮੁਖੀ ਸ: ਹਰਜਿੰਦਰ ਸਿੰਘ ਧਾਮੀ ਤੇ ਨਾਰਾਜ਼ ਧੜੇ ਵਲੋਂ ਕਮੇਟੀ ਦੇ ਮੈਂਬਰ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਕਰੀਬ ਇਕ ਘੰਟਾ ਜਥੇਦਾਰ ਸਾਹਿਬ ਨਾਲ ਅਕਾਲ ਤਖ਼ਤ ਸਕੱਤਰੇਤ ਵਿਖੇ ਮੁਲਾਕਾਤ ਕਰਕੇ ਅਕਾਲੀ ਦਲ (ਬ) ਦੀ ਭਰਤੀ ਪ੍ਰਕਿਰਿਆ ਅਤੇ 7 ਮੈਂਬਰੀ ਕਮੇਟੀ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ ਗਈ ।ਸ਼ੋ੍ਮਣੀ ਕਮੇਟੀ ਪ੍ਰਧਾਨ ਸ: ਧਾਮੀ ਤਾਂ ਮੁਲਾਕਾਤ ਤੋਂ ਬਾਅਦ ਸਕੱਤਰੇਤ ਦੇ ਦੂਜੇ ਦਰਵਾਜ਼ੇ ਰਾਹੀਂ ਬਿਨਾਂ ਮੀਡੀਆ ਨਾਲ ਗੱਲਬਾਤ ਕੀਤੇ ਚਲੇ ਗਏ, ਪਰ ਜਥੇ: ਵਡਾਲਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਨੇ ਸਾਨੂੰ ਦੋਵਾਂ ਕਮੇਟੀ ਮੈਂਬਰਾਂ ਨੂੰ ਮੁੜ ਭਰੋਸਾ ਦਿੱਤਾ ਕਿ ਦਲ ਦੀ ਭਰਤੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਦੇਸ਼ਾਂ ਅਨੁਸਾਰ 7 ਮੈਂਬਰੀ ਕਮੇਟੀ ਦੀ ਨਿਗਰਾਨੀ ਵਿਚ ਹੀ ਹੋਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਪੰਥ ਦੇ ਭਲੇ ਅਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਹੈ।ਜਥੇ: ਵਡਾਲਾ ਨੇ ਦਾਅਵਾ ਕੀਤਾ ਕਿ ਮੁਲਾਕਾਤ ਦੌਰਾਨ ਸ: ਧਾਮੀ ਨੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦਾ ਸਾਰੀਆਂ ਧਿਰਾਂ ਨੂੰ ਇੰਨ-ਬਿੰਨ ਪਾਲਣ ਕਰਨ ਤੇ ਦਲ ਦੀ ਭਰਤੀ ਜਾਰੀ ਆਦੇਸ਼ਾਂ ਅਨੁਸਾਰ 7 ਮੈਂਬਰੀ ਕਮੇਟੀ ਦੀ ਦੇਖ-ਰੇਖ ਵਿਚ ਹੀ ਕੀਤੇ ਜਾਣ ਦੀ ਹਾਮੀ ਭਰੀ ।ਜਥੇ: ਵਡਾਲਾ ਨੇ ਕਿਹਾ ਕਿ ਜੋ ਵੀ ਅਕਾਲੀ ਆਗੂ ਹੁਕਮਨਾਮੇ ਤੋਂ ਆਸੇ-ਪਾਸੇ ਜਾਂ ਆਨਾਕਾਨੀ ਕਰੂਗਾ, ਉਸ ਨੂੰ ਕਦੀ ਵੀ ਸਿੱਖ ਪੰਥ ਤੇ ਸੰਗਤਾਂ ਪ੍ਰਵਾਨ ਨਹੀਂ ਕਰਨਗੀਆਂ।