ਧਾਮੀ ਦੀ ਭਾਰੀ ਜਿੱਤ ਕਿਉਂ ਹੋਈ?, ਨਵੇਂ ਅਕਾਲੀ ਦਲ ਦੀਆਂ ਵੋਟਾਂ ਪਹਿਲਾਂ ਨਾਲੋਂ ਵੀ ਕਿਉਂ ਘਟੀਆਂ?

In ਮੁੱਖ ਖ਼ਬਰਾਂ
November 04, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਹੋਈਆਂ ਚੋਣਾਂ ਦੌਰਾਨ ਹਰਜਿੰਦਰ ਸਿੰਘ ਧਾਮੀ ਭਾਰੀ ਵੋਟਾਂ ਨਾਲ ਫਿਰ ਪ੍ਰਧਾਨ ਬਣ ਗਏ। ਪੰਜਵੀਂ ਵਾਰ ਲਗਾਤਾਰ ਚੁਣੇ ਗਏ ਧਾਮੀ ਨੇ 136 ਵੋਟਾਂ ਵਿੱਚੋਂ 117 ਵੋਟਾਂ ਲੈ ਕੇ ਵੱਡੀ ਜਿੱਤ ਹਾਸਲ ਕੀਤੀ। ਵਿਰੋਧੀ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ਼ 18 ਵੋਟਾਂ ਮਿਲੀਆਂ, ਜਦਕਿ ਇੱਕ ਵੋਟ ਗਲਤ ਗਿਣੀ ਗਈ। ਇਹ ਜਿੱਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੱਡੀ ਰਾਜਨੀਤਿਕ ਸਫਲਤਾ ਹੈ ਅਤੇ ਨਵੇਂ ਅਕਾਲੀ ਦਲ (ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਧੜੇ) ਦੀ ਜਥੇਬੰਦਕ ਕਮਜ਼ੋਰੀ ਵੀ ਸਾਹਮਣੇ ਆਈ ਹੈ, ਕਿਉਂਕਿ ਉਹਨਾਂ ਦੇ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਦਲ ਨਾਲ ਚਲੇ ਗਏ ਸਨ। ਚੋਣਾਂ ਤੋਂ ਬਾਅਦ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਮਾਂ ਪਾਰਟੀ ਵਿੱਚ ਵਾਪਸ ਆਉਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਮਜਬੂਤ ਹੋ ਸਕੇ।”
ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਹੋਇਆ। ਐਸ.ਜੀ.ਪੀ.ਸੀ. ਦੇ ਮੈਂਬਰਾਂ ਵਿੱਚੋਂ ਜ਼ਿਆਦਾਤਰ ਨੇ ਧਾਮੀ ਨੂੰ ਸਮਰਥਨ ਦਿੱਤਾ, ਜੋ ਅਕਾਲੀ ਦਲ ਦੇ ਉਮੀਦਵਾਰ ਸਨ। ਇਹ ਚੋਣਾਂ 2025-26 ਸੈਸ਼ਨ ਲਈ ਹੋਈਆਂ, ਜਿਸ ਵਿੱਚ ਧਾਮੀ ਨੇ ਪਿਛਲੇ ਚਾਰ ਸਾਲਾਂ ਦੇ ਕੀਤੇ ਕੰਮਾਂ ਨੂੰ ਆਧਾਰ ਬਣਾ ਕੇ ਸ੍ਰੋਮਣੀ ਕਮੇਟੀ ਮੈਂਬਰਾਂ ਦਾ ਦਿਲ ਜਿੱਤਿਆ। ਪਿਛਲੇ ਸਾਲ ਵੀ ਧਾਮੀ ਨੂੰ 107 ਵੋਟਾਂ ਮਿਲੀਆਂ ਸਨ, ਜਦਕਿ ਬੀਬੀ ਜਗੀਰ ਕੌਰ ਨੂੰ 33। ਪਰ ਤਾਜ਼ਾ ਜਿੱਤ ਵਿੱਚ ਵੋਟਾਂ ਦਾ ਫ਼ਰਕ ਹੋਰ ਵਧ ਗਿਆ, ਜੋ ਬਾਦਲ ਅਕਾਲੀ ਦਲ ਦੀ ਇਕਜੁਟਤਾ ਤੇ ਸੁਖਬੀਰ ਸਿੰਘ ਬਾਦਲ ਦੀ ਜਥੇਬੰਦਕ ਮਜਬੂਤ ਅਗਵਾਈ ਨੂੰ ਦਰਸਾਉਂਦਾ ਹੈ। ਨਵੇਂ ਅਕਾਲੀ ਦਲ ਦੀ ਇਸ ਹਾਰ ਨੇ ਉਹਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਨਾਲ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ ਦੀ ਪਕੜ ਹੋਰ ਮਜ਼ਬੂਤ ਹੋ ਗਈ ਹੈ।
ਨਵੇਂ ਅਕਾਲੀ ਦਲ ਦੀ ਕਰਾਰੀ ਹਾਰ ਦੇ ਕਾਰਨ
ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਵਾਲਾ ਇਹ ਨਵਾਂ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਆਧਾਰ ਬਣਾ ਕੇ ਬਣਿਆ ਸੀ, ਪਰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਮੁਕਾਬਲਾ ਨਹੀਂ ਕਰ ਸਕੀ। ਨਵੇਂ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਆਪਣੇ ਹੱਕ ਵਿੱਚ ਵਰਤਣਾ ਚਾਹਿਆ, ਪਰ ਮੈਂਬਰਾਂ ਨੂੰ ਇਕਜੁਟ ਨਹੀਂ ਕਰ ਸਕਿਆ। ਨਵਾਂ ਅਕਾਲੀ ਦਲ ਚੋਣ ਚਿੰਨ੍ਹ, ਪਾਰਟੀ ਦਫ਼ਤਰ ਅਤੇ ਵਿੱਤੀ ਮਾਮਲਿਆਂ ਵਿੱਚ ਫਸੇ ਰਹੇ, ਜਿਸ ਨਾਲ ਧਰਾਤਲ ’ਤੇ ਕੰਮ ਨਹੀਂ ਹੋ ਸਕਿਆ। ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਮੁੱਦਿਆਂ ’ਤੇ ਆਵਾਜ਼ ਉਠਾਈ, ਪਰ ਰਾਜਨੀਤਿਕ ਰਣਨੀਤੀ ਘੱਟ ਸੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਇਆ, ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਨਹੀਂ ਕਾਇਲ ਨਹੀਂ ਕਰ ਸਕੇ।
ਨਤੀਜਾ ਇਹ ਹੈ ਕਿ ਨਵਾਂ ਅਕਾਲੀ ਦਲ ਬਾਦਲ ਅਕਾਲੀ ਦਲ ਦੇ ਮੁਕਾਬਲੇ ਵਿੱਚ ਖੜ੍ਹਾ ਨਹੀਂ ਹੋ ਸਕਿਆ। ਉਸ ਦੀ ਹਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਮਜਬੂਤ ਕੀਤਾ ਹੈ। ਸੁਖਬੀਰ ਦੀ ਜਿੱਤ ਦਾ ਕਾਰਨ ਇਹ ਵੀ ਹੈ ਕਿ ਉਸਨੇ ਦਲ ਵਿਚ ਧੜੇਬੰਦੀ ਪੈਦਾ ਨਹੀਂ ਹੋਣ ਦਿੱਤੀ ਤੇ ਭਰੋਸੇਯੋਗ ਚਿਹਰੇ ਧਾਮੀ ਨੂੰ ਅੱਗੇ ਰੱਖਿਆ।
ਜਨਰਲ ਇਜਲਾਸ ਵਿੱਚ ਪਾਸ ਹੋਏ ਪ੍ਰਸਤਾਵ

  • ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਦਰਿਆਵਾਂ ਦੇ ਪਾਣੀ ’ਤੇ ਮੁੱਢਲਾ ਹੱਕ ਹੈ। ਦੂਜੇ ਰਾਜਾਂ ਨੂੰ ਪਾਣੀ ਦੇ ਕਿਸੇ ਵੀ ਗ਼ੈਰ-ਕਾਨੂੰਨੀ ਵਹਾਅ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਨਾਲ ਸਬੰਧਤ ਸਾਰੀਆਂ ਕਾਰਵਾਈਆਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਣਾ ਚਾਹੀਦਾ ਹੈ।
  • ਚੰਡੀਗੜ੍ਹ, ਜੋ ਕਿ ਪੰਜਾਬ ਦੇ ਪਿੰਡਾਂ ਨੂੰ ਢਾਹ ਕੇ ਸਥਾਪਿਤ ਕੀਤਾ ਗਿਆ ਸੀ ਅਤੇ ਰਾਜ ਦੀ ਰਾਜਧਾਨੀ ਹੈ, ਨੂੰ ਪੂਰੀ ਤਰ੍ਹਾਂ ਪੰਜਾਬ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।
  • ਭਾਖੜਾ-ਬਿਆਸ ਪ੍ਰਬੰਧਨ ਬੋਰਡ ਵਿੱਚ ਪੰਜਾਬ ਦਾ ਹਿੱਸਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਆਪਣੀ ਮਨਮਾਨੀ ਬੰਦ ਕਰਨੀ ਚਾਹੀਦੀ ਹੈ।
  • ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਨੀਂਹ ਹੈ। ਖੇਤੀਬਾੜੀ ਨਾਲ ਸਬੰਧਤ ਸਾਰੇ ਫੈਸਲੇ ਪੰਜਾਬ ਅਤੇ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਏ ਜਾਣੇ ਚਾਹੀਦੇ ਹਨ। ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਤੌਰ ‘ਤੇ ਗਰੰਟੀ ਹੋਣੀ ਚਾਹੀਦੀ ਹੈ।
  • ਇੱਕ ਸਰਹੱਦੀ ਰਾਜ ਵਜੋਂ, ਪੰਜਾਬ ਨੂੰ ਇਸਦੇ ਸਰੋਤਾਂ, ਟੈਕਸਾਂ ਅਤੇ ਨੀਤੀਆਂ ‘ਤੇ ਪੂਰਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।
  • ਕੇਂਦਰ ਸਰਕਾਰ ਨੂੰ ਰਾਜਾਂ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਨਿਰਦੇਸ਼ ਦੇਣੇ ਚਾਹੀਦੇ ਹਨ। ਸੰਵਿਧਾਨ ਅਧੀਨ ਸਿੱਖਾਂ ਨੂੰ ਦਿੱਤੇ ਗਏ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਿੱਖ ਵਿਦਿਆਰਥੀਆਂ, ਜਿਨ੍ਹਾਂ ਵਿੱਚ ਕੱਕਾਰਾਂ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ, ਨੂੰ ਪ੍ਰੀਖਿਆ ਦੇਣ ਤੋਂ ਰੋਕਣ ਵਰਗੀਆਂ ਘਟਨਾਵਾਂ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
    ਚੁਣੇ ਗਏ ਨਵੇਂ ਅਹੁਦੇਦਾਰ
    ਸੀਨੀਅਰ ਵਾਈਸ ਪ੍ਰਧਾਨ: ਰਘੂਜੀਤ ਸਿੰਘ ਵੀਰਕ
    ਜੂਨੀਅਰ ਵਾਈਸ ਪ੍ਰਧਾਨ: ਬਲਦੇਵ ਸਿੰਘ ਕਲਿਆਣ
    ਜਨਰਲ ਸੈਕਟਰੀ: ਸ਼ੇਰ ਸਿੰਘ ਮੰਡਵਾਲ
    ਅੰਤਰਿਮ ਕਮੇਟੀ ਵਿੱਚ ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਤੁਗਲਵਾਲਾ, ਗੁਰਪ੍ਰੀਤ ਸਿੰਘ ਝੱਬੜ, ਦਿਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਮੇਜਰ ਸਿੰਘ ਢਿੱਲੋਂ, ਮੰਗਵਿੰਦਰ ਸਿੰਘ ਖਾਪੜਖੇੜੀ, ਜੰਗਬਹਾਦਰ ਸਿੰਘ ਰਾਏ ਆਦਿ ਸ਼ਾਮਲ ਹਨ।
    ਸ੍ਰੋਮਣੀ ਕਮੇਟੀ ਚੋਣਾਂ ਵਿੱਚ ਧਾਮੀ ਦੀ ਜਿੱਤ ਸਮੁੱਚੇ ਖਾਲਸਾ ਪੰਥ ਦੀ ਜਿੱਤ : ਬਾਦਲ
    ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਾਮੀ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਸਿਰਫ਼ ਧਾਮੀ ਦੀ ਨਹੀਂ, ਸਗੋਂ ਸਮੁੱਚੇ ਖਾਲਸਾ ਪੰਥ ਦੀ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੇ ਬੰਦਿਆਂ ਨੇ ਪੂਰੀ ਤਾਕਤ ਲਗਾਈ ਕਿ ਕਿਸੇ ਤਰ੍ਹਾਂ ਖਾਲਸਾ ਪੰਥ ਦੀ “ਸੁਪਰ ਪਾਰਲੀਮੈਂਟ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕੀਤਾ ਜਾਵੇ ਪਰ ਪੰਥਕ ਜੱਥੇਬੰਦੀਆਂ ਅਤੇ ਮੈਂਬਰਾਂ ਨੇ ਡੱਟ ਕੇ ਇਸ ਸਾਜ਼ਿਸ਼ ਦਾ ਮੁਕਾਬਲਾ ਕੀਤਾ ਅਤੇ ਧਾਮੀ ਸਾਹਿਬ ਨੂੰ ਜਿਤਾਇਆ ਹੈ, ਉਹ ਵਧਾਈ ਦੇ ਪਾਤਰ ਹਨ। ਬਾਦਲ ਨੇ ਕਿਹਾ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ ਖ਼ਾਲਸਾ ਪੰਥ ਅਜੇ ਵੀ ਇਕਜੁੱਟ ਹੈ ਅਤੇ ਆਪਣੀਆਂ ਸੰਸਥਾਵਾਂ ਦੀ ਰੱਖਿਆ ਲਈ ਸਦਾ ਤਿਆਰ ਹੈ।

Loading