ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ…

In ਮੁੱਖ ਲੇਖ
October 09, 2025

ਧੀਆਂ ਨਾਲ ਸੰਸਾਰ ਅਗਾੜੀ ਲੈਂਦੈ। ਉਮਰਾਂ ਭਰ ਦੇ ਰਿਸ਼ਤੇ ਜੋੜਦੀਆਂ ਨੇ ਇਹ ਚਿੜੀਆਂ। ਰਿਸ਼ੀ ਮੁਨੀ, ਅਵਤਾਰ ਔਲੀਏ, ਪੀਰ ਪੈਗ਼ੰਬਰਾਂ ਦੀਆਂ ਜਾਈਆਂ ਨੇ।
ਜੁਗਾਂ ਜੁਗਾਤਰਾਂ ਤੋਂ ਦੇਵੀਆਂ ਨੂੰ ਪੂਜਦੇ ਆਏ ਹਾਂ। ਮਨੌਤੀ ਹੈ ਕਿ ਸ੍ਰਿਸ਼ਟੀ ਦੇ ਕਣ ਕਣ ਵਿੱਚ ਪਵਿੱਤਰ ਰੂਹਾਂ ਦਾ ਵਾਸਾ ਹੈ। ਸੰਗੀਤ ਤੋਂ ਲੈ ਕੇ ਤਲਵਾਰ ਵਾਲੀ ਬਾਂਹ ਤੱਕ। ਆਸਰਾ, ਅਸ਼ੀਰਵਾਦ ਓਟਦੇ ਹਾਂ। ਰਹਿਬਰਾਂ ਨੇ ਇਸ ਨੂੰ ਉੱਚਾ ਸੁੱਚਾ ਦਰਜਾ ਦਿੱਤਾ ਹੈ। ਵੈਦਿਕ ਕਾਲ ਵਿੱਚ ਇਹ ਪੂਜਣ ਯੋਗ ਸੀ, ਪਰ ਮੰਨੂ ਦੇ ਸਮੇਂ ਗਿਰਾਵਟ ਆਈ। ‘ਦਾਸੀ’, ‘ਪੈਰ ਦੀ ਜੁੱਤੀ’ ਕਹਿ ਕੇ ਦੁਰਕਾਰਿਆ ਗਿਆ। ਖ਼ਾਲਸੇ ਦੀ ਸਿਰਜਣਾ ਨੇ ਔਰਤ ਨੂੰ ਸਨਮਾਨਯੋਗ ਸਥਾਨ ਦਿੱਤਾ। ਕੌਰ (ਭਾਵ ਸ਼ੇਰਨੀ) ਦੀ ਉਪਾਧੀ ਬਖ਼ਸ਼ੀ। ਭਗਤ ਨਾਮਦੇਵ ਆਪਣੀ ਪਤਨੀ ਨੂੰ ਘਰ ਗੀਹਿਨ ਕਹਿੰਦੇ ਸਨ। ਸਿਆਣੇ ਆਖਦੇ ਨੇ, ਘਰ ਧੀ ਜੰਮਦੀ ਐ ਤਾਂ ਕੁੱਖ ਸੁਲੱਖਣੀ ਅਖਵਾਉਂਦੀ ਹੈ…ਧੀ ਦੇ ਜਨਮ ਨਾਲ ਦਹਿਲੀਜ਼ ਸੁੱਚੀ ਹੋ ਜਾਂਦੀ ਹੈ। ਇਨ੍ਹਾਂ ਕੋਮਲ ਕਲੀਆਂ ਦਾ ਆਗਮਨ ਚੰਗੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਕੁਦਰਤ ਦੀ ਸਵੱਲੀ ਨਜ਼ਰ ਦਾ ਸੂਚਕ ਸਮਝਿਆ ਜਾਂਦਾ ਹੈ।
ਬਾਬਲ ਦੀ ਪਗੜੀ, ਵੀਰਾਂ ਦੀ ਰੱਖੜੀ, ਮਾਵਾਂ ਦੀਆਂ ਅੱਖਾਂ ਦਾ ਨੂਰ ਅਖਵਾਉਂਦੀਆਂ ਨੇ ਕੁੜੀਆਂ। ਜੇ ਪੁੱਤਰ ਮਿੱਠੜੇ ਮੇਵੇ ਹੁੰਦੇ ਨੇ, ਤਾਂ ਧੀਆਂ ਨੂੰ ਵੀ ਮਿਸ਼ਰੀ ਡਲੀਆਂ ਦਾ ਰੁਤਬਾ ਮਿਲਿਆ ਹੋਇਐ! ਮਜ਼੍ਹਬਾਂ ਵਿੱਚ ਇੰਨਾ ਉੱਚਾ ਅਹੁਦਾ ਕਿਆਸੇ ਜਾਣ ’ਤੇ ਵੀ ਧੀਆਂ ਅਬਲਾ ਕਿਉਂ ਨੇ? ਕਿਉਂ ਭਰੀ ਸਭਾ ਵਿੱਚ ਦਰੋਪਦੀ ਦਾ ਚੀਰ ਹਰਨ ਹੁੰਦੈ? ਕਿਉਂ ਸੀਤਾ ਮਾਤਾ ਨੂੰ ਕਿਸੇ ਦੇ ਬੋਲ ਮਾਰਨ ’ਤੇ ਅਗਨੀ ਪ੍ਰੀਖਿਆ ਦੇਣੀ ਪੈਂਦੀ ਐ? ਇਤਿਹਾਸ ਗਵਾਹ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਨਿਚਲਾ ਪਾਏਦਾਨ ਹੀ ਦਿੱਤਾ ਗਿਐ। ਲੂਣਾ ਦੀ ਚਾਹਤ ਹੀ ਉਸ ਲਈ ਕਲੰਕ ਬਣ ਗਈ। ਉਸ ਦੀ ਜਵਾਨੀ ਦੇ ਅਰਮਾਨਾਂ ਨੂੰ ਕਾਮੁਕਤਾ ਦਾ ਚਿੰਨ੍ਹ ਬਣਾ ਦਿੱਤਾ ਗਿਆ। ਸੱਸੀ ਲਈ ਤਪਦੇ ਮਾਰੂਥਲ ਉਸ ਦੀ ਹੋਣੀ ਦੇ ਸਿਤਾਰੇ ਬਣੇ। ਮੋਹ ਭਿੱਜੀ ਸਾਹਿਬਾਂ ਵੱਲੋਂ ਤੀਰ ਤੋੜਨ ਦਾ ਸਿਲ਼ਾ ਉਸ ਨੂੰ ‘ਬੇਵਫ਼ਾ’ ਗਰਦਾਨ ਕੇ ਦਿੱਤਾ ਗਿਆ। ਔਰਤ ਦੀ ਜ਼ਿੰਦਗੀ ਦੇ ਫ਼ੈਸਲੇ ਲੈਣੇ ਸਿਰਫ਼ ਤੇ ਸਿਰਫ਼ ਮਰਦਾਂ ਦੇ ਹਿੱਸੇ ਆਏ ਨੇ। ਮਰਜ਼ੀ ਦੇ ਖ਼ਿਲਾਫ਼ ‘ਸਿਆਲਾਂ ਦੀ ਨੱਢੀ’ ਨੂੰ ਖੇੜਿਆਂ ਦੀ ਡੋਲੀ ਪਾਉਣ ਦਾ ਫ਼ਤਵਾ ਸੁਣਾਇਆ ਗਿਆ ਤਾਂ ਹੀਰ ਮੌਲਵੀ ਨੂੰ ਰੱਬ ਦਾ ਵਾਸਤਾ ਪਾਉਂਦੀ ਐ। ਸੁਣੋ, ਦਮੋਦਰ ਦੀ ਜ਼ੁਬਾਨੀ;
ਤੂੰ ਕਿਉਂ ਜ਼ੋਰੀਂ ਕਰਨੈ ਕਾਜ਼ੀ, ਡਰੇਂ ਖ਼ੁਦਾ ਤੋਂ ਨਾਹੀਂ।
ਨੈਨਾ ਸਾਹਨੀ ਤੰਦੂਰ ਕਾਂਡ ਹੁਣ ਵੀ ਚੇਤਿਆਂ ’ਚ ਗੂੰਜਦੈ। ਕਿਰਨਜੀਤ ਮਹਿਲ ਕਲਾਂ ਨੇ ਦਰਿੰਦਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਤਣੇ ਹੋਏ ਮੁੱਕਿਆਂ ਦੀ ਕਤਾਰ ਬਣਾਈ ਐ। ਧੀਆਂ ਅੱਜ ਵੀ ਇਨਸਾਫ਼ ਲਈ ਸਹਿਕਦੀਆਂ ਨੇ।
ਇਤਿਹਾਸ ਵਾਚੀਏ ਤਾਂ ਲੱਗਦੈ ਕਿ ਨਾਰੀ ਉੱਤੇ ਸਮੇਂ ਦੀ ਸਵੱਲੀ ਨਜ਼ਰ ਕਦੇ ਨਹੀਂ ਪਈ। ਅਨਿਆਂ ਅਤੇ ਠੋਕਰਾਂ ਅੰਗ ਸੰਗ ਰਹੇ ਨੇ। ‘ਸਤੀ’ ਪ੍ਰਥਾ ਨੂੰ ਸਾਡੇ ‘ਪਵਿੱਤਰ’ ਗ੍ਰੰਥ ਵਡਿਆਉਂਦੇ ਰਹੇ ਨੇ। ਪਰਦਾ ਅਤੇ ਦਹੇਜ ਨੂੰ ਅੱਜ ਵੀ ਔਰਤ ਦਾ ‘ਗਹਿਣਾ’ ਮੰਨਿਆ ਜਾਂਦੈ। ਭਰੂਣ ਹੱਤਿਆ ਕੌੜੀ ਸੱਚਾਈ ਹੈ। ਕਿੱਥੇ ਹੈ ਧੀਆਂ ਦਾ ਟਿਕਾਣਾ? ਔਰਤ ਹੀ ਔਰਤ ਦੀ ਨਾਬਰੀ ਕਰਦੀ ਹੈ। ਸਾਇੰਸ ਨੇ ਵਾਕਿਆ ਈ ਬਹੁਤ ਤਰੱਕੀ ਕੀਤੀ ਹੈ।
ਗਾਣਿਆਂ, ਫਿਲਮਾਂ ਅਤੇ ਫੈਸ਼ਨ ਸ਼ੋਆਂ ਨੇ ਡਾਢਾ ਅਕਸ ਵਿਗਾੜਿਆ ਹੈ। ਪਵਿੱਤਰ ਰਿਸ਼ਤਿਆਂ ਨੂੰ ਕਲੰਕਿਤ ਕੀਤਾ ਹੈ। ਫ਼ੁਕਰੇ ਗਾਇਕਾਂ ਨੇ ਸ਼ਰਮ ਵਾਲਾ ਪੱਲਾ ਸਰਕਾ ਦਿੱਤਾ ਹੈ। ‘ਅੱਗ’, ‘ਪੁਰਜ਼ਾ’, ‘ਟੋਟਾ’ ਦੱਸਣ ਵੇਲੇ ਭੁੱਲ ਜਾਂਦੇ ਨੇ ਕਿ ਰੱਖੜੀ ਬਨ੍ਹਾਉਣ ਵੇਲੇ ਕਿਹੜਾ ਵਚਨ ਦਿੱਤਾ ਸੀ। ਪਾਕ ਰਿਸ਼ਤਿਆਂ ਨੂੰ ਇਨ੍ਹਾਂ ਨਾਵਾਂ ਨਾਲ ਨਹੀਂ ਪੁਕਾਰੀਦਾ। ਯਾਦ ਰੱਖੋ, ਤੁਸੀਂ ਮਾਪਿਆਂ ਤੋਂ ਜ਼ਮੀਨਾਂ ਵੰਡਾਉਾਂਦੇਓ ਅਤੇ ਧੀਆਂ ਦੁੱਖ। ਜ਼ਮਾਨਾ ਧੀਆਂ ਨੂੰ ਸਿੱਖਿਆ ਦੇਣ ਦੀਆਂ ਨਸੀਹਤਾਂ ਤਾਂ ਦਿੰਦੈ, ਪਰ ਪੁੱਤਾਂ ਨੂੰ ਨਹੀਂ। ਤ੍ਰਾਸਦੀ ਇੱਥੋਂ ਹੀ ਜਨਮਦੀ ਹੈ।
ਧੀਆਂ ਨੇ ਨਵੇਂ ਮੀਲ ਪੱਥਰ ਗੱਡੇ ਨੇ। ਖਿਦਰਾਣੇ ਦੀ ਢਾਬ ਯਾਦ ਹੈ ਨਾ? ਮਾਈ ਭਾਗੋ ਦੀ ਵੰਗਾਰ ਨੇ ਹੀ ਨਵਾਂ ਇਤਿਹਾਸ ਸਿਰਜਿਆ ਸੀ, ਨਹੀਂ ਤਾਂ ‘ਬੇਦਾਵੇ’ ਦਾ ਦਾਗ ਕਾਲੇ ਅੱਖਰਾਂ ਦਾ ਹਿੱਸਾ ਹੋਣਾ ਸੀ।
ਚਿੜੀਆਂ ਫਿਰ ਤੋਂ ਉਡਾਰੀ ਮਾਰਨ ਲੱਗੀਆਂ ਨੇ। ਸੋਨੇ ਦੇ ਪਿੰਜਰੇ ਨੂੰ ਠੋਕਰ ਮਾਰਨ ਦੇ ਰਾਹ ਪਈਆਂ ਨੇ। ਸ਼ਾਹੀਨ ਬਾਗ਼ ਦੀਆਂ ਦਾਦੀਆਂ, ਨਾਨੀਆਂ ਨੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਉੱਤੇ ਜ਼ਾਲਮਾਨਾ ਸਰਕਾਰੀ ਫ਼ੁਰਮਾਨ ਲਾਗੂ ਨਹੀਂ ਹੁੰਦੇ। ਸਥਾਪਤੀ ਨਾਲ ਸਿੱਧੀ ਟੱਕਰ ਦੀ ਐਸੀ ਮਿਸਾਲ ਘੱਟ ਹੀ ਮਿਲਦੀ ਹੈ। ਗੌਰੀ ਲੰਕੇਸ਼ ਦੀ ਵੰਗਾਰ ਮੂਹਰੇ ਗੁੰਡੇ ਬੇਵੱਸ ਨਜ਼ਰ ਆਏ। ਆਇਸ਼ੀ ਘੋਸ਼, ਅਨੁਪ੍ਰਿਆ ਅਤੇ ਗੁਰਕੀਰਤ ਜਦ ਗਰਜਦੀਆਂ ਹਨ, ਜ਼ਮਾਨਾ ਸਾਹ ਰੋਕ ਕੇ ਸੁਣਦੈ। ਜਾਮੀਆ ਮਿਲੀਆ ਯੂਨੀਵਰਸਿਟੀ ਦੇ ਤੁਗਲਕੀ ਫੁਰਮਾਨ ਕਿ ਕੁੜੀਆਂ ਸ਼ਾਮ ਅੱਠ ਵਜੇ ਤੋਂ ਪਹਿਲਾਂ ਹੋਸਟਲਾਂ ਵਿੱਚ ਵਾਪਸ ਪਰਤਣੀਆਂ ਜ਼ਰੂਰੀ ਹਨ, ਨੂੰ ‘ਪਿੰਜਰਾ ਤੋੜ ਗਰੁੱਪ’ ਨੇ ਤੋੜਿਐ। ਨਤਾਸ਼ਾ ਨਰਵਾਲ, ਦੇਵਾਂਗਨਾ ਕਾਲਿਤਾ ਅਤੇ ਸਫ਼ੂਰਾ ਜ਼ਰਗਰ ਨੇ ਇਸ ਢਾਂਚੇ ਨੂੰ ਤਾਰ ਤਾਰ ਕੀਤੈ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ’ਤੇ ਪੁਲਿਸ ਨੇ ਯੂ.ਏ.ਪੀ.ਏ. ਤਹਿਤ ਕੇਸ ਦਰਜ ਕਰਕੇ ਜੇਲ੍ਹੀਂ ਡੱਕਿਆ। ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਨੇ ਸੱਤਾ ਵਿੱਚ ਬੈਠੇ ਦਰਿੰਦਿਆਂ ਨੂੰ ਲਲਕਾਰਿਆ, ਪਰ ਦਰਿਆਵਾਂ ਦੇ ਵਹਿਣ ਨੂੰ ਕੋਈ ਰੋਕ ਸਕਿਐ?
ਕੁੜੀਆਂ ਸੱਚੀਂ ਮੁੱਚੀਂ ਕਿਸਮਤ ਦੀਆਂ ਪੁੜੀਆਂ ਹੁੰਦੀਆਂ ਨੇ। ਜਿਸ ਘਰ ਦੀ ਡਿਉੜੀ ਨੂੰ ਭਾਗ ਲਾ ਦੇਣ, ਅਮੁੱਲੀਆਂ ਦਾਤਾਂ ਦੀ ਬਰਸਾਤ ਹੁੰਦੀ ਐ। ਮੁੱਢ-ਕਦੀਮੋਂ ਸ੍ਰਿਸ਼ਟੀ ਦੀਆਂ ਸਫ਼ੀਰ ਨੇ…ਕੁਦਰਤ ਦੀਆਂ ਕਰਾਮਾਤਾਂ!

Loading